India

ਮਸਜਿਦ ‘ਤੇ ਹਮਲੇ ਦੇ 24 ਘੰਟੇ ਬਾਅਦ ਵੀ ਪੁਲਿਸ ਨੇ ਨਹੀਂ ਉਤਾਰਿਆ ‘ਜੈ ਸ਼੍ਰੀ ਰਾਮ’ ਵਾਲਾ ਝੰਡਾ

ਚੰਡੀਗੜ੍ਹ- ‘ਦ ਕੁਇੰਟ ਦੀ ਰਿਪੋਰਟ ਮੁਤਾਬਿਕ 25 ਫ਼ਰਵਰੀ ਨੂੰ ਉੱਤਰ-ਪੂਰਬੀ ਦਿੱਲੀ ਦੇ ਅਸ਼ੋਕ ਨਗਰ ਇਲਾਕੇ ਵਿੱਚ ਗਲੀ ਨੰਬਰ 5 ਵਿੱਚ ਮਸਜਿਦ  ਨੂੰ ਤਹਿਸ-ਨਹਿਸ ਕੀਤਾ ਗਿਆ ਸੀ ਅਤੇ ਕੁੱਝ ਲੋਕਾਂ ਨੇ ਮਸਜਿਦ ‘ਤੇ ਚੜ੍ਹ ਕੇ ਉਸ ਉੱਤੇ ਭਗਵਾ ਝੰਡਾ ਅਤੇ ਤਿਰੰਗਾ ਲਹਿਰਾ ਦਿੱਤਾ ਸੀ। ਇਸ ਭਗਵੇ ਝੰਡੇ ਦੇ ਉੱਤੇ ਹਨੂੰਮਾਨ ਦਾ ਚਿੱਤਰ ਬਣਿਆ ਹੋਇਆ ਸੀ ਤੇ ਝੰਡੇ ਉੱਤੇ ‘ਜੈ ਸ਼੍ਰੀ ਰਾਮ’ ਲਿਖਿਆ ਹੋਇਆ ਸੀ। ਇਸ ਘਟਨਾ ਦੇ ਦੂਸਰੇ ਦਿਨ ਬਾਅਦ ਵੀ ਮਸਜਿਦ ਦੀ ਮੀਨਾਰ ਉੱਤੇ ਭਗਵਾ ਝੰਡਾ ਉਸੇ ਤਰ੍ਹਾਂ ਹੀ ਲਹਿਰਾ ਰਿਹਾ ਸੀ।

25 ਫ਼ਰਵਰੀ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਤਿੰਨ ਲੋਕ ਮਸਜਿਦ ‘ਤੇ ਚੜ੍ਹ ਕੇ ਮਸਜਿਦ ਨੂੰ ਤਹਿਸ-ਨਹਿਸ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇੱਕ ਵਿਅਕਤੀ ਮਸਜਿਦ ਦੀ ਮੀਨਾਰ ‘ਤੇ ਚੜ੍ਹ ਗਿਆ ਤੇ ਉਸਨੇ ਮਸਜਿਦ ਉੱਪਰ ਭਗਵਾ ਝੰਡਾ ਲਹਿਰਾ ਦਿੱਤਾ। ਵੀਡੀਓ ਵਿੱਚ ਧੂੰਏਂ ਦੇ ਗੁਬਾਰ ਦਿਖ ਰਹੇ ਸੀ। ਮਸਜਿਦ ਦੇ ਨਜ਼ਦੀਕ ਰਹਿਣ ਵਾਲੇ ਦਾਨਿਸ਼ ਨੇ ਦੱਸਿਆ ਕਿ ਮਸਜਿਦ ਦੇ ਆਸ-ਪਾਸ ਵਾਲੇ 5-6 ਘਰਾਂ ਨੂੰ ਲੁੱਟ ਕੇ ਤਹਿਸ-ਨਹਿਸ ਕੀਤਾ ਗਿਆ ਸੀ। ਉਸਨੇ ਦੱਸਿਆ ਕਿ ਉਨ੍ਹਾਂ ਨੇ ਦੰਗਾਕਾਰੀਆਂ ਦੇ ਘਰ ਵਿੱਚ ਦਾਖ਼ਲ ਹੋਣ ‘ਤੇ ਪੁਲਿਸ ਨੂੰ ਫੋਨ ਕੀਤਾ ਪਰ ਜਦੋਂ ਤੱਕ ਪੁਲਿਸ ਪਹੁੰਚੀ,ਭੀੜ ਨੇ ਮਸਜਿਦ ਤੇ ਘਰਾਂ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ।

ਉੱਤਰ-ਪੂਰਬੀ ਦਿੱਲੀ ਵਿੱਚ ਸੀਏਏ ਦੇ ਸਮਰਥਕਾਂ ਤੇ ਵਿਰੋਧੀਆਂ ਵਿਚਕਾਰ ਹੋ ਰਹੀ ਹਿੰਸਾ ਵਿੱਚ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 200 ਤੋਂ ਜਿਆਦਾ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਭੀੜ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਗਲੀਆਂ ਵਿੱਚ ਘੁੰਮ ਰਹੀ ਹੈ। ਭੀੜ ਵਿੱਚ ਸ਼ਾਮਿਲ ਲੋਕ ਦੁਕਾਨਾਂ ਨੂੰ ਅੱਗ ਲਗਾ ਰਹੇ ਹਨ ਅਤੇ ਸਥਾਨਕ ਲੋਕਾਂ ਦੀ ਕੁੱਟ-ਮਾਰ ਕਰ ਰਹੇ ਹਨ। ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਲੋਕ ਆਪਣੇ-ਆਪਣੇ ਘਰਾਂ ਵਿੱਚ ਹੀ ਹਨ। ਇਸ ਭੀੜ ਨੂੰ ਸੋਮਵਾਰ ਲਾਈ ਗਈ ਧਾਰਾ 144 ਦੇ ਤਹਿਤ ਚਾਰ ਤੋਂ ਅਧਿਕ ਲੋਕ ਇੱਕ ਸਥਾਨ ‘ਤੇ ਇਕੱਠੇ ਨਹੀਂ ਹੋ ਸਕਦੇ,ਦੀ ਪਰਵਾਹ ਵੀ ਨਹੀਂ ਸੀ। ਯਮੁਨਾ ਵਿਹਾਰ ਤੇ ਜ਼ਾਫਰਾਬਾਦ ਦੇ ਕੁੱਝ ਲੋਕਾਂ ਨੇ ਦੱਸਿਆ ਕਿ ਦੰਗਾਕਾਰੀਆਂ ਦੇ ਹੱਥਾਂ ਵਿੱਚ ਤਲਵਾਰਾਂ ਸਨ।