Punjab

ਪਲਾਜ਼ਮਾ ਦਾਨ ਵੀ ਆਮ ਲੋਕ ਕਰਨ ਤੇ ਖਰੀਦਣ ਵੀ ਆਮ ਲੋਕ,ਭਗਵੰਤ ਮਾਨ ਨੇ ਕੈਪਟਨ ‘ਤੇ ਕੱਢਿਆ ਗੁੱਸਾ

‘ਦ ਖ਼ਾਲਸ ਬਿਊਰੋ:- ਪੰਜਾਬ ਸਰਕਾਰ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਦਾਨ ‘ਚ ਇਕੱਠੇ ਹੋਣ ਵਾਲੇ ਪਲਾਜ਼ਮਾ (ਬਲੱਡ ਸੈੱਲ) ਨੂੰ ਮੋਟੀ ਕੀਮਤ ‘ਤੇ ਵੇਚੇ ਜਾਣ ਦਾ ਸਖ਼ਤ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਅੱਜ ਸੂਬੇ ਭਰ ‘ਚ ਰੋਸ ਪ੍ਰਗਟ ਕਰੇਗੀ। ਪਾਰਟੀ ਨੇ ਐਲਾਨ ਕੀਤਾ ਹੈ ਕਿ ਭਗਵੰਤ ਮਾਨ ਤੇ ਹਰਪਾਲ ਚੀਮਾ ਕੈਪਟਨ ਦਾ ‘ਮੋਤੀ ਮਹਿਲ’ ਘੇਰਨਗੇ।

ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਬੇਤੁਕੇ ਤੇ ਲੋਕ ਵਿਰੋਧੀ ਫ਼ੈਸਲੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਵੀ ਸੜਕਾਂ ‘ਤੇ ਉੱਤਰਨ ਨੂੰ ਮਜਬੂਰ ਕਰ ਰਹੇ ਹਨ। ਜਿੱਥੇ ਕੇਂਦਰ ਸਰਕਾਰ ਵੱਲੋਂ ਥੋਪੇ ਜਾ ਰਹੇ ਖੇਤੀ ਵਿਰੋਧੀ ਆਰਡੀਨੈਂਸਾਂ ਨੇ ਸਾਨੂੰ ਸੜਕਾਂ ‘ਤੇ ਰੋਸ ਮੁਜ਼ਾਹਰੇ ਕਰਨ ਲਈ ਮਜਬੂਰ ਕੀਤਾ ਹੋਇਆ ਹੈ, ਉੱਥੇ ਹੀ ਕੋਰੋਨਾ ਵਿਰੁੱਧ ਲੜਾਈ ‘ਚ ਮਰੀਜ਼ਾਂ ਨੂੰ ਰਾਹਤ ਦੇਣ ਦੀ ਥਾਂ ਉਨ੍ਹਾਂ ਕੋਲੋਂ ਦਾਨ ‘ਚ ਇਕੱਠੇ ਹੋਏ ਖ਼ੂਨ (ਪਲਾਜ਼ਮਾ) ਨੂੰ 20 ਹਜ਼ਾਰ ਰੁਪਏ ਵਸੂਲੇ ਜਾਣਗੇ ਤਾਂ ਆਮ ਆਦਮੀ ਪਾਰਟੀ ਕਿਸੇ ਵੀ ਕੀਮਤ ‘ਤੇ ਚੁੱਪ ਨਹੀਂ ਬੈਠ ਸਕਦੀ।

ਭਗਵੰਤ ਮਾਨ ਨੇ ਕਿਹਾ, ”ਅਸੀਂ ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਸਰਕਾਰ ਦੀ ਇਸ ਲੁੱਟ ਦਾ ਵਿਰੋਧ ਕਰਦੇ ਹਾਂ। ਇਸ ਫ਼ੈਸਲੇ ਖ਼ਿਲਾਫ਼ 31 ਜੁਲਾਈ ਨੂੰ ਪੰਜਾਬ ਭਰ ‘ਚ ਕੋਰੋਨਾ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਸ਼ਾਂਤੀਪੂਰਵਕ ਤੇ ਸੰਕੇਤਕ ਰੋਸ ਪ੍ਰਦਰਸ਼ਨ ਕਰਾਂਗੇ।”

ਭਗਵੰਤ ਮਾਨ ਨੇ ਦੱਸਿਆ ਕਿ ਉਹ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨਾਲ ਪਟਿਆਲਾ ਵਿਖੇ ਮੁੱਖ ਮੰਤਰੀ ਨਿਵਾਸ (ਮੋਤੀ ਮਹਿਲ) ਅੱਗੇ ਰੋਸ ਪ੍ਰਦਰਸ਼ਨ ‘ਤੇ ਬੈਠਣਗੇ ਜਿਸ ‘ਚ ਉਨ੍ਹਾਂ ਦਾ ਸਾਥ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾਂ ਤੇ ਮੀਤ ਹੇਅਰ ਮੁਹਾਲੀ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਕੋਠੀ ਨੂੰ ਘੇਰਨਗੇ।

ਇਸ ਤੋਂ ਇਲਾਵਾ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਦੀਆਂ ਇਕਾਈਆਂ ਆਪਣੇ-ਆਪਣੇ ਵਿਧਾਇਕਾਂ ਜਾਂ ਸਥਾਨਕ ਆਗੂਆਂ ਨਾਲ ਸਬੰਧਿਤ ਐੱਸਡੀਐੱਮ ਜਾਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਸਾਹਮਣੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਮੰਗ ਪੱਤਰ ਸੌਂਪਣਗੇ।