ਚੰਡੀਗੜ੍ਹ ( ਹਿਨਾ ) ਕੋਵਿਡ-19 ਦੇ ਚਲਦਿਆ ਪੰਜਾਬ ਸਰਕਾਰ ਸਿਹਤ ਪ੍ਰਬੰਧਾਂ ਬਾਰੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਨਿੱਤ ਨਵੀਂ ਕਹਾਣੀ ਇਨ੍ਹਾਂ ਦੀ ਪੋਲ ਖੋਲ੍ਹ ਰਹੀ ਹੈ। ਇੱਕ ਪਾਸੇ ਸਰਕਾਰ ਮੈਡੀਕਲ ਸਟਾਫ ਨੂੰ ਯੋਧਿਆਂ ਦਾ ਰੁਤਬਾ ਦੇ ਕੇ ਸਲਾਮੀਆਂ ਦੇ ਰਹੀ ਹੈ ਤੇ ਦੂਜੇ ਪਾਸੇ ਉਨ੍ਹਾਂ ਨੂੰ ਛੇ-ਛੇ ਮਹੀਨੇ ਤੋਂ ਰੂਕੀ ਤਨਖ਼ਾਹ ਨਹੀਂ ਦੇ ਰਹੀ। ਇਸ ਗੱਲ਼ ਦਾ ਖੁਲਾਸਾ ਅੱਜ ਬਠਿੰਡਾ ਵਿੱਚ ਹੋਇਆ।
ਬਠਿੰਡਾ ਦੇ ਸਿਵਲ ਹਸਪਤਾਲ ‘ਚ ਠੇਕੇ ’ਤੇ ਕੰਮ ਕਰਦੀਆਂ ਸਟਾਫ ਨਰਸਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ। ਇਸ ਲਈ ਉਨ੍ਹਾਂ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਰੋਸ ਜ਼ਾਹਰ ਕੀਤਾ। ਸਟਾਫ ਨਰਸਾਂ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਲਈ ਖ਼ਰਚਾ-ਪਾਣੀ ਚਲਾਉਣਾ ਵੀ ਔਖਾ ਹੋ ਗਿਆ ਹੈ।
ਨਰਸਾਂ ਮੁਤਾਬਕ, ਉਨ੍ਹਾਂ ਨੂੰ ਪਹਿਲਾਂ ਹੀ ਠੇਕੇ ਦੇ ਅਧਾਰ ਦੀ ਬਹੁਤ ਘੱਟ ਤਨਖ਼ਾਹ ਮਿਲਦੀ ਹੈ ਤੇ ਉਹ ਵੀ 6 ਮਹੀਨਿਆਂ ਤੋਂ ਬਕਾਇਆ ਹੈ। ਇਸ ਕਾਰਨ ਉਨ੍ਹਾਂ ਲਈ ਆਪਣਾ ਘਰ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਹ ਸਟਾਫ ਨਰਸਾਂ ਕੋਰੋਨਾਵਾਇਰਸ ਮਹਾਂਮਾਰੀ ਵਿਚਾਲੇ ਨਿਰੰਤਰ ਆਪਣੀਆਂ ਸੇਵਾਵਾਂ ਨਿਭਾਅ ਰਹੀਆਂ ਹਨ। ਉਹ ਪੰਜਾਬ ਸਰਕਾਰ ਤੋਂ ਮੰਗ ਕਰ ਰਹੀਆਂ ਹਨ, ਕਿ ਉਨ੍ਹਾਂ ਦੀ ਤਨਖ਼ਾਹ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ।