‘ਦ ਖ਼ਾਲਸ ਬਿਊਰੋ :- 7 ਅਗਸਤ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿਖੇ ਕਿੰਗਜ਼ ਨਦੀ ਵਿੱਚ ਡੁੱਬ ਰਹੇ ਤਿੰਨ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਸਿੱਖ ਨੋਜਵਾਨ ਮਨਜੀਤ ਸਿੰਘ ਦੀ ਨਦੀ ‘ਚ ਡੁੱਬਣ ਨਾਲ ਮੌਤ ਹੋ ਗਈ ਸੀ। ਇਸ ਖ਼ਬਰ ਨਾਲ ਪੂਰੀ ਦੁਨੀਆ ਦੇ ਸਿੱਖ ਭਾਈਚਾਰੇ ਨੂੰ ਜਿੱਥੇ ਮਨਜੀਤ ਸਿੰਘ ਦੀ ਮੌਤ ਦਾ ਦੁੱਖ ਸੀ, ਉੱਥੇ ਹੀ ਉਸ ਵੱਲੋਂ ਤਿੰਨ ਬੱਚਿਆਂ ਨੂੰ ਬਚਾਉਣ ਦੀ ਬਹਾਦਰੀ ‘ਤੇ ਮਾਣ ਵੀ ਹੋਇਆ।
ਮਨਜੀਤ ਸਿੰਘ (29) ਦੋ ਸਾਲ ਪਹਿਲਾਂ ਹੀ ਪੰਜਾਬ ਤੋਂ ਅਮਰੀਕਾ ਗਿਆ ਸੀ ਤੇ ਉਸ ਨੂੰ ਫਰਿਜ਼ਨੋ ‘ਚ ਰਹਿੰਦੇ ਹੋਏ ਕੁੱਝ ਚਿਰ ਹੋਇਆ ਸੀ। ਇੱਥੇ ਉਹ ਪਿਛਲੇ ਕੁੱਝ ਦਿਨਾਂ ਤੋਂ ਟਰੱਕ ਚਲਾਉਣ ਦੀ ਤਿਆਰੀ ਲਈ ਡਰਾਈਵਿੰਗ ਸਕੂਲ ਦੀਆਂ ਕਲਾਸਾਂ ਲਗਾ ਰਿਹਾ ਸੀ।
ਡਰਾਈਵਿੰਗ ਸਕੂਲ ਦੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਮਨਜੀਤ ਸਿੰਘ ਆਪਣੇ ਜੀਜੇ ਨਾਲ ਘੁੰਮਣ ਫਿਰਨ ਲਈ ਨਦੀ ‘ਤੇ ਗਿਆ ਸੀ। ਇੱਥੇ ਉਸਨੇ ਜਦੋਂ ਤਿੰਨ ਬੱਚਿਆਂ ਨੂੰ ਡੁਬਦਿਆਂ ਦੇਖਿਆ ਤਾਂ ਉਸਨੇ ਬੱਚਿਆਂ ਨੂੰ ਬਚਾਉਣ ਲਈ ਨਦੀ ਵਿੱਚ ਛਾਲ ਮਾਰ ਦਿੱਤੀ ਪਰ ਨਦੀ ਦੇ ਤੇਜ ਵਹਾਅ ਕਾਰਨ ਉਹ ਪਾਣੀ ਵਿੱਚ ਝਾੜੀਆਂ ‘ਚ ਫੱਸ ਗਿਆ ਤੇ ਡੁੱਬ ਕੇ ਉਸਦੀ ਮੌਤ ਹੋ ਗਈ।
ਰੀਡਲੀ ਦੇ ਪੁਲਿਸ ਮਹਿਕਮੇ ਦੇ ਮੁੱਖੀ ਮਾਰਕ ਏਡਿਗਰ ਨੇ ਮੀਡੀਆ ਨੂੰ ਦੱਸਿਆ ਕਿ ਬੱਚਿਆਂ ਵਿੱਚ ਅੱਠ-ਅੱਠ ਸਾਲਾਂ ਦੀਆਂ ਦੋ ਕੁੜੀਆਂ ਤੇ ਇੱਕ ਦਸ ਸਾਲਾਂ ਦਾ ਮੁੰਡਾ ਸੀ। ਏਡਿਗਰ ਨੇ ਕਿਹਾ ਕਿ ਮਨਜੀਤ ਸਿੰਘ ਦੀ ਇਹਨਾਂ ਬੱਚਿਆਂ ਨਾਲ ਕੋਈ ਸਾਂਝ ਜਾਂ ਰਿਸ਼ਤਾਂ ਨਹੀਂ ਸੀ, ਪਰ ਮਨਜੀਤ ਨੇ ਬੱਚਿਆ ਨੂੰ ਡੁਬਦਿਆਂ ਦੇਖ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਤਿੰਨਾਂ ਬੱਚਿਆ ਨੂੰ ਬਚਾਉਣ ਖਾਤਰ ਨਦੀ ‘ਚ ਛਾਲ ਮਾਰ ਦਿੱਤੀ।
ਦੋ ਬੱਚਿਆਂ ਨੂੰ ਨਦੀ ਵਿਚੋਂ ਜਲਦੀ ਕੱਢ ਲਿਆ ਗਿਆ ਪਰ ਇੱਕ ਕੁੜੀ ਲਗਭਗ 15 ਮਿੰਟ ਬਾਅਦ ਨਦੀ ਵਿੱਚੋਂ ਕੱਢੀ ਗਈ। ਇਸ ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੱਚੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਨਜੀਤ ਸਿੰਘ ਦੀ ਭਾਲ ਕਰਦਿਆਂ ਲਗਭਗ 40 ਮਿੰਟ ਬਾਅਦ ਉਸਦੀ ਲਾਸ਼ ਪਾਣੀ ਵਿਚੋਂ ਮਿਲੀ। ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਮਨਜੀਤ ਸਿੰਘ ਨੇ ਜਿਨ੍ਹਾਂ ਬੱਚਿਆ ਨੂੂੰ ਮੌਤ ਦੇ ਮੂੰਹ ਤੋਂ ਬਾਹਰ ਕੱਢਿਆ ਅੱਜ ਉਨ੍ਹਾਂ ਬੱਚਿਆ ਵੱਲੋਂ ਹੀ ਪੂਰੇ ਅਮਰੀਕਾ ‘ਚ ਸਰਦਾਰ ਮਨਜੀਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਇਨ੍ਹਾਂ ਬੱਚਿਆ ਵਿੱਚੋਂ ਦੋ ਲੜਕੀਆਂ ਨੇ ਟੀ-ਸ਼ਰਟਸ ਪਹਿਨੀਆਂ ਹੋਇਆ ਹਨ, ਜਿਸ ‘ਤੇ ਮਨਜੀਤ ਸਿੰਘ ਦੀ ਫੋਟੋ ਲੱਗੀ ਹੋਈ ਤੇ ਨਾਲ ਹੀ ਇੱਕ ਸੁਨੇਹਾ ( YOU ARE MY HERO MANJIT SINGH) ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਤਿੰਨਾਂ ਬੱਚਿਆ ਦੇ ਪੂਰੇ ਪਰਿਵਾਰ ਵੱਲੋਂ ਮਨਜੀਤ ਸਿੰਘ ਦਾ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ ਹੈ।