India Punjab

ਪੰਜਾਬ ‘ਚ ਮੀਂਹ ਨੇ ਮਚਾਈ ਤਬਾਹੀ, ਕਿਸਾਨਾਂ ਦੀ ਕਣਕ ਭਿੱਜੀ, ਖੇਤ ਪਾਣੀ ਨਾਲ ਭਰੇ

ਪੰਜਾਬ ਦੇ ਵੱਡੇ ਹਿੱਸੇ ਵਿੱਚ ਅੱਜ ਬਾਰਸ਼ ਅਤੇ ਗੜ੍ਹਿਆਂ ਨੇ ਹਾੜੀ ਦੀ ਪ੍ਰਮੁੱਖ ਫ਼ਸਲ ਕਣਕ ਦਾ ਭਾਰੀ ਨੁਕਸਾਨ ਕੀਤਾ ਹੈ। ਮੰਡੀਆਂ ਵਿੱਚ ਪਈ ਕਣਕ ਵੀ ਮੀਂਹ ਦੀ ਮਾਰ ਹੇਠ ਆ ਗਈ ਅਤੇ ਖੇਤਾਂ ਵਿੱਚ ਖੜ੍ਹੀ ਫ਼ਸਲ ਵੀ ਨੁਕਸਾਨੀ ਗਈ। ਮੰਡੀਆਂ ਵਿੱਚ ਨੀਵੇਂ ਥਾਵਾਂ ‘ਤੇ ਕਣਕ ਪੂਰੀ ਤਰ੍ਹਾਂ ਭਿੱਜ ਗਈ ਹੈ। ਤਾਜ਼ੇ ਮੀਂਹ ਨਾਲ ਕਣਕ ਦੀ ਵਾਢੀ ‘ਤੇ ਵੀ ਅਸਰ ਪਿਆ ਤੇ ਕਈ ਜ਼ਿਲ੍ਹਿਆਂ ਵਿੱਚ ਕੰਬਾਈਨਾਂ ਨਾਲ ਕਟਾਈ ਮੁਸ਼ਕਿਲ ਹੋ ਗੀ ਹੈ। ਸੂਬੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

ਮੋਗਾ, ਬਰਨਾਲਾ, ਸੰਗਰੂਰ, ਲੁਧਿਆਣਾ ਅਤੇ ਹੋਰਨਾਂ ਕਈ ਜ਼ਿਲਿਆਂ ਵਿੱਚ ਭਾਰੀ ਗੜ੍ਹੇਮਾਰੀ ਦੀਆਂ ਰਿਪੋਰਟਾਂ ਹਨ। ਮੁਢਲੀਆਂ ਰਿਪੋਰਟਾਂ ਮੁਤਾਬਕ ਡਗਰੂ (ਮੋਗਾ) ਤੋਂ ਲੈ ਕੇ ਲੁਧਿਆਣਾ ਤੱਕ ਹਾਈਵੇਅ ਦੇ ਦੋਵੇਂ ਪਾਸ ਖਾਸ ਕਰਕੇ ਸਤਲੁਜ ਵਾਲੇ ਪਾਸੇ ਦੇ ਸੈਂਕੜੇ ਪਿੰਡਾਂ ‘ਚ ਭਾਰੀ ਮੀਂਹ ਤੋਂ ਇਲਾਵਾ ਮੋਗਾ ਜ਼ਿਲ੍ਹੇ ‘ਚ ਭਾਰੀ ਮੀਂਹ ਤੋਂ ਇਲਾਵਾ ਮੋਗਾ ਜ਼ਿਲ੍ਹੇ ‘ਚ ਰੱਤੀਆਂ, ਹਰੀਏਵਾਲਾ, ਥੂੜਪੁਰ (ਨਿਹਾਲਸਿੰਘ ਵਾਲਾ), ਤਖ਼ਤਪੁਰਾ, ਮਾਛੀਕੇ ਆਦਿ ਪਿੰਡਾਂ ਵਿੱਚ ਦਰਮਿਆਨੀ ਅਤੇ ਬਰਨਾਲੇ ਲਾਗੇ ਸੋਹੀਆਂ, ਦੀਵਾਨਾ, ਹਨੂਰ, ਗੰਗੋਹਰ, ਮਹਿਲ ਖੁਰਦ, ਪੰਡੋਰੀ, ਛਾਪਾ, ਕੁਰੜ ਆਦਿ ਪਿੰਡ ‘ਚ ਭਾਰੀ ਗੜ੍ਹੇਮਾਰੀ ਹੋਈ ਹੈ। ਪੱਕੀ ਕਣਕ ‘ਚ ਪਾਣੀ ਵੀ ਖੜ੍ਹ ਗਿਆ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਕਣਕ ਅਤੇ ਹੋਰਨਾਂ ਫਸਲਾਂ ਦੇ ਨੁਕਸਾਨ ਸਬੰਧੀ ਰਿਪੋਰਟਾਂ ਭੇਜਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਧਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁੱਖਦੇਵ ਸਿੰਘ ਕੋਕਰੀ ਕਲਾਂ ਨੇ ਤਾਜ਼ਾ ਮੀਂਹ ਅਤੇ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਦੀ ਤੁਰੰਤ ਭਰਪਾਈ ਕਰਨ ਦੇ ਮੰਗ ਕੀਤੀ ਹੈ। ਇਸ ਤੋਂ ਇਲਾਵਾ ਮੰਡੀਆਂ ‘ਚ ਕਣਕ ਦੀ ਬੇਹੱਦ ਸੁਸਤ ਖਰੀਦ ਤੇਜ਼ ਕਰਨ ਲਈ ਲੋੜੀਂਦੇ ਪ੍ਰਬੰਧਾ ਦੀ ਘਾਟ ਸਮੇਤ ਬਾਰਦਾਨਾ ਅਤੇ ਤਰਪਾਲਾਂ ਵਗੈਰਾ ਦੀ ਘਾਟ ਵੀ ਪੂਰੀ ਕੀਤੀ ਜਾਵੇ।

ਅੱਜ ਦੁਪਹਿਰ ਬਾਅਦ ਪਏ ਮੀਂਹ ਤੇ ਗੜ੍ਹਿਆਂ ਨੇ ਕਣਕ ਦੀ ਪੱਕੀ ਫ਼ਸਲ ਦਾ ਜਿੱਥੇ ਨੁਕਸਾਨ ਕੀਤਾ ਹੈ ਉਥੇ ਮੰਡੀਆਂ ਵਿੱਚ ਕਣਕ ਵੀ ਬੁਰੀ ਤਰ੍ਹਾਂ ਭਿੱਜ ਗਈ। ਸ਼ਾਹਕੋਟ, ਮਲਸੀਆਂ, ਲੋਹੀਆਂ ਤੇ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਤੇਜ਼ ਅਤੇ ਗੜ੍ਹੇਮਾਰੀ ਨਾਲ ਕਣਕ ਦੇ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਚਾਰ ਦਿਨ ਵੀ ਮੌਸਮ ਖ਼ਰਾਬ ਰਹਿਣ ਦੀ ਪਸ਼ੀਨਗੋਈ ਕੀਤੀ ਗਈ ਹੈ। ਮੀਂਹ ਦੌਰਾਨ ਕਈ ਮੰਡੀਆਂ ਵਿੱਚ ਤਾਂ ਕਿਸਾਨਾਂ ਨੂੰ ਤਰਪਾਲਾਂ ਦੀ ਘਾਟ ਰੜਕਦੀ ਰਹੀ। ਜਲੰਧਰ ਤੇ ਕਪੂਰਥਲਾ ਦੀਆਂ ਕਈ ਮੰਡੀਆਂ ਵਿੱਚ ਪਾਣੀ ਖੜ੍ਹਾ ਹੋ ਗਿਆ ਸੀ। ਦੋ-ਤਿੰਨ ਦਿਨਾਂ ਤੋਂ ਮੌਸਮ ਦੀ ਚੱਲ ਰਹੀ ਖ਼ਰਾਬੀ ਕਾਰਨ ਕਣਕ ਦੀ ਵਾਢੀ ਦਾ ਕੰਮ ਤੇਜੀ ਨਹੀਂ ਫੜ੍ਹ ਰਿਹਾ। ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਵਿੱਚ ਕਣਕ ਦੇ ਬੋਹਲਾਂ ਵਿੱਚ ਪਾਣੀ ਫਿਰ ਗਿਆ। ਮੰਡੀ ਵਿੱਚੋਂ ਪਾਣੀ ਕੱਢਣ ਲਈ ਕਿਸਾਨਾਂ ਨੇ ਟਰੈਕਟਰਾਂ ਪਿੱਛੇ ਕਰਾਹੇ ਪਾ ਕੇ ਪਾਣੀ ਬਾਹਰ ਕੱਢਣ ਦੇ ਦੀ ਕੋਸ਼ਿਸ਼ ਕੀਤੀ। ਮਜ਼ਦੂਰਾਂ ਦੇ ਨਾਲ ਕਈ ਆੜ੍ਹਤੀਏ ਵੀ ਮੰਡੀ ‘ਚੋਂ ਪਾਣੀ ਕੱਢਣ ‘ਚ ਮਦਦ ਕਰਦੇ ਰਹੇ। ਕਿਸਾਨਾਂ ਨੇ ਦੱਸਿਆ ਕਿ ਮੀਂਹ ਇੰਨੀ ਤੇਜ਼ੀ ਨਾਲ ਆਇਆ ਕਿ ਸੰਭਲਣ ਦੇ ਮੌਕਾ ਹੀ ਨਹੀਂ ਮਿਲਿਆਂ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਐਰੀ ਨੇ ਦੱਸਿਆ ਕਿ ਗ੍ਹੜੇ ਪੈਣ ਨਾਲ ਕਈ ਇਲਾਕਿਆਂ ਵਿੱਚ ਪੱਕੀ ਕਣਕ ਦਾ ਨੁਕਸਾਨ ਹੋਇਆ ਹੈ ਅਤੇ ਝਾੜ ‘ਤੇ ਇਸਦਾ ਅਸਰ ਪਵੇਗਾ।