ਮੋਗਾ ਦੇ ਪਿੰਡ ਦੌਲੇਵਾਲਾ ’ਚ 24 ਘੰਟੇ ਅੰਦਰ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹ ਦੋਵੇਂ ਨੌਜਵਾਨ ਨਸ਼ੇ ਦੀ ਓਵਰਡੋਜ਼ ਕਰ ਕੇ ਆਪਣੀ ਜਾਨ ਗੁਆ ਬੈਠੇ ਹਨ। ਇੱਕ ਨੌਜਵਾਨ ਦੀ ਪਛਾਣ ਜਸਪ੍ਰੀਤ ਸਿੰਘ ਜਿਸ ਦੀ ਉਮਰ 22 ਸਾਲ ਤੇ ਪਿੰਡ ਕਾਹਨ ਸਿੰਘ ਵਾਲਾ ਵਜੋਂ ਹੋਈ ਹੈ ਪਰ ਹੁਣ ਤੱਕ ਦੂਜੇ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ। ਪੁਲੀਸ ਨੇ ਲਾਸ਼ਾਂ ਸਿਵਲ ਹਸਪਤਾਲ ’ਚ ਰਖਵਾ ਦਿੱਤੀਆਂ ਹਨ। ਪਰਿਵਾਰ ਨੇ ਦਸਿਆ ਕੇ ਜਸਪ੍ਰੀਤ ਸ਼ੁੱਕਰਵਾਰ ਦੁਪਹਿਰ ਵੇਲੇ ਐਕਟਿਵਾ ’ਤੇ ਘਰੋਂ ਗਿਆ ਸੀ ਤੇ ਵਾਪਸ ਨਹੀਂ ਆਇਆ। ਅੱਜ ਪਿੰਡ ਦੌਲੇਵਾਲਾ ਕੋਲ ਉਸ ਦੀ ਮੌਤ ਦੀ ਖ਼ਬਰ ਮਿਲਣ ਤੇ ਅਸੀ ਇਥੇ ਪਹੁੰਚੋ ਹਾਂ।
ਪਿੰਡ ਦੌਲੇਵਾਲਾ ਨੱਸ਼ਿਆਂ ਕਾਰਨ ਬਦਨਾਮ ਹੋ ਚੁੱਕਾ ਹੈ। ਲੋਕ ਆਪਣੇ ਜਾਇਆਂ ਦੇ ਭਵਿੱਖ ਬਾਰੇ ਚਿੰਤਤ ਹਨ। ਲੋਕਾਂ ਨੇ ਆਖਿਆ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ ਤੇ ਪੀੜਤ ਲੋਕ ਸਮਾਜਿਕ ਬਦਨਾਮੀ ਕਾਰਨ ਨਹੀਂ ਬੋਲਦੇ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਕਮੇਟੀ ਰਾਜਾ ਸਿੰਘ ਖੁਖਰਾਣਾ ਤੇ ਹੋਰ ਚਿੰਤਕਾਂ ਦੇ ਦਬਾਅ ਮਗਰੋਂ ਡੀਐੱਸਪੀ ਧਰਮਕੋਟ ਯਾਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਪੁਲੀਸ ਨੇ ਨਸ਼ਿਆਂ ਲਈ ਬਦਨਾਮ ਪਿੰਡ ਦੌਲੇਵਾਲਾ ਦੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸਿੱਖ ਆਗੂ ਨੇ ਦੱਸਿਆ ਕਿ ਪੁਲੀਸ ਦੀ ਕਾਰਵਾਈ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਹੈ। ਪੁਲੀਸ ਨੇ ਘਰਾਂ ’ਚੋਂ ਮੋਟਰਸਾਈਕਲ ਚੁੱਕ ਕੇ ਥਾਣੇ ਲਿਆਂਦੇ ਤੇ ਘਰਾਂ ’ਚ ਖੜ੍ਹੀਆਂ ਗੱਡੀਆਂ ਦੇ ਨੰਬਰ ਨੋਟ ਕਰ ਲਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਿੰਡ ਕੜਿਆਲ ਦਾ ਇੱਕ ਨਸ਼ੇੜੀ ਵਿਅਕਤੀ ਸ਼ੱਕ ਤੋਂ ਬਚਾਅ ਲਈ ਆਪਣੀ ਛੋਟੀ ਉਮਰ ਦੀ ਧੀ ਨਾਲ ਲਿਆ ਕੇ ਪਿੰਡ ’ਚ ਟੀਕਾ ਲਾ ਰਿਹਾ ਸੀ, ਜਿਸ ਨੂੰ ਤਾੜਨਾ ਕਰਕੇ ਛੱਡ ਦਿੱਤਾ ਗਿਆ।
ਐੱਸਪੀ ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ’ਚ ਨਸ਼ਿਆਂ ਨਾਲ ਮੌਤ ਹੋਣ ਦਾ ਖ਼ਦਸ਼ਾ ਜਾਪ ਰਿਹਾ ਹੈ ਪਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਤਾਂ ਪੋਸਟਮਾਰਟਮ ਰਿਪੋਰਟ ਤੋਂ ਹੀ ਪਤਾ ਲੱਗ ਸਕਦਾ ਹੈ। ਡੀਐੱਸਪੀ ਯਾਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਪੁਲੀਸ ਆਪਣੀ ਕਾਰਵਾਈ ਸਖਤ ਤਰੀਕੇ ਨਾਲ ਚਲਾ ਰਹੀ ਹੈ। ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਹਾਲਤ ’ਤੇ ਬਖ਼ਸ਼ਿਆ ਨਹੀ ਜਾਵੇਗਾ।