ਚੰਡੀਗੜ੍ਹ ( ਅਤਰ ਸਿੰਘ ) ਆਪਣਾ ਨਿੱਜੀ ਯੂ-ਟਿਊਬ ਚੈਨਲ ਸ਼ੁਰੂ ਕਰਨ ਤੋਂ ਬਾਅਦ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਧਮਾਕਾ ਕੀਤਾ ਹੈ। ਇਹ ਧਮਾਕਾ ਨਵਜੋਤ ਸਿੰਘ ਸਿੱਧੂ ਨੇ ਆਪਣੇ ਚੈਨਲ ‘ਜਿੱਤੇਗਾ ਪੰਜਾਬ’ ਦੀ ਨਕਲ ਕਰਦਿਆ, ਇਸ ਦੇ ਨਾਮ ਨਾਲ ਹੋਰ ਚੈਨਲ ਸ਼ੁਰੂ ਕਰਨ ਵਾਲਿਆਂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ। ਇੰਨਾਂ ਹੀ ਨਹੀਂ ਨਵਜੋਤ ਸਿੰਘ ਸਿੱਧੂ ਨੇ ਯੂ-ਟਿਊਬ ਨੂੰ ਵੀ ਅਜਿਹੇ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਸਿੱਧੂ ਵੱਲੋਂ ਸ਼ੁਰੂ ਕੀਤੇ ਇਸ ਚੈਨਲ ਦੇ ਮੁੱਖ ਪ੍ਰਬੰਧਕ ਸੁਮਿਤ ਸਿੰਘ ਨੇ ਵਿਰੋਧੀ ਧਿਰਾਂ ਵੱਲ ਇਸ਼ਾਰਾ ਕਰਦਿਆਂ ਇਲਜ਼ਾਮ ਲਾਇਆ ਹੈ ਕਿ, ਪੰਜਾਬ ਦੀਆਂ ਕੁੱਝ ਦੋਖੀ ਤਾਕਤਾ ਵੱਲੋਂ ਲੋਕਾਂ ਨੂੰ ਜਾਣ-ਬੁੱਝ ਕੇ ਭੰਬਲਭੂਸੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੁਮਿਤ ਸਿੰਘ ਨੇ ਬਿਆਨ ਦਿੰਦਿਆਂ ਇਹ ਵੀ ਕਿਹਾ ਕਿ, ਨਵਜੋਤ ਸਿੰਘ ਸਿੱਧੂ ਵੱਲੋਂ ਚੈਨਲ ਦਾ ਨਾਂ ‘ਜਿੱਤੇਗਾ ਪੰਜਾਬ’ ਗੁਰਮੁਖੀ ਵਿੱਚ ਲਿਖਿਆ ਗਿਆ ਹੈ। ਇਸ ‘ਤੇ ਸਿਰਫ ਨਵਜੋਤ ਸਿੰਘ ਸਿੱਧੂ ਦਾ ਹੀ ਕਾਪੀ ਰਾਈਟ ਅਧਿਕਾਰ ਹੈ।
14 ਮਾਰਚ ਨੂੰ ਨਵਜੋਤ ਸਿੰਘ ਸਿੱਧੂ ਨੇ ‘ਜਿੱਤੇਗਾ ਪੰਜਾਬ” ਚੈਨਲ ਦੀ ਸ਼ੁਰੂਆਤ ਆਪਣੀ ਇੱਕ ਵੀਡੀਓ ਪਾ ਕੇ ਕੀਤੀ ਸੀ। ਜਿਸ ਨੂੰ ਸਿਰਫ ਦੋ ਢਾਈ ਘੰਟਿਆਂ ‘ਚ ਹਜਾਰਾਂ ਦੀ ਗਿਣਤੀ ‘ਚ ਲੋਕਾਂ ਨੇ ਦੇਖਿਆ ਸੀ।
ਨਵਜੋਤ ਸਿੰਘ ਸਿੱਧੂ ਨੇ ਚੈਨਲ ਰਾਹੀ ਜੋ ਕੁੱਝ ਵੀ ਕਿਹਾ ਸੀ, ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਭੁਚਾਲ ਤਾਂ ਆਇਆ ਹੀ ਹੈ ਨਾਲ ਹੀ ਪੰਜਾਬ ਅੰਦਰ ਇੱਕ ਨਵੇਂ ਦੌਰ ਦੀ ਵੀ ਸ਼ੁਰੂਆਤ ਹੋਈ ਹੈ। ਸਿੱਧੂ ਦੀ ਇਸ ਸ਼ੁਰੂਆਤ ਤੋਂ ਬਾਅਦ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮੇਤ ਕਈਂ ਲੀਡਰਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਵੀ ਦਿੱਤੀ ਸੀ।
ਨਵਜੋਤ ਸਿੰਘ ਸਿੱਧੂ ਦੀ ਵੀਡੀਓ ਨੂੰ ਅੱਜ ਯਾਨਿ 18 ਮਾਰਚ ਤੱਕ 50.000 ਤੋਂ ਵੱਧ ਲੋਕ ਦੇਖ ਚੁੱਕੇ ਹਨ।