‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਚੀਫ਼ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਮੇਤ 13 ਫ਼ੌਜੀਆਂ ਦੀ ਹੈਲੀਕਾਪਟਰ ਹਾਦਸੇ ’ਚ ਮੌਤ ਦੀ ਟਰਾਈ ਸਰਵਿਸ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਨੂੰ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੇ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਦੀ ਅਗਵਾਈ ’ਚ ਟਰਾਈ ਸਰਵਿਸ ਜਾਂਚ ਦਾ ਕੰਮ ਬੁੱਧਵਾਰ ਤੋਂ ਹੀ ਸ਼ੁਰੂ ਕਰ ਦਿੱਤਾ ਹੈ। ਹਾਦਸੇ ਦੇ ਸ਼ਿਕਾਰ ਹੋਏ 13 ਫ਼ੌਜੀਆਂ ’ਚੋਂ ਹਾਲੇ ਸਿਰਫ਼ ਤਿੰਨਾਂ ਦੀਆਂ ਲਾਸ਼ਾਂ ਦੀ ਪਛਾਣ ਹੋ ਸਕੀ ਹੈ। ਇਨ੍ਹਾਂ ’ਚ ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਤੋਂ ਇਲਾਵਾ ਸੀਡੀਐੱਸ ਦੇ ਰੱਖਿਆ ਸਲਾਹਕਾਰ ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਦੜ ਸ਼ਾਮਲ ਹਨ।
ਰੱਖਿਆ ਮੰਤਰੀ ਨੇ ਸੰਸਦ ਦੇ ਦੋਵੇਂ ਸਦਨਾਂ ’ਚ ਹੈਲੀਕਾਪਟਰ ਹਾਦਸੇ ਦਾ ਵੇਰਵਾ ਸਾਂਝਾ ਕਰਦੇ ਹੋਏ ਕਿਹਾ ਕਿ ਬੜੇ ਦੁੱਖ ਤੇ ਭਾਰੀ ਮਨ ਨਾਲ ਉਹ ਦੇਸ਼ ਦੇ ਪਹਿਲੇ ਸੀਡੀਐੱਸ ਜਨਰਲ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਦੇ ਨਾਲ ਹੈਲੀਕਾਪਟਰ ’ਚ ਸਵਾਰ 11 ਲੋਕਾਂ ਦੇ ਦੁਖਦਾਈ ਦੇਹਾਂਤ ਤੋਂ ਜਾਣੂ ਕਰਵਾ ਰਹੇ ਹਨ। ਜਨਰਲ ਰਾਵਤ ਵੈਲਿੰਗਟਨ ਦੇ ਡਿਫੈਂਸ ਕਾਲਜ ਦੇ ਵਿਦਿਆਰਥੀ ਅਧਿਕਾਰੀਆਂ ਨਾਲ ਸੰਵਾਦ ਕਰਨ ਗਏ ਸਨ। ਹਵਾਈ ਫ਼ੌਜ ਦੇ ਐੱਮਆਈ-17ਵੀ5 ਹੈਲੀਕਾਪਟਰ ਨੇ ਬੁੱਧਵਾਰ ਨੂੰ 11.48 ਵਜੇ ਸੁਲੂਰ ਏਅਰ ਬੇਸ ਤੋਂ ਆਪਣੀ ਉਡਾਣ ਭਰੀ ਸੀ, ਜਿਸ ਨੇ 12.15 ਵਜੇ ਵੈਲਿੰਗਟਨ ’ਚ ਲੈਂਡ ਕਰਨਾ ਸੀ। ਪਰ ਸੁਲੂਰ ਏਅਰਬੇਸ ਦੇ ਏਅਰ ਟ੍ਰੈਫਿਕ ਕੰਟਰੋਲ ਦਾ ਲਗਪਗ 12.08 ਵਜੇ ਹੈਲੀਕਾਪਟਰ ਨਾਲੋਂ ਸੰਪਰਕ ਟੁੱਟ ਗਿਆ। ਰੱਖਿਆ ਮੰਤਰੀ ਦੇ ਬਿਆਨ ਤੋਂ ਸਾਫ਼ ਹੈ ਕਿ ਜਨਰਲ ਰਾਵਤ ਦਾ ਹੈਲੀਕਾਪਟਰ ਲੈਂਡ ਕਰਨ ਤੋਂ ਮੁਸ਼ਕਲ ਨਾਲ ਪੰਜ-ਸੱਤ ਮਿੰਟ ਪਹਿਲਾਂ ਕ੍ਰੈਸ਼ ਹੋਇਆ।
ਰੱਖਿਆ ਮੰਤਰੀ ਨੇ ਕਿਹਾ ਕਿ ਬਾਅਦ ’ਚ ਕੁਨੂਰ ਦੇ ਨਜ਼ਦੀਕ ਜੰਗਲ ’ਚ ਕੁਝ ਸਥਾਨਕ ਲੋਕਾਂ ਨੇ ਅੱਗ ਲੱਗੀ ਦੇਖੀ। ਇਸ ਹਾਦਸੇ ’ਚ ਇਕੋ ਇਕ ਜ਼ਿੰਦਾ ਬਚੇ ਗਰੁੱਪ ਕੈਪਟਨ ਵਰੁਣ ਸਿੰਘ ਗੰਭੀਰ ਸਥਿਤੀ ’ਚ ਹਨ ਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਤਹਿਤ ਦਿਨ ’ਚ ਹੀ ਬੈਂਗਲੁਰੂ ਸਥਿਤ ਹਵਾਈ ਫ਼ੌਜ ਦੇ ਬੇਸ ਹਸਪਤਾਲ ’ਚ ਏਅਰ ਐਂਬੂਲੈਂਸ ਰਾਹੀਂ ਲਿਜਾਇਆ ਗਿਆ। ਸੀਡੀਐੱਸ ਰਾਵਤ ਫ਼ੌਜ ਦੇ ਤਿੰਨਾਂ ਅੰਗਾਂ ਦੇ ਆਗੂ ਸਨ, ਇਸੇ ਲਈ ਉਨ੍ਹਾਂ ਦੀ ਹਾਦਸੇ ਦੀ ਜਾਂਚ ਟਰਾਈ ਸਰਵਿਸ ਨੂੰ ਸੌਂਪੀ ਗਈ ਹੈ ਜਿਸ ਵਿਚ ਤਿੰਨਾਂ ਫੌਜਾਂ ਦੇ ਲੋਕ ਸ਼ਾਮਲ ਹਨ, ਕਿਉਂਕਿ ਇਹ ਹੈਲੀਕਾਪਟਰ ਹਾਦਸਾ ਹੈ ਇਸ ਲਈ ਅਗਵਾਈ ਏਅਰ ਮਾਰਸ਼ਲ ਦੀ ਹੋਵੇਗੀ।