India

ਨਿੱਜੀਕਰਨ ਖਿਲਾਫ਼ ਬੈਂਕ ਯੂਨੀਅਨਾਂ ਦੀ ਦੋ ਰੋਜ਼ਾ ਹੜਤਾਲ 16 ਤੋਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਬੈਂਕ ਯੂਨੀਅਨਾਂ ਦੇ ਸਾਂਝੇ ਫੋਰਮ (ਯੂਐੱਫਬੀਯੂ) ਨੇ ਸਰਕਾਰੀ ਮਾਲਕੀ ਵਾਲੇ ਦੋ ਬੈਂਕਾਂ ਦੇ ਤਜਵੀਜ਼ਤ ਨਿੱਜੀਕਰਨ ਖ਼ਿਲਾਫ਼ 16 ਦਸੰਬਰ ਤੋਂ ਦੋ ਰੋਜ਼ਾ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਸਾਂਝੇ ਫੋਰਮ ਵਿੱਚ ਨੌਂ ਬੈਂਕ ਯੂਨੀਅਨਾਂ ਸ਼ਾਮਲ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਫਰਵਰੀ ਵਿੱਚ ਪੇਸ਼ ਕੀਤੇ ਕੇਂਦਰੀ ਬਜਟ ਵਿੱਚ ਸਰਕਾਰ ਦੀ ਅਪਨਿਵੇਸ਼ ਯੋਜਨਾ ਤਹਿਤ ਸਰਕਾਰ ਮਾਲਕੀ ਵਾਲੇ ਦੋ ਬੈਂਕਾਂ ਦੇ ਨਿੱਜੀਕਰਨ ਦਾ ਐਲਾਨ ਕੀਤਾ ਸੀ। ਸਰਕਾਰ ਸਾਲ 2019 ਵਿੱਚ ਆਈਡੀਬੀਆਈ ਬੈਂਕ ਵਿੱਚ ਆਪਣਾ ਇਕ ਵੱਡਾ ਹਿੱਸਾ ਐੱਲਆਈਸੀ ਨੂੰ ਵੇਚ ਕੇ ਪਹਿਲਾਂ ਹੀ ਇਸ ਦਾ ਨਿੱਜੀਕਰਨ ਕਰ ਚੁੱਕੀ ਹੈ ਜਦੋਂਕਿ ਪਿਛਲੇ ਚਾਰ ਸਾਲਾਂ ਵਿੱਚ 14 ਸਰਕਾਰੀ ਬੈਂਕਾਂ ਦਾ ਰਲੇਵਾਂ ਕੀਤਾ ਗਿਆ ਹੈ। ਸਰਕਾਰ ਨੇ ਨਿੱਜੀਕਰਨ ਦੇ ਆਪਣੇ ਮਨਸੂਬੇ ਨੂੰ ਪੂਰਾ ਕਰਨ ਲਈ ਮੌਜੂਦਾ ਸਰਦ ਰੁੱਤ ਇਜਲਾਸ ਵਿਚ ਬੈਂਕਿੰਗ ਕਾਨੂੰਨ (ਸੋਧ) ਬਿੱਲ 2021 ਨੂੰ ਸੰਸਦੀ ਕਾਰਜਸੂਚੀ ਵਿੱਚ ਸ਼ਾਮਲ ਕੀਤਾ ਹੋਇਆ ਹੈ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏਆਈਬੀਈਏ) ਦੇ ਜਨਰਲ ਸਕੱਤਰ ਸੀ.ਐੱਚ.ਵੈਂਕਟਾਚਲਮ ਨੇ ਕਿਹਾ ਕਿ ਦੋ ਰੋਜ਼ਾ ਹੜਤਾਲ ਲਈ ਆਈਬੀਏ ਨੂੰ ਨੋਟਿਸ ਭੇਜ ਦਿੱਤਾ ਹੈ।