India

ਯੂਪੀ ਵਿੱਚ ਨਸ਼ਾ ਦੇ ਕੇ 17 ਲੜਕੀਆਂ ਨਾਲ ਰੇਪ ਦੀ ਕੋਸ਼ਿਸ਼

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਦੋ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ‘ਤੇ 17 ਲੜਕੀਆਂ ਦਾ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ। ਲੜਕੀਆਂ ਨੂੰ ਨਸ਼ਾ ਵੀ ਦਿੱਤਾ ਗਿਆ ਹੈ।ਪੁਲਿਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।

ਮੁਜ਼ੱਫਰਨਗਰ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਸੁਪਰਡੈਂਟ ਅਭਿਸ਼ੇਕ ਯਾਦਵ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਅਤੇ ਸਥਾਨਕ ਵਿਧਾਇਕ ਪ੍ਰਮੋਦ ਉਟਵਾਲ ਦੇ ਦਖਲ ਤੋਂ ਬਾਅਦ ਪਰਿਵਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕਥਿਤ ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਪੁਰਕਾਜੀ ਥਾਣੇ ਦੇ ਇੰਚਾਰਜ ਵਿਨੋਦ ਕੁਮਾਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਥਾਣਾ ਭੋਪਾ ‘ਚ ਸਥਿਤ ਸੂਰਿਆ ਦੇਵ ਪਬਲਿਕ ਸਕੂਲ ਦੇ ਸੰਚਾਲਕ ਯੋਗੇਸ਼ ਕੁਮਾਰ ਚੌਹਾਨ ਅਤੇ ਪੁਰਕਾਜੀ ਇਲਾਕੇ ‘ਚ ਸਥਿਤ ਜੀਜੀਐੱਸ ਇੰਟਰਨੈਸ਼ਨਲ ਸਕੂਲ ਦੇ ਸੰਚਾਲਕ ਅਰਜੁਨ ਸਿੰਘ ਦੇ ਖਿਲਾਫ ਜਿਨਸੀ ਸ਼ੋਸ਼ਣ, ਨਸ਼ੀਲੇ ਪਦਾਰਥ ਦੇਣ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

ਯਾਦਵ ਨੇ ਦੱਸਿਆ ਕਿ ਕਥਿਤ ਘਟਨਾ ਉਦੋਂ ਵਾਪਰੀ ਜਦੋਂ ਯੋਗੇਸ਼ ਸੂਰਿਆ ਦੇਵ ਪਬਲਿਕ ਸਕੂਲ ਵਿੱਚ ਪੜ੍ਹਦੀਆਂ 17 ਲੜਕੀਆਂ ਨੂੰ ਪ੍ਰੈਕਟੀਕਲ ਇਮਤਿਹਾਨ ਲਈ ਜੀਜੀਐਸ ਸਕੂਲ ਲੈ ਕੇ ਗਿਆ ਸੀ ਅਤੇ ਉਨ੍ਹਾਂ ਨੂੰ ਰਾਤ ਭਰ ਉੱਥੇ ਰਹਿਣਾ ਪਿਆ। ਪੀੜਤਾਂ ਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ ਅਨੁਸਾਰ ਦੋਵੇਂ ਮੁਲਜ਼ਮ ਨਾਬਾਲਗ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਦੇ ਸਨ ਅਤੇ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਦੇ ਸਨ।