ਚੰਡੀਗੜ੍ਹ ( ਪੁਨੀਤ ਕੌਰ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪੰਚਾਇਤ ਵਿਭਾਗ ਵੱਲੋਂ 15 ਫ਼ਰਵਰੀ ਤੋਂ ਬਾਅਦ ਪੰਜਾਬ ਤੇ ਇਸ ਤੇ ਪਿੰਡਾਂ ਵਿੱਚ ਵਿਦੇਸ਼ਾਂ ਵਿੱਚੋਂ ਆਏ (ਐਨ.ਆਰ.ਆਈ) ਬਾਰੇ ਜਾਣਕਾਰੀ ਮੁਕੰਮਲ ਕਰ ਲਈ ਗਈ ਹੈ। ਵਿਭਾਗ ਦੇ ਡਾਇਰੈਕਟਰ ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਇਸ ਸਬੰਧੀ ਸੂਚੀਆਂ ਰਾਜ ਦੇ ਡਿਪਟੀ ਕਮਿਸ਼ਨਰਾਂ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੀਆਂ ਗਈਆਂ ਹਨ।
ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਵੱਲੋਂ ਪਿੰਡਾਂ ਦੇ ਸਰਪੰਚਾਂ ਰਾਹੀਂ ਵਿਦੇਸ਼ੀਆਂ ਸਬੰਧੀ ਪ੍ਰਾਪਤ ਕੀਤੇ ਅੰਕੜਿਆਂ ਵਿੱਚ ਰਾਜ ਦੀਆਂ 13265 ਪੰਚਾਇਤਾਂ ਵਿੱਚੋਂ 5826 ਵਿੱਚ 25351 ਵਿਅਕਤੀ ਵਿਦੇਸ਼ ਤੋਂ ਆਏ ਹਨ। 7439 ਪਿੰਡਾਂ ਦੀਆਂ ਪੰਚਾਇਤਾਂ ਵਿੱਚ ਕੋਈ ਵਿਅਕਤੀ ਵਿਦੇਸ਼ ਵਿੱਚੋਂ ਨਹੀਂ ਆਇਆ।
ਵਿਭਾਗੀ ਅੰਕੜਿਆਂ ਮੁਤਾਬਕ 12000 ਤੋਂ ਵੱਧ ਵਿਅਕਤੀਆਂ ਨੇ ਇਕਾਂਤਵਾਸ ਜਾ ਲਾਕਡਾਊਨ ਦੀਆਂ ਹਦਾਇਤਾਂ ਦਾ ਪੂਰਨ ਪਾਲਣ ਕੀਤਾ। ਪੰਚਾਇਤ ਵਿਭਾਗ ਵੱਲੋਂ ਪਿੰਡਾਂ ਵਿੱਚੋਂ ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 4170 ਵਿਅਕਤੀ ਅਤੇ ਫ਼ਾਜ਼ਿਲਕਾ ਵਿੱਚ ਸਭ ਤੋਂ ਘੱਟ 118 ਵਿਅਕਤੀ ਵਿਦੇਸ਼ਾਂ ਤੋਂ ਆਏ ਹਨ। ਜਲੰਧਰ ਜ਼ਿਲ੍ਹੇ ਵਿੱਚ 3374, ਲੁਧਿਆਣਾ ਵਿੱਚ 2498, ਅੰਮ੍ਰਿਤਸਰ ਵਿੱਚ 1434, ਬਰਨਾਲਾ ਵਿੱਚ 341, ਬਠਿੰਡਾ ਵਿੱਚ 574, ਫਰੀਦਕੋਟ ਵਿੱਚ 432, ਫ਼ਤਹਿਗੜ੍ਹ ਸਾਹਿਬ ਵਿੱਚ 383, ਫਿਰੋਜ਼ਪੁਰ ਵਿੱਚ 588, ਗੁਰਦਾਸਪੁਰ ਵਿੱਚ 2572, ਕਪੂਰਥਲਾ ਵਿੱਚ 2014, ਮਾਨਸਾ ਵਿੱਚ 175, ਮੋਗਾ ਵਿੱਚ 1476, ਪਠਾਨਕੋਟ ਵਿੱਚ 183, ਪਟਿਆਲਾ ਵਿੱਚ 807, ਰੂਪਨਗਰ ਵਿੱਚ 1023, ਮੁਹਾਲੀ ਵਿੱਚ 164, ਸ਼ਹੀਦ ਭਗਤ ਸਿੰਘ ਨਗਰ ਵਿੱਚ 1313, ਸੰਗਰੂਰ ਵਿੱਚ 723, ਮੁਕਤਸਰ ਸਾਹਿਬ ਵਿੱਚ 265 ਅਤੇ ਤਰਨਤਾਰਨ ਵਿੱਚ 724 ਵਿਅਕਤੀਆਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ।
ਡਾਇਰੈਕਟਰ ਰਾਮਿੰਦਰ ਕੌਰ ਬੁੱਟਰ ਨੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਦਾ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ 3,38,805 ਲਿਟਰ ਸੋਡੀਅਮ ਹਾਈਪੋ-ਕਲੋਰਾਈਡ ਨਾਂ ਦੀ ਕੀਟਾਣੂ ਨਾਸ਼ਕ ਦਵਾਈ ਦਾ ਪ੍ਰਬੰਧ ਕਰ ਲਿਆ ਗਿਆ ਹੈ, ਅਤੇ ਰਾਜ ਦੀਆਂ 10,790 ਗ੍ਰਾਮ ਪੰਚਾਇਤਾਂ ਅਧੀਨ ਸਪਰੇਅ ਕਰਨ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ 242 ਗ੍ਰਾਮ ਪੰਚਾਇਤਾਂ ਵੱਲੋਂ ਲੋੜਵੰਦਾਂ ਦੀ ਮਦਦ ਲਈ 8,63,000 ਰੁਪਏ ਦੀ ਰਾਸ਼ੀ ਵਰਤੀ ਜਾ ਚੁੱਕੀ ਹੈ।