India Punjab

ਨਿਹੰਗਾਂ ਨੂੰ ਸਹੀ ਦੱਸਣ ਵਾਲਾ ਇੱਕ ਹੋਰ ਵਿਅਕਤੀ ਗ੍ਰਿਫ਼ਤਾਰ

ਚੰਡੀਗੜ੍ਹ ( ਹਿਨਾ ) ਇੱਥੇ ਪੁਲਿਸ ਨੇ ਪਿਛਲੇ ਦਿਨੀਂ ਪਟਿਆਲਾ ਵਿੱਚ ਨਿਹੰਗ ਸਿੰਘਾਂ ਤੇ ਪੁਲਿਸ ਵਿਚਾਲੇ ਹੋਈ ਤਕਰਾਰ ਸਬੰਧੀ ਨਿਹੰਗ ਸਿੰਘਾਂ ਦੇ ਪੱਖ ਵਿੱਚ ਟਿੱਪਣੀ ਕਰਨ ਵਾਲੇ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਸਤਿਕਾਰ ਕਮੇਟੀ ਦੀ ਸਥਾਨਕ ਇਕਾਈ ਦੇ ਪ੍ਰਧਾਨ ਦਵਿੰਦਰ ਸਿੰਘ ਖ਼ਾਲਸਾ ਤੇ ਇੱਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਸਬੰਧੀ ਐੱਸਐੱਚਓ ਸਤਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੀਤ ਟੈਟੂਜ਼ ਬਣਾਉਣ ਵਾਲੇ ਲੜਕੇ ਨੇ ਆਪਣੇ ਫੇਸਬੁੱਕ ਪੇਜ ‘ਤੇ ਸਤਿਕਾਰ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਖ਼ਾਲਸਾ ਵੱਲੋਂ ਬਣਾਈ ਇੱਕ ਵੀਡੀਓ ਪਾਈ ਹੈ, ਜਿਸ ਵਿੱਚ ਪਿਛਲੇ ਦਿਨੀਂ ਪਟਿਆਲਾ ਵਿੱਚ ਵਾਪਰੀ ਘਟਨਾ ਵਿੱਚ ਨਿਹੰਗ ਸਿੰਘਾਂ ਨੂੰ ਸਹੀ ਕਰਾਰ ਦਿੱਤਾ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਦਵਿੰਦਰ ਸਿੰਘ ਨੇ ਆਪਣੀ ਵੀਡੀਓ ਰਾਹੀਂ ਅਜਿਹਾ ਕਰਕੇ ਆਮ ਲੋਕਾਂ ਵਿੱਚ ਦਹਿਸ਼ਤ ਫੈਲਾਉਣ, ਲੋਕਾਂ ਨੂੰ ਗੁਮਰਾਹ ਕਰਨ ਅਤੇ ਅਸ਼ਾਂਤੀ ਫੈਲਾਉਣ ਦਾ ਕੰਮ ਕੀਤਾ ਹੈ।

ਇਸ ਮਾਮਲੇ ਵਿੱਚ ਪੁਲਿਸ ਨੇ ਸਤਿਕਾਰ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਖ਼ਾਲਸਾ ਵਾਸੀ ਵਾਰਡ ਨੰਬਰ-13, ਮੁਕੇਰੀਆਂ ਖਿਲਾਫ਼ ਭਾਰਤੀ ਦੰਡਵਾਲੀ ਦੀ ਧਾਰਾ 505(2), 115,153-ਏ, 188,271 ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 54 ਅਧੀਨ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਰਿਮਾਂਡ ਹਾਸਲ ਕਰ ਕੇ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।