Punjab

ਬਿਕਰਮੀ ਕੈਲੰਡਰ ਤੋਂ ‘ਨਾਨਕਸ਼ਾਹੀ’ ਸ਼ਬਦ ਹਟਾਓ, ਮੂਲ ਨਾਨਕਸ਼ਾਹੀ ਕੈਲੰਡਰ ਹੋਵੇ ਲਾਗੂ- ਗਿਆਨੀ ਕੇਵਲ ਸਿੰਘ

‘ਦ ਖ਼ਾਲਸ ਬਿਊਰੋ:- ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸ੍ਰੋਮਣੀ ਕਮੇਟੀ ਨੂੰ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਇੱਕ ਕੈਲੰਡਰ ਲਾਗੂ ਹੋਣ ਨਾਲ ਸੰਸਾਰ ਭਰ ਦੀ ਸਿੱਖ ਕੌਮ ਵਿੱਚ ਹਰ ਸਾਲ ਗੁਰਪੁਰਬਾਂ ਅਤੇ ਸ਼ਹੀਦੀ ਦਿਹਾੜਿਆਂ ਸੰਬੰਧੀ ਪੈਦਾ ਹੁੰਦਾ ਭੰਬਲਭੂਸਾ ਖਤਮ ਹੋ ਜਾਵੇਗਾ।

ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਜੇਕਰ ਸ੍ਰੋਮਣੀ ਕਮੇਟੀ ਨੇ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਨਹੀਂ ਕਰਨਾ ਤਾਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਤੋਂ ‘ਨਾਨਕਸ਼ਾਹੀ’ ਸ਼ਬਦ ਹਟਾ ਦਿੱਤਾ ਜਾਵੇ। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ 2003 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਮਗਰੋਂ ਜਾਰੀ ਕੀਤੇ ਗਏ ਗੁਰਮਤੇ ਰਾਹੀਂ ਸ੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਸੀ। 1995 ਵਿੱਚ ਵਿਸ਼ਵ ਸਿੱਖ ਸੰਮੇਲਨ ਸਮੇਂ ਸਿੱਖਾਂ ਦੀ ਆਜਾਦ ਤੇ ਅਲੱਗ ਹੋਂਦ ਵਾਸਤੇ ਵੱਖਰਾ ਕੈਲੰਡਰ ਬਣਾਉਣ ਦੀ ਮੰਗ ਉੱਭਰੀ ਸੀ, ਜਿਸ ਤਹਿਤ ਪਾਲ ਸਿੰਘ ਪੁਰੇਵਾਲ ਨੇ ਸਿੱਖ ਕੈਲੰਡਰ ਦਾ ਖਰੜਾ ਤਿਆਰ ਕੀਤਾ ਸੀ, ਜਿਸ ਨੂੰ ਖਾਲਸਾ ਪੰਥ ਦੇ 300 ਸਾਲਾ ਖਾਲਸਾ ਦਿਵਸ ‘ਤੇ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਸੀ। ਪਰ ਉਸ ਵੇਲੇ ਵੀ ਰੁਕਾਵਟ ਆਈ ਅਤੇ ਇਹ ਕੰਮ ਰੁਕ ਗਿਆ। ਮੁੜ 2003 ਵਿੱਚ ਸ੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਮੂਲ ਨਾਨਲਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ। ਪਰ 2011 ਵਿੱਚ ਹਾਕਮਾਂ ਦੇ ਪ੍ਰਭਾਵ ਅਧੀਨ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਫਿਰ ਬਿਕਰਮੀ ਕੈਲੰਡਰ ਵਿੱਚ ਤਬਦੀਲ ਕਰ ਦਿੱਤਾ ਗਿਆ। ਹੁਣ ਸ੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਕੈਲੰਡਰ ਜਾਰੀ ਕੀਤਾ ਗਿਆ ਹੈ, ਉਹ ‘ਨਾਨਕਸ਼ਾਹੀ’ ਨਹੀਂ, ਬਿਕਰਮੀ ਕੈਲੰਡਰ ਹੈ।

Comments are closed.