India

ਪਹਾੜਾਂ ’ਚ ਜੰਮ ਕੇ ਪਵੇਗੀ ਬਰਫ਼ਬਾਰੀ, ਮੈਦਾਨੀ ਇਲਾਕਿਆਂ ’ਚ ਪੈ ਸਕਦਾ ਹੈ ਮੀਂਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤੂਫਾਨ ‘ਜਵਾਦ’ ਕਮਜ਼ੋਰ ਹੋ ਕੇ ਡੂੰਘੇ ਦਬਾਅ ’ਚ ਬਦਲ ਗਿਆ ਹੈ। ਉੱਥੇ, ਇਕ ਤਾਜ਼ਾ ਪੱਛਮੀ ਹਵਾਵਾਂ ਦੀ ਗੜਬੜੀ ਪੱਛਮੀ ਹਿਮਾਲਿਆ ਨੇੜੇ ਮੌਜੂਦ ਹੈ। ਇਹੀ ਨਹੀਂ, ਦੱਖਣੀ ਗੁਜਰਾਤ ਕੰਢੇ ਨੇੜੇ ਪੂਰਬ-ਉੱਤਰ ਅਰਬ ਸਾਗਰ ’ਤੇ ਇਕ ਸਰਕੂਲੇਸ਼ਨ ਬਣ ਗਿਆ ਹੈ। ਇਸ ਕਾਰਨ ਵਿਆਪਕ ਮੌਸਮੀ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ, ਜੰਮੂ-ਕਸ਼ਮੀਰ ਸਮੇਤ ਹੋਰ ਪਹਾੜੀ ਇਲਾਕਿਆਂ ’ਚ ਅਗਲੇ ਦੋ ਦਿਨਾਂ ਤਕ ਹਲਕੀ ਤੋਂ ਭਾਰੀ ਬਰਫ਼ਬਾਰੀ ਹੋਵੇਗੀ। ਇਹੀ ਨਹੀਂ, ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਬਾਰਸ਼ ਦਾ ਅਨੁਮਾਨ ਹੈ। ਇਸ ਕਾਰਨ ਦੇਸ਼ ਦੇ ਕਈ ਹਿੱਸਿਆਂ ’ਚ ਹੱਡ ਕੰਬਾਉਣ ਵਾਲੀ ਸਰਦੀ ਦੀ ਸ਼ੁਰੂਆਤ ਹੋਣ ਦਾ ਅਨੁਮਾਨ ਹੈ।

ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ, ਜੰਮੂ-ਕਸ਼ਮੀਰ ’ਚ ਦੋ ਦਿਨਾਂ ਤਕ ਹਲਕੀ ਤੋਂ ਭਾਰੀ ਬਰਫ਼ਬਾਰੀ ਹੋਵੇਗੀ, ਜਿਸ ਨਾਲ ਘੱਟੋ-ਘੱਟ ਤਾਪਮਾਨ ’ਚ ਵਾਧਾ ਹੋਵੇਗਾ। ਮੌਸਮ ਵਿਭਾਗ ਅਨੁਸਾਰ, ਸੋਮਵਾਰ ਸ਼ਾਮ ਤਕ ਬਰਫ਼ਬਾਰੀ ਦਾ ਅਨੁਮਾਨ ਹੈ। ਕਸ਼ਮੀਰ ਦੇ ਮੈਦਾਨੀ ਇਲਾਕਿਆਂ ’ਚ ਦੋ ਤੋਂ ਤਿੰਨ ਇੰਚ, ਜਦੋਂਕਿ ਉੱਚਾਈ ਵਾਲੇ ਇਲਾਕਿਆਂ ’ਚ ਛੇ ਤੋਂ ਸੱਤ ਇੰਚ ਬਰਫ਼ਬਾਰੀ ਦੇ ਆਸਾਰ ਹਨ। ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਵੀ ਬਾਰਸ਼ ਅਤੇ ਬਰਫ਼ਬਾਰੀ ਹੋਣ ਦਾ ਅਨੁਮਾਨ ਹੈ। ਦੋਵੇਂ ਹੀ ਰਾਜਾਂ ’ਚ ਉੱਚੇ ਖੇਤਰਾਂ ’ਚ ਬਰਫ਼ਬਾਰੀ ਅਤੇ ਮੈਦਾਨਾਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਉੱਤਰ ਭਾਰਤ ਦੇ ਹਿੱਸਿਆਂ ’ਚ ਠੰਢ ਦੀ ਸ਼ੁਰੂਆਤ ਹੋ ਜਾਵੇਗੀ।

Comments are closed.