Punjab

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਅੱਜ ਹੜਤਾਲ ‘ਤੇ, NIA ਦੀ ਕਾਰਵਾਈ ਤੋਂ ਤੰਗ ਆ ਕੇ ਚੁੱਕਿਆ ਕਦਮ

 ਚੰਡੀਗੜ੍ਹ :   ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਅੱਜ ਹੜਤਾਲ ਤੇ ਚੱਲੇ ਗਏ ਹਨ ਤੇ ਉਹ ਅੱਜ ਕੋਈ ਕੰਮ ਨਹੀਂ ਕਰਨਗੇ। ਪੰਜਾਬ-ਹਰਿਆਣਾ ਬਾਰ ਕੌਂਸਲ ਨੇ ਇਹ ਫੈਸਲਾ ਲਿਆ ਹੈ ਤੇ ਇਸ ਸਬੰਧ ਵਿੱਚ ਅੱਜ ਇੱਕ ਹੰਗਾਮੀ ਮੀਟਿੰਗ ਵੀ ਸੱਦੀ ਗਈ ਹੈ। ਇਹ ਫੈਸਲਾ ਕੱਲ ਐਨਆਈਏ ਦੀ ਕਾਰਵਾਈ ਤੋਂ ਬਾਅਦ ਲਿਆ ਗਿਆ ਹੈ।

ਬੀਤੇ ਦਿਨੀਂ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਐਨਆਈਏ ਨੇ ਦੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਵਕੀਲ ਦੇ ਚੰਡੀਗੜ੍ਹ ਦੇ ਸੈਕਟਰ 27 ਸਥਿਤ ਘਰ ਵੀ ਛਾਪਾ ਪਿਆ ਹੈ ਤੇ ਕਈ ਘੰਟਿਆਂ ਤੱਕ ਰਿਕਾਰਡ ਫਰੋਲੇ ਗਏ ਹਨ।

ਐਨਆਈਏ ਅਧਿਕਾਰੀਆਂ ਨੇ ਵਕੀਲ ਸ਼ੈਲੀ ਸ਼ਰਮਾ ਤੋਂ ਜੱਗੂ ਭਗਵਾਨਪੁਰੀਆ ਬਾਰੇ ਕਈ ਸਵਾਲ ਵੀ ਪੁੱਛੇ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਕੇਸ ਸਬੰਧੀ ਪੈਰਵੀ ਕੌਣ ਕਰ ਰਿਹਾ ਹੈ ਤੇ ਉਨ੍ਹਾਂ ਕੋਲ ਕੌਣ ਆਉਂਦਾ ਹੈ। ਇਸ ਸਾਰੀ ਕਾਰਵਾਈ ਤੋਂ ਬਾਅਦ ਐਨਆਈਏ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਵਕੀਲ ਦੇ ਦੋ ਫ਼ੋਨ ਵੀ ਜ਼ਬਤ ਕਰ ਲਏ ਹਨ। ਇਸ ਦੇ ਵਿਰੋਧ ਵਿੱਚ ਵਕੀਲਾਂ ਨੇ ਹਾਈ ਕੋਰਟ ਅਤੇ ਜ਼ਿਲ੍ਹਾ ਅਦਾਲਤ ਦਾ ਕੰਮ ਬੰਦ ਕਰ ਦਿੱਤਾ ਹੈ। ਵਕੀਲਾਂ ਨੇ ਦੋਸ਼ ਲਗਾਇਆ ਹੈ ਕਿ ਐਨਆਈਏ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।