India Punjab

ਪ੍ਰਧਾਨ ਮੰਤਰੀ ਜੀ, ਲਖੀਮਪੁਰ ਮਰੇ ਕਿਸਾਨ ਵੀ ਆਪਣੇ ਹੀ ਦੇਸ਼ ਦੇ ਬਸ਼ਿੰਦੇ ਹਨ….

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਲਖੀਮਪੁਰ ਖੀਰੀ ਵਿੱਚ ਗੱਡੀ ਨਾਲ ਦਰੜੇ ਕਿਸਾਨਾਂ ਦੇ ਜਖਮ ਹਾਲੇ ਤਾਜਾ ਹਨ। ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਦੇਸ਼ ਦਾ ਹੁਕਮਰਾਨ ਆਪਣੀ ਪਰਜਾ ਦੇ ਦੁੱਖ ਨੂੰ ਬਰਾਬਰ ਮਹਿਸੂਸ ਕਰੇ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੂੰਹੋਂ ਹੁਣ ਤੱਕ ਦਿੱਲੀ ਵਿਖੇ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਤੇ ਇਸੇ ਪ੍ਰਦਰਸ਼ਨ ਦੌਰਾਨ ਜਾਨ ਗਵਾਉਣ ਵਾਲਿਆਂ ਦੇ ਲਈ ਕਿਸੇ ਵੀ ਤਰ੍ਹਾਂ ਦੀ ਸੰਵੇਦਨਾ ਉਤਰਦੀ ਨਜਰ ਨਹੀਂ ਆਈ ਹੈ। ਲਖੀਮਪੁਰ ਖੀਰੀ ਦੀ ਘਟਨਾ ਉੱਤੇ ਚੁੱਪ ਰਹਿਣ ਤੋਂ ਬਾਅਦ ਯੂਪੀ ਦੇ ਬਾਰਾਬੰਕੀ ਵਿਚ ਵਾਪਰੇ ਸੜਕ ਹਾਦਸੇ ਵਿੱਚ ਪੀਐੱਮ ਮੋਦੀ ਨਰਿੰਦਰ ਮੋਦੀ ਤੇ ਯੂਪੀ ਦੇ ਸੀਐੱਮ ਯੋਗੀ ਅਦਿੱਤਿਆਨਾਥ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੰਨਾ ਹੀ ਨਹੀਂ ਯੂਪੀ ’ਚ ਸੜਕ ਹਾਦਸੇ ਕਾਰਨ ਜਾਨ ਗਵਾਉਣ ਵਾਲੇ 9 ਲੋਕਾਂ ਤੇ 27 ਜ਼ਖ਼ਮੀਆਂ ਲਈ ਮੋਦੀ ਤੇ ਯੋਗੀ ਨੇ ਮੁਆਵਜ਼ੇ ਦਾ ਵੀ ਐਲਾਨ ਕੀਤਾ ਹੈ।

ਜਾਣਕਾਰੀ ਮੁਤਾਬਿਕ ਨਰਿੰਦਰ ਮੋਦੀ ਤੇ ਯੋਗੀ ਆਦਿੱਤਿਆਨਾਥ ਨੇ ਬਕਾਇਦਾ ਟਵੀਟ ਕੀਤੇ ਹਨ। ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਲਈ 2-2 ਲੱਖ ਰੁਪਏ ਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਕਰਨਾਟਕਾ ਵਿੱਚ ਘਰ ਦੀ ਛੱਤ ਡਿੱਗਣ ਨਾਲ ਜਾਨ ਗਵਾਉਣ ਲੋਕਾਂ ਲਈ ਵੀ ਪੀਐਮ ਮੋਦੀ ਨੇ ਮੁਆਵਜੇ ਦਾ ਐਲਾਨ ਕੀਤਾ ਹੈ।

ਪਰ ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਇਕ ਗੱਡੀ ਦਰੜ ਕੇ ਚਲੀ ਜਾਂਦੀ। ਘਟਨਾ ਦੇ ਪੱਕੇ ਸਬੂਤ ਵੀ ਵਾਇਰਲ ਹੋ ਜਾਂਦੇ ਹਨ। ਤੇ ਇਹ ਵੀ ਸਾਫ ਹੋ ਜਾਂਦਾ ਹੈ ਕਿ ਘਟਨਾ ਦੇ ਤਾਰ ਸੱਤਾਧਾਰੀ ਕੇਂਦਰ ਸਰਕਾਰ ਦੀ ਆਪਣੀ ਪਾਰਟੀ ਦੇ ਲੋਕਾਂ ਨਾਲ ਜੁੜੇ ਹਨ। ਫਿਰ ਵੀ ਪੀਐੱਮ ਮੋਦੀ ਜਾਂ ਕਿਸੇ ਸੂਬੇ ਦੇ ਸੀਐੱਮ ਵਲੋਂ ਕੋਈ ਦੁੱਖ ਜਾਹਿਰ ਨਹੀਂ ਕੀਤਾ ਜਾਂਦਾ, ਤੇ ਇਸ ਦੁਖਦਾਈ ਘਟਨਾ ਦੇ ਬੇਕਸੂਰੇ ਸ਼ਿਕਾਰ ਲੋਕਾਂ ਨੂੰ ਕੋਈ ਮੁਆਵਜ਼ਾ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ।