India Punjab

ਪੰਜਾਬ ਦੇ ਸਿਨੇਮਾਘਰਾਂ ‘ਚ ਚੱਲਣ ਨੂੰ ਤਰਸੀ ਅਕਸ਼ੇ ਦੀ ‘ਸੂਰਿਆਵੰਸ਼ੀ’

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅਕਸ਼ੇ ਕੁਮਾਰ ਦੀ ਫਿਲਮ ਸੂਰਿਆਵੰਸ਼ੀ ਦਾ ਪੰਜਾਬ ਦੇ ਵੱਡੇ ਪਰਦਿਆਂ ਉੱਤੇ ਲੱਗਣਾ ਸੌਖਾ ਨਹੀਂ ਜਾਪ ਰਿਹਾ। ਖੇਤੀ ਕਾਨੂੰਨਾਂ ਦੇ ਖਿਲਾਫ ਮੂੰਹੋਂ ਇਕ ਵੀ ਸ਼ਬਦ ਨਾ ਬੋਲਣ ਅਤੇ ਕੁੱਝ ਇਤਰਾਜਯੋਗ ਬਿਆਨਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਅਕਸ਼ੇ ਕੁਮਾਰ ਤੋਂ ਖਾਸੇ ਨਾਰਾਜ ਹਨ। ਹੁਣ ਉਸਦੀ ਨਵੀਂ ਫਿਲਮ ਸੂਰਿਆਵੰਸ਼ੀ ਦਾ ਤਕੜਾ ਵਿਰੋਧ ਹੋ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜਿਲਿਆਂ ਅਤੇ ਸ਼ਹਿਰਾਂ ਵਿਚ ਲੱਗੀ ਉਸਦੀ ਫਿਲਮ ਨੂੰ ਬੰਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਨੇ ਕਮਰ ਕੱਸੀ ਹੋਈ ਹੈ।

ਮਾਨਸਾ ਦੀ ਗੱਲ ਕਰੀਏ ਤਾਂ ਇੱਥੋਂ ਦੇ ਗ੍ਰੈਂਡ ਮਾਲ ਵਿੱਚ ਕਿਸਾਨਾਂ ਨੇ ਫ਼ਿਲਮ ਬੰਦ ਕਰਵਾ ਕੇ ਫਿਲਮ ਦੇ ਪੋਸਟਰ ਤੱਕ ਪਾੜ ਦਿੱਤੇ ਤੇ ਅਕਸ਼ੇ ਕੁਮਾਰ ਸਣੇ ਇਸ ਫਿਲਮ ਦੇ ਸਾਰੇ ਅਦਾਕਾਰਾਂ ਦੇ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਫਿਲਮ ਅਦਾਕਾਰ ਸੰਨੀ ਦਿਓਲ, ਅਕਸ਼ੈ ਕੁਮਾਰ ਅਤੇ ਕੰਗਨਾ ਰਣੌਤ ਖੇਤੀ ਕਾਨੂੰਨਾਂ ਦੀ ਹਮਾਇਤ ਕਰਦੇ ਹਨ। ਇਨ੍ਹਾਂ ਨੇ ਕਦੇ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਨਹੀਂ ਕੀਤੀ, ਜਿਸ ਕਰ ਕੇ ਕਿਸਾਨਾਂ ਦਾ ਫ਼ੈਸਲਾ ਹੈ ਕਿ ਉਹ ਇਨ੍ਹਾਂ ਅਦਾਕਾਰਾਂ ਦੀਆਂ ਫਿਲਮਾਂ ਸੂਬੇ ਦੇ ਕਿਸੇ ਵੀ ਸਿਨੇਮਾ ਘਰ ’ਚ ਨਹੀਂ ਚੱਲਣ ਦੇਣਗੇ।

ਉੱਧਰ ਵਿਰੋਧ ਝੱਲ ਰਹੇ ਸਿਨੇਮਾਘਰਾਂ ਦੇ ਮਾਲਕਾਂ ਨੇ ਵੀ ਮੌਕੇ ਦੀ ਨਜਾਕਤ ਨੂੰ ਸਮਝਦਿਆਂ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਿਨੇਮਾ ਘਰ ਵਿੱਚ ਫਿਲਮ ਨਹੀਂ ਦਿਖਾਉਣਗੇ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਵਿਰੋਧ ਜਾਰੀ ਰਹੇਗਾ ਤੇ ਕੇਂਦਰ ਸਰਕਾਰ ਦੇ ਨੇੜੇ ਹੋ ਹੋ ਕੇ ਬੈਠਣ ਵਾਲੇ ਇਨ੍ਹਾਂ ਕਲਾਕਾਰਾਂ ਦਾ ਵੀ ਵਿਰੋਧ ਕੀਤਾ ਜਾਵੇਗਾ।

ਕਾਦੀਆਂ ਵਿੱਚ ਵੀ ਇਸ ਫਿਲਮ ਦੇ ਖਿਲਾਫ ਕਿਸਾਨਾਂ ਨੇ ਬੀਕੇਯੂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਅਗਵਾਈ ਹੇਠ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਸਥਾਨਕ ਸਿਨੇਮਾ ਘਰ ਨੇੜੇ ਇਕੱਠੇ ਹੋ ਕੇ ਕਿਹਾ ਕਿ ਜਿਹੜਾ ਵੀ ਸਿਆਸੀ ਲੀਡਰ ਜਾਂ ਕੋਈ ਹੋਰ ਕਿਸਾਨ ਅੰਦੋਲਨ ਜਾਂ ਕਿਸਾਨਾਂ ਦੇ ਖ਼ਿਲਾਫ਼ ਬੋਲੇਗੇ, ਉਸਨੂੰ ਆਹੀ ਕੁੱਝ ਝੱਲਣਾ ਪਵੇਗਾ। ਇੱਥੇ ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਿਨੇਮਾ ਘਰ ਵਿੱਚ ਡੀਐੱਸਪੀ ਬਰਜਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲਿਸ ਤਾਇਨਾਤ ਕਰ ਦਿੱਤੀ ਤੇ ਡੀਐੱਸਪੀ ਦੀ ਪਹਿਲ ਕਦਮੀ ਨਾਲ ਸਿਨੇਮਾ ਮਾਲਕ ਫਿਲਮ ਹਟਾਉਣ ਤੇ ਪੋਸਟਰ ਉਤਾਰਨ ਲਈ ਰਾਜ਼ੀ ਹੋ ਗਏ। ਇਸ ਦੌਰਾਨ ਨੀਲਮ ਨੋਵਾ ਸਿਨੇਮਾ ਦੇ ਮੈਨੇਜਰ ਰਾਜ ਕੁਮਾਰ ਨੇ ਕਿਹਾ ਕਿ ਹੁਣ ਇਹ ਫਿਲਮ ਨਹੀਂ ਚਲਾਉਣਗੇ।

ਮੁਹਾਲੇ ਦੇ ਲਾਗਲੇ ਸ਼ਹਿਰ ਜੀਰਕਪੁਰ ਵਿਚ ਵੀ ਕਿਸਾਨ ਜਥੇਬੰਦੀਆਂ ਨੇ ਇੱਥੋਂ ਦੇ ਸਿਨੇਮਾਘਰਾਂ ਵਿਚ ਲੱਗੀ ਫਿਲਮ ਸੂਰਿਆਵੰਸ਼ੀ ਦਾ ਤਕੜਾ ਵਿਰੋਧ ਕੀਤਾ ਹੈ। ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ਸਥਿਤ ਸਿਨੇਮਾਘਰ ਜੇ ਬਾਹਰ ਕਿਸਾਨਾਂ ਨੇ ਇਕੱਠੇ ਹੋ ਕੇ ਫਿਲਮ ਬੰਦ ਕਰਵਾ ਦਿਤੀ। ਇਸ ਮੌਕੇ ਭਾਰੀ ਪੁਲਿਸ ਫੋਰਸ ਵੀ ਤੈਨਾਤ ਕੀਤੀ ਗਈ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਅਕਸ਼ੇ ਸ਼ੁਰੂ ਤੋਂ ਹੀ ਕਿਸਾਨਾਂ ਵਿਰੁੱਧ ਬਿਆਨਬਾਜੀ ਕਰ ਰਿਹਾ ਹੈ। ਉਸਦਾ ਵਿਰੋਧ ਜਾਰੀ ਰਹੇਗਾ।