The Khalas Tv Blog Punjab ਪਾਵਨ ਸਰੂਪ ਮਾਮਲਾ: SGPC ਦਾ ਆਡਿਟ ਕਰਨ ਵਾਲੀ ਕੰਪਨੀ ਦੇ ਦਫਤਰ ਨੂੰ ਲਾਏ ਜਿੰਦੇ, ਕਰਮਚਾਰੀ ਘਰਾਂ ਨੂੰ ਤੋਰੇ
Punjab

ਪਾਵਨ ਸਰੂਪ ਮਾਮਲਾ: SGPC ਦਾ ਆਡਿਟ ਕਰਨ ਵਾਲੀ ਕੰਪਨੀ ਦੇ ਦਫਤਰ ਨੂੰ ਲਾਏ ਜਿੰਦੇ, ਕਰਮਚਾਰੀ ਘਰਾਂ ਨੂੰ ਤੋਰੇ

‘ਦ ਖ਼ਾਲਸ ਬਿਊਰੋ:- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦਾ ਆਡਿਟ ਕਰਨ ਵਾਲੀ ਇੱਕ ਪ੍ਰਾਈਵੇਟ ਕੰਪਨੀ ਦੇ ਸ਼੍ਰੋਮਣੀ ਕਮੇਟੀ ਕੰਪਲੈਕਸ ਵਿਚਲੇ ਦਫ਼ਤਰ ਬੰਦ ਕਰ ਦਿੱਤੇ ਗਏ ਹਨ ਅਤੇ ਸਬੰਧਿਤ ਕਰਮਚਾਰੀ ਘਰਾਂ  ਨੂੰ ਭੇਜ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਆਡਿਟ ਕਰਨ ਵਾਲੀ ਇਸ ਪ੍ਰਾਈਵੇਟ ਕੰਪਨੀ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਸਨ। 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਜਾਂਚ ਰਿਪੋਰਟ ’ਚ ਇਸ ਆਡਿਟ ਕੰਪਨੀ ਨੂੰ ਵੀ ਦੋਸ਼ੀ ਦੱਸਿਆ ਗਿਆ ਹੈ।

ਐੱਸਐੱਸ ਕੋਹਲੀ ਨਾਂ ਦੀ ਇਸ ਆਡਿਟ ਕੰਪਨੀ ਨੂੰ ਕੰਮਕਾਜ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਦਫਤਰ ਮੁਹੱਈਆ ਕੀਤਾ ਗਿਆ ਸੀ। ਇਸ ਦਫ਼ਤਰ ’ਚ ਪ੍ਰਾਈਵੇਟ ਕੰਪਨੀ ਦੇ ਆਪਣੇ ਕਰਮਚਾਰੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮੁਹੱਈਆ ਕੀਤੇ ਕਰਮਚਾਰੀ ਸਿੱਖ ਸੰਸਥਾ ਦੇ ਵਿੱਤੀ ਲੇਖੇ ਜੋਖੇ ਦਾ ਕੰਮ ਕਰਦੇ ਸਨ। ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ਮਗਰੋਂ ਇਸ ਕੰਪਨੀ ਦੀਆਂ ਸੇਵਾਵਾਂ ਤੁਰੰਤ ਬੰਦ ਕਰਦਿਆਂ ਦਫ਼ਤਰ ਵੀ ਬੰਦ ਕਰ ਦਿੱਤਾ ਗਿਆ ਹੈ। ਕੰਪਨੀ ਨਾਲ ਸਬੰਧਤ ਕਰਮਚਾਰੀ ਵਾਪਸ ਚਲੇ ਗਏ ਹਨ ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਮੁਹੱਈਆ ਕਰਵਾਏ ਗਏ ਕਰਮਚਾਰੀ ਵਾਪਸ ਆਪਣੇ ਦਫਤਰਾਂ ਵਿੱਚ ਚਲੇ ਗਏ ਹਨ।

ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਮੀਤ ਸਕੱਤਰ ਕੁਲਵਿੰਦਰ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ’ਤੇ ਅਮਲ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਸਬੰਧਿਤ ਦਫ਼ਤਰ ਨੂੰ ਤਾਲਾ ਮਾਰ ਦਿੱਤਾ ਹੈ।  ਜਾਂਚ ਕਮੇਟੀ ਦੀ ਰਿਪੋਰਟ ’ਚ ਇਸ ਆਡਿਟ ਕੰਪਨੀ ’ਤੇ ਪਬਲੀਕੇਸ਼ਨ ਵਿਭਾਗ ਦਾ 2016 ਤੋਂ ਇੰਟਰਨਲ ਆਡਿਟ ਨਾ ਕਰਨ ਦਾ ਦੋਸ਼ ਲਾਇਆ ਗਿਆ ਹੈ।

ਜਾਂਚ ਰਿਪੋਰਟ ਵਿੱਚ ਇਹ ਵੀ ਦਰਜ ਕੀਤਾ ਗਿਆ ਹੈ ਕਿ ਜੇਕਰ ਆਡਿਟ ਨਿਰੰਤਰ ਹੁੰਦਾ ਤਾਂ ਪਬਲੀਕੇਸ਼ਨ ਵਿਭਾਗ ਦੇ ਰਿਕਾਰਡ ਵਿੱਚੋਂ ਘੱਟ ਹੋਏ ਪਾਵਨ ਸਰੂਪਾਂ ਦਾ ਸਮੇਂ ਸਿਰ ਪਤਾ ਲੱਗ ਸਕਦਾ ਸੀ। ਵੇਰਵਿਆਂ ਮੁਤਾਬਕ ਇਹ ਕੰਪਨੀ 2009 ਤੋਂ ਸਿੱਖ ਸੰਸਥਾ ਦਾ ਆਡਿਟ ਕਰ ਰਹੀ ਹੈ, ਜਿਸ ਨੂੰ ਹੁਣ ਤੱਕ ਕਈ ਕਰੋੜ  ਰੁਪਏ ਮਿਹਨਤਾਨੇ ਵਜੋਂ ਦਿੱਤੇ ਜਾ ਚੁੱਕੇ ਹਨ।

Exit mobile version