Punjab

ਪੰਜਾਬ ਸਰਕਾਰ ਖ਼ਿਲਾਫ਼ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦਾ ਰੋਸ, ਪੱਕੇ ਨਾ ਕੀਤਾ ਤਾਂ ਸੂਬੇ ਭਰ ‘ਚ ਕਰਾਂਗੇ ਰੋਸ ਮੁਜਾਹਰੇ

‘ਦ ਖ਼ਾਲਸ ਬਿਊਰੋ :- ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਤਨਖਾਹ ‘ਚ 25 ਫ਼ੀਸਦੀ ਕਟੌਤੀ ਕਰਨ ਦੇ ਮਾਮਲੇ ‘ਤੇ ਅੱਜ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਦੇ ਤਹਿਤ ਇਨ੍ਹਾਂ ਮੁਲਾਜ਼ਮਾਂ ਨੇ ਪੰਜਾਬ ਰੋਡਵੇਜ਼ ਬਟਾਲਾ ਦੀ ਵਰਕਸ਼ਾਪ ਤੋਂ ਰੋਸ ਮਾਰਚ ਦੀ ਸ਼ੁਰੂਆਤ ਕਰਦਿਆਂ ਸ਼ਹਿਰ ਦੇ ਵੱਖ – ਵੱਖ ਹਿੱਸਿਆਂ ਤੋਂ ਹੁੰਦਿਆਂ ਹੋਇਆਂ ਸਥਾਨਕ ਬੱਸ ਅੱਡੇ ‘ਤੇ ਪਹੁੰਚ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।

ਰੋਸ ਮੁਜ਼ਾਹਰੇ ਦੇ ਆਗੂ ਪਰਮਜੀਤ ਸਿੰਘ ਕੁਹਾੜ ਸਮੇਤ ਬਾਕੀ ਆਗੂਆਂ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਸਾਰੇ 12-13 ਸਾਲ ਪਹਿਲਾਂ ਆਊਟ ਸੋਰਸ, ਕਾਂਟ੍ਰੈੱਕਟ ਬੇਸ ‘ਤੇ ਪੰਜਾਬ ਰੋਡਵੇਜ਼ ਰੱਖੇ ਗਏ ਸਨ। ਉਨ੍ਹਾਂ ਕਿਹਾ ਕਿ ਸਾਡੀ ਤਨਖ਼ਾਹ ਪਹਿਲਾਂ ਹੀ ਬਹੁਤ ਘੱਟ (10 ਤੋਂ 12 ਹਜ਼ਾਰ) ਹੈ।

ਮੁਲਾਜਡਮਾਂ ਨੇ ਕਿਹਾ ਕਿ ਪੰਜਾਬ ‘ਚ ਕੋਰੋਨਾ ਦੇ ਚਲਦੇ ਹੋਏ ਵੀ ਰੋਡਵੇਜ਼ ਕਰਮਚਾਰੀਆਂ ਨੇ ਸਰਕਾਰ ਦੇ ਇੱਕ ਇਸ਼ਾਰੇ ਤੇ ਆਪਣੀ ਜਾਨ ਦੀ ਬਿਨਾ ਪ੍ਰਵਾਹ ਕੀਤੇ ਹੋਏ ਕੰਮ ਕਰਦੇ ਰਹੇ। ਬੱਸਾਂ ਚਲਾ ਕੇ ਨਾ ਸਿਰਫ਼ ਪ੍ਰਵਾਸੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਇਆ। ਬਲਕਿ ਬਾਹਰੋਂ ਆਏ ਸ਼ੱਕੀ ਮਰੀਜ਼ਾਂ ਨੂੰ ਵੀ ਆਪ ਬੱਸਾਂ ਚਲਾ ਕੇ ਵਾਪਸ ਲੈ ਕੇ ਆਏ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਸਿਰ ਮੱਥੇ ਲਿਆ। ਤਾਂ ਕਿ ਆਮ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਜਾ ਸਕੇ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਵੇ।

ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦੀ ਬਜਾਏ, ਉਲਟਾ ਉਨ੍ਹਾਂ ਦੀਆਂ ਤਨਖ਼ਾਹਾਂ ਨੂੰ 25 ਫੀਸਦੀ ਕੱਟ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 15 ਅਗਸਤ ਅਜ਼ਾਦੀ ਦਿਹਾੜੇ ਨੂੰ ਗ਼ੁਲਾਮੀ ਦਿਨ ਵਜੋਂ ਮਨਾਉਂਦੇ ਹੋਏ ਜਲੰਧਰ ਵਿਖੇ ਸੂਬੇ ਭਰ ਦੇ ਸਾਰੇ ਕੱਚੇ ਮੁਲਾਜ਼ਮ ਇਕੱਠੇ ਹੋ ਕੇ ਪੰਜਾਬ ਸਰਕਾਰ ਤੇ ਰੋਡਵੇਜ਼ ਵਿਭਾਗ ਦਾ ਵਿਰੋਧ ਕੀਤਾ ਜਾਵੇਗਾ।