‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਕਿਸਤਾਨ ਦੇ ਲਾਹੌਰ ਕਿਲੇ ਵਿੱਚ ਸਥਾਪਤ ਸ਼ੇਰ–ਏ–ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 18ਵੀਂ ਸਦੀ ਵਿੱਚ ਬਣਿਆ ਬੁੱਤ ਇੱਕ ਫ਼ਿਰਕੂ ਕਿਸਮ ਦੇ ਸ਼ਰਾਰਤੀ ਅਨਸਰ ਨੇ ਤੋੜ ਦਿੱਤਾ ਹੈ।ਮੀਡੀਆ ਰਿਪੋਰਟਾਂ ਅਨੁਸਾਰ ਇਹ ਵਿਅਕਤੀ ‘ਤਹਿਰੀਕ–ਏ–ਲੱਬੈਕ ਪਾਕਿਸਤਾਨ’ ਯਾਨੀ ਕਿ ਟੀਐੱਲਪੀ ਨਾਂ ਦੀ ਇੱਕ ਬੇਹੱਦ ਕੱਟੜ ਜੱਥੇਬੰਦੀ ਦਾ ਕਾਰਕੁੰਨ ਹੈ।ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਇਸ ਜੱਥੇਬੰਦੀ ਉੱਤੇ ਇਸੇ ਵਰ੍ਹੇ ਪਾਬੰਦੀ ਲਗਾਈ ਸੀ।
ਬੁੱਤ ਤੋੜੇ ਜਾਣ ਦੀ ਘਟਨਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਹ ਵਿਅਕਤੀ ਬੁੱਤ ਦੀ ਤੋੜਭੰਨ ਕਰ ਰਿਹਾ ਹੈ।ਦੱਸ ਦੇਈਏ ਕਿ ਇਹ ਬੁੱਤ 2019 ਤੋਂ ਤਿੰਨ ਵਾਰ ਤੋੜਿਆ ਜਾ ਚੁੱਕਾ ਹੈ।ਹਾਲਾਂਕਿ ਕਈ ਲੋਕ ਇਸ ਵਿਅਕਤੀ ਨੂੰ ਇਕ ਪਾਸੇ ਲੈ ਕੇ ਜਾਂਦੇ ਵੀ ਦਿਸ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਬੁੱਤ 27 ਜੂਨ 2019 ਨੂੰ ਲਾਹੌਰ ਕਿਲੇ ਦੀ ਸਿੱਖ ਗੈਲਰੀ ਦੇ ਬਾਹਰ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਸਥਾਪਿਤ ਕੀਤਾ ਗਿਆ ਸੀ।ਪਰ ਉਸ ਬੁੱਤ ਨੂੰ 5 ਅਗਸਤ, 2019 ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਤੋੜ ਵੀ ਦਿੱਤਾ ਸੀ।ਉਸ ਤੋਂ ਬਾਅਦ ਦਸੰਬਰ 2020 ਵਿੱਚ ਇਹ ਬੁੱਤ ਤੋੜਿਆ ਗਿਆ ਸੀ।
ਇਹ ਬੁੱਤ 9 ਫ਼ੁੱਟ ਦਾ ਹੈ ਤੇ ਇਹ ਫ਼ਾਈਬਰ ਅਤੇ ਕਾਂਸੇ ਦਾ ਬਣਿਆ ਹੋਇਆ ਹੈ।ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਆਪਣੇ ਮਨਪਸੰਦ ਅਰਬੀ ਘੋੜੇ ‘ਕਹਿਰ ਬਹਿਰ’ ‘ਤੇ ਬੈਠੇ ਵਿਖਾਈ ਦੇ ਰਹੇ ਹਨ।
ਉੱਧਰ, ਇਸ ਘਟਨਾ ਤੋਂ ਬਾਅਦ ਟਵੀਟ ਰਾਹੀਂ ਆਪਣੀ ਨਾਰਾਜਗੀ ਜਾਹਿਰ ਕਰਦਿਆਂ ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਕਿਹਾ ਇਹ ਪਹਿਲੀ ਵਾਰ ਨਹੀਂ ਤੀਜੀ ਵਾਰ ਹੋਇਆ ਹੈ।ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਕੱਟੜ ਕਿਸਮ ਦੀ ਕਰਤੂਤ ਹੈ ਤੇ ਨਿੰਦਾ ਯੋਗ ਹੈ।ਸਿਰਸਾ ਨੇ ਕਿਹਾ ਵਿਦੇਸ਼ ਮੰਤਰਾਲੇ ਨਾਲ ਇਸ ਬਾਰੇ ਗੱਲ ਕੀਤੀ ਹੈ। ਮੰਤਰਾਲੇ ਨੇ ਪਾਕਿਸਤਾਨ ਨਾਲ ਇਸ ਬਾਰੇ ਗੱਲ ਕਰਨ ਦਾ ਭਰੋਸਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨ ਜੇਕਰ ਲੋਕਤੰਤਰ ਵਾਲਾ ਦੇਸ਼ ਹੈ ਤਾਂ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਕੱਟੜਵਾਦ ਦੀ ਨਿਸ਼ਾਨੀ ਹੈ।