International

ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜਾਰੀ ਕੀਤੇ ਹੜ੍ਹਾਂ ’ਚ ਹੋਏ ਨੁਕਸਾਨ ਦੇ ਅੰਕੜੇ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):– ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਬੀਤੇ ਨਵੰਬਰ ਮਹੀਨੇ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ। ਫਿਲਹਾਲ ਹਾਲਾਤ ਵਿੱਚ ਕੁਝ ਸੁਧਾਰ ਹੋਇਆ ਹੈ, ਪਰ ਹੜ੍ਹਾ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ।

ਇਸ ਦੌਰਾਨ ਸੂਬੇ ਵਿੱਚ ਹੋਏ ਨੁਕਸਾਨ ਦਾ ਬਿਊਰਾ ਅੱਜ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜਾਰੀ ਕਰਦਿਆਂ ਦੱਸਿਆ ਕਿ ਇਸ ਕੁਦਰਤੀ ਆਫ਼ਤ ਦੌਰਾਨ ਸੂਬੇ ਵਿੱਚ ਜਿੱਥੇ ਕਈ ਲੋਕਾਂ ਦੀ ਮੌਤ ਹੋਈ, ਉੱਥੇ ਲਗਭਗ 15 ਹਜ਼ਾਰ ਲੋਕਾਂ ਨੂੰ ਆਪਣਾ ਘਰਬਾਰ ਛੱਡਣਾ ਪਿਆ।

ਇਸ ਤੋਂ ਇਲਾਵਾ ਲੱਖਾਂ ਜਾਨਵਰਾਂ ਦੀ ਮੌਤ ਹੋ ਗਈ ਤੇ 800 ਏਕੜ ਤੋਂ ਵੱਧ ਫ਼ਸਲ ਨੁਕਸਾਨੀ ਗਈ।ਬੀ.ਸੀ. ਦੇ ਸਰਕਾਰੀ ਅਧਿਕਾਰੀਆਂ ਨੇ ਵੀਰਵਾਰ ਨੂੰ ਹੜ੍ਹਾਂ ਦੌਰਾਨ ਹੋਏ ਨੁਕਸਾਨ ਦੇ ਅੰਕੜੇ ਜਾਰੀ ਕੀਤੇ। ਇਸ ਦੌਰਾਨ ਲੋਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਦੱਸਿਆ ਕਿ ਕੁਦਰਤ ਦੇ ਇਸ ਕਹਿਰ ਦੌਰਾਨ ਕਈ ਲੋਕਾਂ ਦੀ ਮੌਤ ਹੋਈ ਤੇ ਲਗਭਗ 15 ਹਜ਼ਾਰ ਲੋਕ ਬੇਘਰ ਹੋ ਗਏ। ਲੱਖਾਂ ਜਾਨਵਰਾਂ ਦੀ ਮੌਤ ਹੋ ਗਈ ਤੇ ਸੈਂਕੜੇ ਏਕੜ ਖੜ੍ਹੀ ਫਸਲ ਡੁੱਬ ਗਈ।

ਬੀ.ਸੀ. ਦੇ ਆਵਾਜਾਈ ਮੰਤਰੀ ਰੌਬ ਫਲੇਮਿੰਗ ਨੇ ਕਿਹਾ ਕਿ ਹਾਲਾਂਕਿ ਹੜ੍ਹਾਂ ਦੌਰਾਨ ਸੜਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ, ਪਰ ਜ਼ਰੂਰੀ ਯਾਤਰਾ ਦੀ ਸਹੂਲਤ ਦੇਣ ਲਈ ਸੜਕਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਪੈਮਬਰਟਨ ਐਂਡ ਲੀਲੂਟ ਵਿਚਾਲੇ ਹਾਈਵੇਅ 99 ਨੂੰ ਕਾਫ਼ੀ ਨੁਕਸਾਨ ਹੋਇਆ ਸੀ।

ਹੜ੍ਹਾਂ ਦੌਰਾਨ ਜ਼ਮੀਨ ਖਿਸਕਣ ਕਾਰਨ ਇਹ ਹਾਈਵੇਅ ਟੁੱਟ ਗਿਆ ਸੀ ਤੇ ਇਸ ’ਤੇ ਲਗਭਗ 4 ਲੋਕਾਂ ਦੀ ਮੌਤ ਵੀ ਹੋ ਗਈ ਸੀ। ਹੁਣ ਇਸ ਹਾਈਵੇਅ ਨੂੰ ਮੁਰੰਮਤ ਕਰਕੇ ਬੁੱਧਵਾਰ ਤੋਂ ਚਾਲੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਬਟਸਫੋਰਡ ਅਤੇ ਹੋਮ ਵਿਚਾਲੇ ਹਾਈਵੇਅ 1 ਸਣੇ ਹੋਰ ਹਾਈਵੇਅਜ਼ ਦੇ ਸੈਕਸ਼ਨ ਮੁੜ ਖੋਲ੍ਹ ਦਿੱਤੇ ਗਏ ਹਨ, ਕਿਉਂਕਿ ਹੜ੍ਹਾਂ ਦਾ ਖ਼ਤਰਾ ਹੁਣ ਘੱਟ ਗਿਆ ਹੈ।

ਫਿਲਹਾਲ ਮੌਸਮ ਵਿਭਾਗ ਵੱਲੋਂ ਬੀ.ਸੀ. ’ਚ ਮੌਸਮ ਸਾਫ਼ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ, ਪਰ ਇਨ੍ਹਾਂ ਮਾੜੇ ਹਾਲਾਤ ਵਿੱਚ ਬਾਹਰ ਨਿਕਲਣ ਲਈ ਲੋਕਾਂ ਨੂੰ ਕੁਝ ਸਮਾਂ ਲੱਗੇਗਾ। ਕਿਸਾਨਾਂ ਤੇ ਹੋਰਨਾਂ ਲੋਕਾਂ ਦੇ ਕਿੱਤੇ ਨੂੰ ਮੁੜ ਲੀਹ ’ਤੇ ਲਿਆਉਣ ਲਈ ਸੂਬਾ ਅਤੇ ਫੈਡਰਲ ਸਰਕਾਰ ਕਿੰਨੀ ਕੁ ਬਾਂਹ ਫੜ੍ਹਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।