ਚੰਡੀਗੜ੍ਹ ਬਿਊਰੋ-ਸਿੱਖ ਪੰਥ ਦੇ ਮਹਾਨ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਇਸ ਫਾਨੀ ਸੰਸਾਰ ਵਿੱਚ ਨਹੀਂ ਰਹੇ। ਭਾਈ ਸਾਹਿਬ ਨੇ ਅੱਜ ਅੰਮ੍ਰਿਤ ਵੇਲੇ ਸਾਢੇ ਚਾਰ ਵਜੇ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਬੀਤੀ ਰਾਤ ਭਾਈ ਸਾਹਿਬ ਦੀ ਹਾਲਤ ਕਾਫੀ ਨਾਜ਼ੁਕ ਸੀ ਜਿਸਤੋਂ ਬਾਅਦ ਉਨਾਂ ਨੂੰ ਵੈਂਟੀਲੈਟਰ ‘ਤੇ ਪਾਇਆ ਗਿਆ ਪਰ ਉਹ ਮੁੜ ਉੱਠ ਨਹੀਂ ਸਕੇ। ਭਾਈ ਨਿਰਮਲ ਸਿੰਘ ਦਾ ਕੁਝ ਦਿਨ ਪਹਿਲਾਂ ਕੋਰੋਨਾਵਾਇਰਸ ਟੈਸਟ ਹੋਇਆ ਸੀ, ਕੱਲ ਦੁਪਹਿਰ ਖ਼ਬਰ ਆਈ ਸੀ ਉਨਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਹੈ ਜਿਸਤੋਂ ਬਾਅਦ ਹਰ ਕੋਈ ਭਾਈ ਸਾਹਿਬ ਦੇ ਸਿਹਤਯਾਬ ਹੋਣ ਦੀਆਂ ਅਰਦਾਸਾਂ ਕਰ ਰਿਹਾ ਸੀ।
ਭਾਈ ਨਿਰਮਲ ਸਿੰਘ ਖਾਲਸਾ ਦਾ ਜਨਮ ਅਪ੍ਰੈਲ 1952 ਵਿੱਚ ਚੰਨਣ ਸਿੰਘ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਭੀਮੇਸ਼ਾਹ ਜੰਡਵਾਲਾ, ਜ਼ਿਲਾ ਫਿਰੋਜ਼ਪੁਰ ਵਿੱਚ ਹੋਇਆ ਸੀ। ਭਾਈ ਸਾਹਿਬ ਦਾ ਪਰਿਵਾਰ ਪਾਕਿਸਤਾਨੋਂ ਉੱਜੜ ਕੇ ਇੱਧਰ ਆਕੇ ਵਸਿਆ ਸੀ। ਕਈ ਸਾਲ ਜੰਡਵਾਲਾ ਰਹਿਣ ਪਿੱਛੋਂ ਆਪ ਜੀ ਦਾ ਪਰਿਵਾਰ ਲੋਹੀਆਂ ਖਾਸ ਦੇ ਨੇੜਲੇ ਪਿੰਡ ਮੰਡਾਲਾ ਆ ਕੇ ਵਸ ਗਿਆ ਸੀ। 1988 ਵਿੱਚ ਪੰਜਾਬ ‘ਚ ਆਏ ਹੜ੍ਹਾਂ ਵਿੱਚ ਪਿੰਡ ਮੰਡਾਲਾ ਉੱਜੜ ਗਿਆ ਸੀ ਤੇ ਆਪ ਲੋਹੀਆਂ ਖਾਸ ਆ ਕੇ ਵਸ ਗਏ ਸਨ।
ਦਸਵੀਂ ਪਾਸ ਕਰਨ ਤੋਂ ਬਾਅਦ ਭਾਈ ਸਾਹਿਬ ਨੇ 1976 ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਿਤ ਸਗੀਤ ਦਾ ਡਿਪਲੋਮਾ ਕੀਤਾ ਸੀ। ਇੱਥੇ ਭਾਈ ਸਾਹਿਬ ਨੇ ਪ੍ਰੋ. ਅਵਤਾਰ ਸਿੰਘ ਨਾਜ਼ ਤੋਂ ਸੰਗੀਤ ਵਿੱਦਿਆ ਹਾਸਲ ਕੀਤੀ। 1977 ਤੋਂ 1978 ਤੱਕ ਉਨਾਂ ਨੇ ਗੁਰਮਤਿ ਕਾਲਜ ਰਿਸ਼ੀਕੇਸ਼ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਵਿਖੇ ਗੁਰਮਤਿ ਸੰਗੀਤ ਦੇ ਅਧਿਆਪਕ ਵਜੋਂ ਸੇਵਾਵਾਂ ਵੀ ਦਿੱਤੀਆਂ ਸਨ।
ਭਾਈ ਸਾਹਿਬ ਦੇ ਚਾਚਾ ਭਾਈ ਗੁਰਬਚਨ ਸਿੰਘ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹਜ਼ੂਰੀ ਰਾਗੀ ਰਹੇ ਸਨ। ਆਪ ਜੀ ਦੇ ਪਿਤਾ ਚੰਨਣ ਸਿੰਘ ਸਿੱਧੀਆਂ ਧਾਰਨਾ ਵਾਲਾ ਕੀਰਤਨ ਕਰਦੇ ਸਨ, ਪਰਿਵਾਰ ਸਾਦਾ ਜੀਵਨ ਜਿਉਂਦਾ ਸੀ ਤੇ ਖੇਤੀਬਾੜੀ ਕਰਦੇ ਸਨ।
1980 ਤੋਂ 1987 ਤੱਕ ਭਾਈ ਨਿਰਮਲ ਸਿੰਘ ਖਾਲਸਾ ਭਾਈ ਗੁਰਮੇਜ ਸਿੰਘ ਦੇ ਸਹਾਇਕ ਰਾਗੀ ਵਜੋਂ ਕੀਰਤਨ ਸੇਵਾ ਕਰਦੇ ਰਹੇ, ਉਸਤੋਂ ਬਾਅਦ ਉਨਾਂ ਨੇ ਆਪਣਾ ਵੱਖਰਾ ਜਥਾ ਬਣਾਇਆ ਅਤੇ ਲਗਾਤਾਰ ਹਜ਼ੂਰੀ ਪਦ ‘ਤੇ ਸੇਵਾ ਨਿਭਾਈ। ਸੇਵਾ ਮੁਕਤ ਹੋਣ ਤੋਂ ਬਾਅਦ ਵੀ ਹੁਣ ਤੱਕ ਲਗਾਤਾਰ ਭਾਈ ਨਿਰਮਲ ਸਿੰਘ ਖਾਲਸਾ ਖਾਸ ਮੌਕਿਆਂ ‘ਤੇ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਨਿਭਾਉਂਦੇ ਰਹੇ ਸਨ।
ਭਾਈ ਨਿਰਮਲ ਸਿੰਘ ਖਾਲਸਾ ਦਾ ਕੋਰੋਨਾਵਾਇਰਸ ਪਾਜ਼ਿਟਿਵ (ਬੁੱਧਵਾਰ ਦੀ ਖਬਰ)