‘ਦ ਖ਼ਾਲਸ ਬਿਊਰੋ:- ਰਾਜਸਥਾਨ ਦੇ ਜੈਪੁਰ ਤੋਂ ਇੱਕ ਬੇਹੱਦ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੇ ਆਰਥਿਕ ਤੰਗੀ ਦੇ ਚੱਲਦਿਆਂ ਕਥਿਤ ਤੌਰ ਤੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਵਪਾਰੀ ਯਸ਼ਵੰਤ ਸੋਨੀ, ਪਤਨੀ ਮਮਤਾ, ਬੇਟੇ- ਅਜੀਤ ਤੇ ਭਰਤ ਵਜੋਂ ਹੋਈ ਹੈ। ਇਹ ਚਾਰੇ ਵਿਅਕਤੀ ਜੈਪੁਰ ਦੇ ਜਾਮਦੋਲੀ ਖੇਤਰ ਵਿੱਚ ਆਪਣੀ ਰਿਹਾਇਸ਼ ‘ਤੇ ਲਟਕਦੇ ਹੋਏ ਮਿਲੇ।
ਇਹ ਪਰਿਵਾਰ ਜਾਮਦੋਲੀ ਖੇਤਰ ਦੀ ਰਾਧਾ ਵਿਹਾਰ ਕਲੋਨੀ ਵਿੱਚ ਰਹਿੰਦਾ ਸੀ। ਇਹ ਘਟਨਾ ਕੱਲ੍ਹ ਉਸ ਵੇਲੇ ਸਾਹਮਣੇ ਆਈ ਜਦੋਂ ਸੋਨੀ ਦਾ ਭਰਾ ਉਨ੍ਹਾਂ ਦੇ ਘਰ ਆਇਆ। ਜਦੋਂ ਕਿਸੇ ਨੇ ਦਰਵਾਜ਼ਾ ਖੜ੍ਹਕਣ ਦਾ ਜਵਾਬ ਨਾ ਦਿੱਤਾ ਤਾਂ ਸੋਨੀ ਦੇ ਭਰਾ ਨੂੰ ਸ਼ੱਕ ਹੋਇਆ ਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ।
ਸੋਨੀ ਅਤੇ ਉਸਦੇ ਬੇਟੇ ਇੱਕ ਹਾਲ ਵਿੱਚ ਛੱਤ ਦੇ ਪੱਖੇ ਨਾਲ ਲਟਕਦੇ ਮਿਲੇ ਜਦਕਿ ਉਨ੍ਹਾਂ ਦੀ ਪਤਨੀ ਮਮਤਾ ਉਸ ਦੇ ਕਮਰੇ ਵਿੱਚ ਲਟਕਦੀ ਪਈ ਮਿਲੀ। ਮਮਤਾ ਦੀਆਂ ਅੱਖਾਂ ਢੱਕੀਆਂ ਹੋਈਆਂ ਸੀ ਤੇ ਉਸ ਦੇ ਪੁੱਤਰਾਂ ਦੀਆਂ ਲੱਤਾਂ ਬੱਝੀਆਂ ਹੋਈਆਂ ਸੀ।
ਪੁਲਿਸ ਨੂੰ ਇੱਕ ਸੁਸਾਇਡ ਨੋਟ ਵੀ ਮਿਲਿਆ ਹੈ, ਜਿਸ ‘ਚ ਸੋਨੀ ਨੇ ਸਾਫ ਲਿਖਿਆ ਹੈ ਕਿ ਉਸਨੇ ਆਰਥਿਕ ਤੰਗੀ ਦੇ ਚੱਲਦੇ ਇਹ ਕਦਮ ਚੁੱਕਿਆ ਹੈ। ਜਾਣਕਾਰੀ ਮੁਤਾਬਿਕ ਸੋਨੀ ਨੇ ਕਾਫੀ ਲੋਨ ਲਏ ਹੋਏ ਸੀ ਜੋ ਉਹ ਅਦਾ ਨਹੀਂ ਕਰ ਪਾ ਰਿਹਾ ਸੀ। ਉਸਨੇ ਕਈ ਲੋਕਾਂ ਨੂੰ ਅੱਗੇ ਵੀ ਪੈਸੇ ਦਿੱਤੇ ਸੀ ਜੋ ਕੋਰੋਨਾਵਾਇਰਸ ਕਾਰਨ ਉਸਨੂੰ ਵਾਪਸ ਨਹੀਂ ਮਿਲ ਰਹੇ ਸੀ। ਇਸੇ ਕਾਰਨ ਉਸਨੇ ਪਰਿਵਾਰ ਸਮੇਤ ਖੁਦਕੁਸ਼ੀ ਕਰ ਲਈ।