ਚੰਡੀਗੜ੍ਹ- ਬਾਰਡਰ ਸਿਕਿਊਰਿਟੀ ਫੋਰਸ (BSF)ਦੇ ਇੱਕ ਅਧਿਕਾਰੀ ਅਤੇ ਸੈਂਟਰਲ ਇੰਡਸਟਰੀਅਲ ਸਿਕਿਊਰਿਟੀ ਫੋਰਸ(CISF) ਦੇ ਇੱਕ ਜਵਾਨ ਦੀ ਕੋਰੋਨਾਵਾਇਰਸ ਜਾਂਚ–ਰਿਪੋਰਟ ਪਾਜ਼ੀਟਿਵ ਆਈ ਹੈ। ਬੀਐੱਸਐੱਫ ਦਾ 57 ਸਾਲਾ ਅਧਿਕਾਰੀ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਟੇਕਨਪੁਰ ਖੇਤਰ ਵਿੱਚ ਫੋਰਸਿਸ ਆਫੀਸਰਸ ਟਰੇਨਿੰਗ ਅਕੈਡਮੀ ਵਿੱਚ ਤਾਇਨਾਤ ਹੈ। ਅਧਿਕਾਰੀਆਂ ਨੇ ਕਿਹਾ ਕਿ ਉਸਨੂੰ ਸ਼ੱਕ ਹੈ ਕਿ ਉਸਨੂੰ ਕਿਸੇ ਪਰਿਵਾਰਕ ਮੈਂਬਰ ਤੋਂ ਹੀ ਕੋਰੋਨਾਵਾਇਰਸ ਹੋਇਆ ਹੈ। ਉਨ੍ਹਾਂ ਦਾ ਇੱਕ ਰਿਸ਼ਤੇਦਾਰ ਬੀਤੇ ਦਿਨੀਂ ਇੰਗਲੈਂਡ ਤੋਂ ਪਰਤਿਆ ਸੀ।
ਇੱਕ ਅਧਿਕਾਰੀ ਨੇ ਦੱਸਿਆ ਕਿ ਦੂਜੇ ਇਨ-ਕਮਾਂਡ ਰੈਂਕ ਦੇ ਅਧਿਕਾਰੀ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਦੇ ਸੰਪਰਕ ਵਿੱਚ ਆਏ ਦੋ ਦਰਜਨ ਤੋਂ ਵੱਧ ਬੀਐੱਸਐੱਫ ਜਵਾਨਾਂ ਨੂੰ ਅਲੱਗ-ਅਲੱਗ ਕਰਨ ਲਈ ਭੇਜ ਦਿੱਤਾ ਗਿਆ ਹੈ। ਸੀਆਈਐੱਸਐੱਫ ਦੇ ਹੈੱਡ ਕਾਂਸਟੇਬਲ ਵੀ ਕੋਰੋਨਾਵਾਇਰਸ ਦੀ ਜਾਂਚ ਵਿੱਚ ਪਾਜ਼ਿਟਿਵ ਪਾਏ ਗਏ ਹਨ। ਇਸ ਵੇਲੇ ਉਹ ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਤਾਇਨਾਤ ਹਨ। ਜਵਾਨ ਨੂੰ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਸ਼ਾਇਦ ਮਹਾਂਨਗਰ ਦੇ ਬਹੁਤ ਰੁਝੇਵਿਆਂ ਵਾਲੇ ਹਵਾਈ ਅੱਡੇ ਉੱਤੇ ਡਿਊਟੀ ਦੌਰਾਨ ਕੋਰੋਨਾ ਦੀ ਲਾਗ ਅਧੀਨ ਆ ਗਏ ਹੋਣਗੇ।
ਚੀਨ ਤੋਂ ਸ਼ੁਰੂ ਹੋਈ ਕੋਰੋਨਾਵਾਇਰਸ ਦੀ ਮਹਾਂਮਾਰੀ ਹੁਣ ਸਮੁੱਚੇ ਵਿਸ਼ਵ ’ਚ ਫੈਲ ਚੁੱਕੀ ਹੈ। ਵਿਸ਼ਵ ਵਿੱਚ ਕੋਰੋਨਾਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 6.50 ਲੱਖ ਦੇ ਲਗਭਗ ਪੁੱਜ ਚੁੱਕੀ ਹੈ ਤੇ 30,249 ਮੌਤਾਂ ਹੋ ਚੁੱਕੀਆਂ ਹਨ। ਭਾਰਤ ’ਚ ਵੀ ਕੋਰੋਨਾ ਦੇ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਦੇਸ਼ ’ਚ ਇਸ ਮਾਰੂ ਵਾਇਰਸ ਦੀ ਲਾਗ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਵਧ ਕੇ 987 ਦੇ ਕਰੀਬ ਹੋ ਗਈ ਹੈ ਅਤੇ ਹੁਣ ਤੱਕ ਇਸ ਨਾਲ 25 ਮੌਤਾਂ ਹੋ ਚੁੱਕੀਆਂ ਹਨ।