ਚੰਡੀਗੜ੍ਹ ( ਹਿਨਾ ) ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ-ਭਾਜਪਾ ਸਰਕਾਰ ਵੇਲੇ ਪੰਜਾਬ ਅੰਦਰ ਵਾਪਰੀਆਂ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਲਈ ਕਾਂਗਰਸ ਪਾਰਟੀ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਕਿਹਾ ਕਿ ਪ੍ਰਤੱਖ ਸਬੂਤ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਇਹ ਨਾਮੁਆਫੀਯੋਗ ਘਟਨਾਵਾਂ ਚੋਣਾਂ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੂੰ ਬਦਨਾਮ ਕਰਨ ਲਈ ਰਚੀ ਗਈ ਇੱਕ ਡੂੰਘੀ ਸਾਜ਼ਿਸ਼ ਦਾ ਹਿੱਸਾ ਸਨ।
ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੱਤਾ ਦੇ ਨਸ਼ੇ ਵਿੱਚ ਚੂਰ ਤੇ ਇੱਕ ਘੁਮੰਡੀ ਹਾਕਮ ਹੈ ਤੇ ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਕਾਂਗਰਸ ਦਾ ਹੱਥ ਹੋਣ ਦਾ ਦਾਅਵਾ ਕੀਤਾ। ਉਹ ਅਕਾਲੀ-ਭਾਜਪਾ ਸਰਕਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ‘ਚ ਸੀ। ਪਿਛਲੇ ਤਿੰਨ ਸਾਲ ਤੋਂ ਪੰਜਾਬ ਇੱਕ ਮੁਖੀ-ਵਿਹੂਣਾ ਸੂਬਾ ਹੈ ਤੇ ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਤੇ ਪਿਛਲੇ ਤਿੰਨ ਸਾਲ ‘ਚ ਕੋਈ ਇੱਕ ਵੀ ਵਿਕਾਸ ਕਾਰਜ ਕੀਤਾ ਜਾਂ ਕੋਈ ਵੀ ਸ਼ੁਰੂ ਕੀਤੀ ਇੱਕ ਵੀ ਲੋਕ ਭਲਾਈ ਸਕੀਮ ਗਿਣਾਉਣ ਦੀ ਚੁਣੌਤੀ ਦਿੱਤੀ।
ਪਾਰਟੀ ਦੇ ਮੁੱਖ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਤੋਂ ਬਾਅਦ ਦੀ ਘਟਨਾ ਨੇ ਇਸ ਸਾਜ਼ਿਸ਼ ਵਿੱਚ ਕਾਂਗਰਸ ਦਾ ਹੱਥ ਹੋਣ ਦਾ ਸਪੱਸ਼ਟ ਸਬੂਤ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਬਹਿਬਲ ਕਲਾਂ ਦੇ ਮੁੱਖ ਚਸ਼ਮਦੀਦ ਗਵਾਹ ਸੁਰਜੀਤ ਸਿੰਘ ਦੇ ਬਿਆਨ ਨੇ ਕਾਂਗਰਸ ਸਰਕਾਰ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ, ਕਿਉਂਕਿ ਉਹ ਜਾਣਦੇ ਸਨ ਕਿ ਹੁਣ ਪੈੜਾਂ ਦੇ ਨਿਸ਼ਾਨ ਉਹਨਾਂ ਦੇ ਘਰ ਤੱਕ ਆਉਣਗੇ। ਇਹੀ ਵਜ੍ਹਾ ਹੈ ਕਿ ਉਹਨਾਂ ਨੇ ਮੁੱਖ ਗਵਾਹ ਉੱਤੇ ਬਿਆਨ ਬਦਲਣ ਲਈ ਦਬਾਅ ਪਾ ਕੇ ਬੜੀ ਬੇਸ਼ਰਮੀ ਨਾਲ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਰਕੇ ਗਵਾਹ ਸੁਰਜੀਤ ਸਿੰਘ ਦੀ ਰਹੱਸਮਈ ਹਾਲਤਾਂ ਵਿੱਚ ਮੌਤ ਹੋ ਗਈ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਬਿਲਕੁੱਲ ਸਪੱਸ਼ਟ ਹੈ ਕਿ ਕਾਂਗਰਸ ਦੇ ਹੱਥਾਂ ਦੇ ਤੋਤੇ ਉੱਡ ਗਏ ਸਨ, ਤੇ ਇਸ ਨੇ ਮੁੱਖ ਗਵਾਹਾਂ ਨੂੰ ਸੱਚ ਬੋਲਣ ਤੋਂ ਰੋਕਣ ਅਤੇ ਆਪਣੇ ਪਹਿਲੇ ਬਿਆਨ ਨੂੰ ਬਦਲਣ ਵਾਸਤੇ ਦਬਾਅ ਪਾਉਣ ਲਈ ਗੁਰਪ੍ਰੀਤ ਸਿੰਘ ਕਾਂਗੜ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਦੀ ਡਿਊਟੀ ਲਾਈ ਸੀ। ਉਹਨਾਂ ਕਿਹਾ ਕਿ ਮਰਹੂਮ ਮੁੱਖ ਗਵਾਹ ਦੀ ਪਤਨੀ ਜਸਬੀਰ ਕੌਰ ਵੱਲੋਂ ਦਿੱਤੇ ਬਿਆਨਾਂ ਨੇ ਕਾਂਗਰਸ ਦਾ ਪੂਰੀ ਤਰ੍ਹਾਂ ਪਰਦਾਫਾਸ਼ ਕਰ ਦਿੱਤਾ ਹੈ। ਕਿਸੇ ਹੋਰ ਸੂਬੇ ਦੇ ਅੰਦਰ ਹੋਈ ਅਜਿਹੀ ਘਟਨਾ ਨੇ ਸਰਕਾਰ ਨੂੰ ਹਿਲਾ ਕੇ ਰੱਖ ਦੇਣਾ ਸੀ, ਪਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਉੱਤੇ ਨਾ ਸਿਰਫ਼ ਚੁੱਪੀ ਧਾਰੀ ਰੱਖੀ ਬਲਕਿ ਉਹ ਸ਼ਰੇਆਮ ਦੋਸ਼ੀ ਆਗੂਆਂ, ਕਾਂਗੜ ਅਤੇ ਢਿੱਲੋਂ ਦੀ ਵੀ ਪੁਸ਼ਤਪਨਾਹੀ ਕਰ ਰਿਹਾ ਹੈ ਅਤੇ ਮ੍ਰਿਤਕ ਦੀ ਪਤਨੀ ਦੀ ਕੋਈ ਵੀ ਗੱਲ ਸੁਣਨ ਤੋਂ ਇਨਕਾਰ ਕਰ ਰਿਹਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਮੈਂ ਇੱਕ ਸਿੱਧਾ ਜਿਹਾ ਸੁਆਲ ਪੁੱਛਣਾ ਚਾਹੁੰਦਾ ਹਾਂ ਕਿ ਕਾਂਗਰਸ ਸਰਕਾਰ ਸੱਚਾਈ ਨੂੰ ਕਿਉਂ ਦਬਾਉਣਾ ਚਾਹੁੰਦੀ ਹੈ? ਮੁੱਖ ਮੰਤਰੀ ਢਿੱਲੋਂ ਅਤੇ ਕਾਂਗੜ ਖ਼ਿਲਾਫ ਕਾਰਵਾਈ ਕਿਉਂ ਨਹੀਂ ਕਰ ਰਿਹਾ ਹੈ? ਮੁੱਖ ਗਵਾਹ ਦੀ ਗਰੀਬ ਪਤਨੀ ਨੂੰ ਇਨਸਾਫ ਕਿਉਂ ਨਹੀਂ ਦਿੱਤਾ ਜਾ ਰਿਹਾ ਹੈ?
ਸੁਖਬੀਰ ਬਾਦਲ ਕਾਂਗਰਸ ਸਰਕਾਰ ਦੇ ਸੂਬੇ ਅੰਦਰ ਤਿੰਨ ਸਾਲ ਮੁਕੰਮਲ ਹੋਣ ਦੇ ਸੰਬੰਧ ਵਿੱਚ ਰੱਖੀ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਨੇ ਕਾਂਗਰਸ ਸਰਕਾਰ ਦੇ ਤਿੰਨ ਸਾਲਾਂ ਨੂੰ ਇੱਕ ਅਜਿਹਾ ਦੌਰ ਕਰਾਰ ਦਿੱਤਾ, ਜਦੋਂ ਪੰਜਾਬ ਇੱਕ ਮੁਖੀ-ਵਿਹੂਣਾ ਸੂਬਾ ਰਿਹਾ ਅਤੇ ਸਿਵਲ ਸਕੱਤਰੇਤ ਤੋਂ ਲੈ ਕੇ ਪੰਜਾਬ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਤੱਕ ਕਿਤੇ ਵੀ ਸਰਕਾਰ ਨਾਂ ਦੀ ਕੋਈ ਸ਼ੈਅ ਨਜ਼ਰ ਨਹੀਂ ਆਈ।
ਸਰਦਾਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਤਿੰਨ ਸਾਲਾਂ ਨੂੰ ਸੂਬੇ ਦੇ ਇਤਿਹਾਸ ਦਾ ਹੀ ਨਹੀਂ, ਸਗੋਂ ਪੂਰੇ ਮੁਲਕ ਅੰਦਰ ਪੰਜਾਬ ਦਾ ਸਭ ਤੋਂ ਮਾੜਾ ਦੌਰ ਕਰਾਰ ਦਿੱਤਾ। ਉਹਨਾਂ ਕਿਹਾ ਕਿ ਇਹ ਉਹ ਸਮਾਂ ਸੀ, ਜਦੋਂ ਸੱਤਾ ਦੇ ਨਸ਼ੇ ਵਿੱਚ ਚੂਰ ਇੱਕ ਘੁਮੰਡੀ ਹਾਕਮ ਕੋਲੋਂ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ਼ਘਾਤ, ਲਾਪਰਵਾਹੀ ਅਤੇ ਅਣਗਹਿਲੀ ਤੋਂ ਇਲਾਵਾ ਕੁੱਝ ਨਹੀਂ ਮਿਲਿਆ। ਇਸ ਹਾਕਮ ਨੇ ਪੰਜਾਬ ਨੂੰ ਰੱਜ ਕੇ ਜ਼ਲੀਲ ਕੀਤਾ ਅਤੇ ਆਮ ਲੋਕਾਂ ਨੂੰ ਮਿਲਣਾ ਵੀ ਆਪਣੀ ਮਹਾਰਾਜਿਆਂ ਵਾਲੀ ਸ਼ਾਨ ਦੇ ਖ਼ਿਲਾਫ ਸਮਝਿਆ।
ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦਾ ਮੁਲੰਕਣ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜ ਸੁਆਲ ਪੁੱਛੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਉਸ ਦੀ ਸਰਕਾਰ ਵੱਲੋਂ ਸ਼ੁਰੂ ਕੀਤਾ ਕੋਈ ਇੱਕ ਵਿਕਾਸ ਕਾਰਜ ਜਾਂ ਇੱਕ ਸਮਾਜ ਭਲਾਈ ਸਕੀਮ ਗਿਣਾਵੇ। ਇਹਨਾਂ ਤਿੰਨ ਸਾਲਾਂ ਵਿੱਚ ਤੁਸੀਂ ਕਿੰਨੀ ਵਾਰ ਆਪਣੇ ਦਫ਼ਤਰ ਜਾਂ ਪੰਜਾਬ ਵਿੱਚ ਗਏ ਹੋ? ਉਹਨਾਂ ਇਹ ਵੀ ਪੁੱਛਿਆ ਕਿ ਇਹਨਾਂ ਸਾਲਾਂ ਵਿੱਚ ਤੁਸੀਂ ਕਿੰਨੀ ਵਾਰ ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਿਰ ਜਾਂ ਹੋਰ ਧਾਰਮਿਕ ਸਥਾਨਾਂ ਉੱਤੇ ਗਏ ਹੋ?
ਕੈਪਟਨ ਨੇ ਕਿਸਾਨਾਂ ਨਾਲ ਮੁਕੰਮਲ ਕਰਜ਼ਾ ਮੁਆਫੀ, ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਮੁਆਵਜ਼ਾ, ਨੌਜਵਾਨਾਂ ਨੂੰ ਘਰ ਘਰ ਰੁਜ਼ਗਾਰ, 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਅਤੇ ਸਮਾਰਟ ਫੋਨ, ਦਲਿਤਾਂ ਨੂੰ 51 ਹਜ਼ਾਰ ਰੁਪਏ ਸ਼ਗਨ ਰਾਸ਼ੀ, ਮੁਫਤ ਘਰ ਅਤੇ ਪੋਸਟ ਮੈਟਰਿਕ ਵਜ਼ੀਫੇ, ਲੜਕੀਆਂ ਨੂੰ ਪੀਐਚਡੀ ਤੱਕ ਮੁਫਤ ਪੜ੍ਹਾਈ ਅਤੇ ਸੀਨੀਅਰ ਨਾਗਰਿਕਾਂ ਨੂੰ 2500 ਰੁਪਏ ਪੈਨਸ਼ਨ ਦੇਣ ਵਾਅਦਾ ਕਰਕੇ ਧੋਖਾ ਦਿੱਤਾ ਹੈ।
ਘਰ ਘਰ ਰੁਜ਼ਗਾਰ ਦੇ ਵਾਅਦੇ ਨੂੰ ਨੌਜਵਾਨਾਂ ਨਾਲ ਕੀਤਾ ਸਭ ਤੋਂ ਵੱਡਾ ਧੋਖਾ ਕਰਾਰ ਦਿੰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਦੁਖਾਂਤ ਇਹ ਹੈ ਕਿ ਮੁੱਖ ਮੰਤਰੀ ਇਹ ਦਾਅਵਾ ਕਰਕੇ ਨੌਜਵਾਨਾਂ ਦੇ ਜ਼ਖ਼ਮਾਂ ਉਤੇ ਨਮਕ ਛਿੜਕ ਰਿਹਾ ਹੈ ਕਿ ਸਰਕਾਰ ਨੇ 12 ਲੱਖ ਨੌਕਰੀਆਂ ਦੇ ਦਿੱਤੀਆਂ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਨੌਜਵਾਨਾਂ ਨੂੰ ਸਿਰਫ 34 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਜਿਹੜੇ ਨੌਜਵਾਨ ਸਰਕਾਰ ਦੇ ਫਰਜ਼ੀ ਰੁਜ਼ਗਾਰ ਮੇਲਿਆਂ ਵਿੱਚ ਜਾਣਾ ਛੱਡ ਚੁੱਕੇ ਹਨ, ਉਹ ਪਿਛਲੀਆਂ ਤਿੰਨ ਦੀਵਾਲੀਆਂ ਤੋਂ 2500 ਰੁਪਏ ਬੇਰੁਜ਼ਗਾਰੀ ਭੱਤਾ ਅਤੇ ਸਮਾਰਟ ਫੋਨਾਂ ਦੀ ਉਡੀਕ ਕਰ ਰਹੇ ਹਨ।