The Khalas Tv Blog International ਨਿਊਜ਼ੀਲੈਂਡ ‘ਚ ਲੱਖਾਂ ਡਾਲਰ ਦੀ ਲਾਗਤ ਨਾਲ ਬਣਿਆ ਸਿੱਖ ਸਪੋਰਟਸ ਕੰਪਲੈਕਸ
International

ਨਿਊਜ਼ੀਲੈਂਡ ‘ਚ ਲੱਖਾਂ ਡਾਲਰ ਦੀ ਲਾਗਤ ਨਾਲ ਬਣਿਆ ਸਿੱਖ ਸਪੋਰਟਸ ਕੰਪਲੈਕਸ

‘ਦ ਖ਼ਾਲਸ ਬਿਊਰੋ :- ਨਿਊਜ਼ੀਲੈਂਡ ਦੇ ਦੱਖਣੀ ਔਕਲੈਂਡ ਦੇ ਟਾਕਾਨੀਨੀ ‘ਚ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਜੀ ਦੇ ਨੇੜੇ ਲੱਖਾਂ ਡਾਲਰਾਂ ਦੀ ਲਾਗਤ ਨਾਲ ਸਿੱਖ ਸਪੋਰਟਸ ਕੰਪਲੈਕਸ ਤਿਆਰ ਕੀਤਾ ਗਿਆ ਹੈ। ਇਹ ਆਪਣੇ ਆਪ ‘ਚ ਇਤਿਹਾਸਿਕ ਹੈ। ਇਸ ਵਿਸ਼ਵ-ਪੱਧਰੀ ਬਹੁ ਕਰੋੜੀ ਲਾਗਤ ਵਾਲੇ ਕੰਪਲੈਕਸ ‘ਚ 7 ਵੱਖ-ਵੱਖ ਖੇਡ ਸੈਂਟਰ ਉਸਾਰੇ ਗਏ ਹਨ। ਇਹ ਸਪੋਰਟਸ ਕੰਪਲੈਕਸ 8.6 ਏਕੜ ਜ਼ਮੀਨ ‘ਤੇ ਬਣਾਇਆ ਗਿਆ ਹੈ।

ਸਿੱਖ ਸਪੋਰਟਸ ਕੰਪਲੈਕਸ ਅੰਦਰ ਫੁੱਟਬਾਲ ਅਤੇ ਹਾਕੀ ਦੇ ਵਿਸ਼ਵ ਪੱਧਰੀ ਗਰਾਊਂਡ ਬਣਾਏ ਗਏ ਹਨ। ਕੰਪਲੈਕਸ ਅੰਦਰ ਐਥਲੈਟਿਕ ਟਰੈਕ, ਵਾਲੀਬਾਲ, ਬਾਸਕਿਟ ਬਾਲ, ਕ੍ਰਿਕੇਟ ਅਤੇ ਕਬੱਡੀ ਗਰਾਊਂਡ ਵੀ ਤਿਆਰ ਕੀਤੇ ਗਏ ਹਨ। ਫੁੱਟਬਾਲ ਦਾ ਗਰਾਊਂਡ ਫੀਫਾ ਦੇ ਨੇਮਾਂ ਤਹਿਤ ਬਣਾਇਆ ਗਿਆ ਹੈ।

ਫੁੱਟਬਾਲ ਸਮੇਤ ਹੋਰ ਖੇਡਾਂ ਦੇ ਮੈਦਾਨ ਵੀ ਕੋਰਟ ਕੌਮਾਂਤਰੀ ਪੱਧਰ ਦੀਆਂ ਖੇਡ ਸੰਸਥਾਵਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਹੀ ਤਿਆਰ ਕੀਤੇ ਗਏ ਹਨ ਜੋ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਹਨ। ਪੂਰਾ ਖੇਡ ਕੰਪਲੈਕਸ 7 ਵੱਡੀਆਂ ਲਾਈਟਾਂ ਨਾਲ ਰੌਸ਼ਨ ਹੋਵੇਗਾ। ਇੰਨਾਂ ਫਲੱਡ ਲਾਈਟਸ ਦੇ ਵਿੱਚ ਇਨ ਬਿਲਟ ਸਾਊਂਡ ਸਿਸਟਮ ਰੱਖਿਆ ਗਿਆ ਹੈ ਤਾਂ ਜੋ ਖੇਡ ਪ੍ਰਬੰਧਕਾਂ ਨੂੰ ਵੱਖ ਤੋਂ ਸਾਊਂਡ, ਮਾਇਕਰੋਫੋਨ ਅਤੇ ਪਬਲਿਕ ਐਡਰੈੱਸ ਸਿਸਟਮ ਦਾ ਇੰਤਜ਼ਾਮ ਨਾ ਕਰਨਾ ਪਵੇ।

ਇਸ ਮੈਦਾਨ ‘ਚ ਫੁੱਟਬਾਲ ਮੈਚ ਕਰਵਾਉਣ ਸਬੰਧੀ ਨਿਊਜ਼ੀਲੈਂਡ ਫੁੱਟਬਾਲ ਟੀਮ ਨਾਲ ਕਰਾਰ ਵੀ ਹੋ ਗਿਆ ਹੈ। ਨਿਊਜ਼ੀਲੈਂਡ ‘ਚ ਸਿੱਖ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਇਸ ਕੰਪਲੈਕਸ ਦੀ ਉਸਾਰੀ ਕਰਵਾਈ ਗਈ ਹੈ। 10 ਸਾਲਾਂ ਤੋਂ ਇਸ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ। 1989 ਤੋਂ ਸੰਸਥਾ ਵੱਲੋਂ ਇੱਥੇ ਸਿੱਖ ਹੈਰੀਟੇਜ ਸਕੂਲ ਦਾ ਪ੍ਰਬੰਧ ਵੀ ਦੇਖਿਆ ਜਾ ਰਿਹਾ ਹੈ। ਸਕੂਲ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਸੁਚੱਜੇ ਜੀਵਨ ਲਈ ਪ੍ਰੇਰਿਤ ਕਰਨ ਲਈ ਇਹ ਕੰਪਲੈਕਸ ਬਣਾਇਆ ਗਿਆ ਹੈ।

Exit mobile version