Punjab

ਪੰਜਾਬ ‘ਚ ਜਲਦ ਖੋਲ੍ਹੇ ਜਾਣਗੇ ਕਾਲਜ – ਤ੍ਰਿਪਤ ਰਜਿੰਦਰ ਸਿੰਘ ਬਾਜਵਾ

‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਘੱਟ ਹੋਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਜਲਦ ਕਾਲਜ ਖੋਲ੍ਹ ਸਕਦੀ ਹੈ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਖ਼ੁਲਾਸਾ ਕਰਦਿਆਂ ਕਿਹਾ ਕਿ ਕੈਬਨਿਟ ਦੀ ਮੀਟਿੰਗ ਵਿੱਚ ਜਲਦ ਇਸ ‘ਤੇ ਮੋਹਰ ਲਾ ਦਿੱਤੀ ਜਾਵੇਗੀ। ਬਾਜਵਾ ਨੇ ਕਿਹਾ ਕਿ ਪਹਿਲਾਂ ਹੀ ਕਾਲਜ ਦੇ ਵਿਦਿਆਰਥੀਆਂ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ, ਹੁਣ ਹੋਰ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।

 ਅਨਲੌਕ 5 ਵਿੱਚ ਸਕੂਲ ਅਤੇ ਕਾਲਜਾਂ ਨੂੰ ਖੋਲਣ ਦੀ ਮਿਲੀ ਮਨਜ਼ੂਰੀ

ਅਨਲੌਕ 5 ਵਿੱਚ ਸਕੂਲ ਅਤੇ ਕਾਲਜ ਖੋਲਣ ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ। ਕੇਂਦਰ ਸਰਕਾਰ ਨੇ ਕਿਹਾ ਸੀ ਕਿ 15 ਅਕਤੂਬਰ ਤੋਂ ਸੂਬੇ ਸਕੂਲ, ਕਾਲਜ ਖੋਲਣ ਦਾ ਫ਼ੈਸਲਾ ਲੈ ਸਕਦੇ ਹਨ ਪਰ ਨਾਲ ਹੀ ਇਹ ਵੀ ਦਿਸ਼ਾ-ਨਿਰਦੇਸ਼ ਦਿੱਤੇ ਸਨ ਕਿ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਮਾਪਿਆਂ ਤੋਂ ਉਨ੍ਹਾਂ ਦੀ ਰਜ਼ਾਮੰਦੀ ਲੈਣੀ ਜ਼ਰੂਰੀ ਹੋਵੇਗੀ। ਯੂਪੀ,ਹਰਿਆਣਾ ਅਤੇ ਪੰਜਾਬ ਨੇ ਸਕੂਲ ਖੋਲਣ ਦਾ ਫ਼ੈਸਲਾ ਕੀਤਾ ਸੀ ਜਦਕਿ ਦਿੱਲੀ ਨੇ ਹੁਣ ਵੀ ਸਕੂਲ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ।