‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): –ਨਵਜੋਤ ਸਿੰਘ ਸਿੱਧੂ ਦੀ ਲਗਾਤਾਰ ਕਾਂਗਰਸ ਤੇ ਕੈਪਟਨ ਸਰਕਾਰ ਦੇ ਖਿਲਾਫ ਬਿਆਨਬਾਜ਼ੀ ਹੁਣ ਕੈਪਟਨ ਸਰਕਾਰ ਦੇ ਕਈ ਮੰਤਰੀਆਂ ਦੀ ਤਲਖੀ ਦਾ ਕਾਰਣ ਬਣ ਰਹੀ ਹੈ। ਇਨ੍ਹਾਂ ਮੰਤਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਦਰਮਿਆਨ ਚੱਲ ਰਹੀ ਸ਼ਬਦਾਂ ਦੀ ਜੰਗ ਵਿੱਚ ਉੱਤਰਦਿਆਂ ਸਿੱਧੂ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਜਾਣਕਾਰੀ ਅਨੁਸਾਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਿੱਧੂ ਲਗਾਤਾਰ ਕੈਪਟਨ ਸਰਕਾਰ ਦੇ ਖਿਲਾਫ ਵਿਵਾਦਿਤ ਬਿਆਨ ਦੇ ਰਹੇ ਹਨ। ਇਨ੍ਹਾਂ ਨੇ ਦੋਸ਼ ਲਾਇਆ ਹੈ ਕਿ ਸੂਬੇ ਦੀਆਂ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਜਾਂ ਭਾਜਪਾ ਵਿਚਾਲੇ ਸਿੱਧੂ ਦੀ ਕੋਈ ਗੰਢਤੁਪ ਹੋ ਸਕਦੀ ਹੈ।

ਇਨ੍ਹਾਂ ਲੀਡਰਾਂ ਨੇ ਕਿਹਾ ਹੈ ਕਿ ਇਹ ਬਿਆਨ ਪੰਜਾਬ ਕਾਂਗਰਸ ਵਿੱਚ ਪਰੇਸ਼ਾਨੀ ਪੈਦਾ ਕਰ ਰਹੇ ਹਨ ਤੇ ਇਹ ਵੀ ਹੋ ਸਕਦਾ ਹੈ ਕਿ ਵਿਰੋਧੀ ਪਾਰਟੀਆਂ ਵੱਲੋਂ ਉਕਸਾਏ ਜਾਣ ਮਗਰੋਂ ਸਿੱਧੂ ਇਹ ਬਿਆਨ ਦੇ ਰਹੇ ਹਨ। ਚਾਰਾਂ ਲੀਡਰਾਂ ਨੇ ਕਿਹਾ ਕਿ ਕਾਂਗਰਸ ਵਿਧਾਇਕ ਦੇ ਬੇਅਦਬੀ ਅਤੇ ਹੋਰ ਮੁੱਦਿਆਂ ’ਤੇ ਕੈਪਟਨ ਅਮਰਿੰਦਰ ਸਿੰਘ ’ਤੇ ਜ਼ੁਬਾਨੀ ਹਮਲੇ ਪਾਰਟੀ ਖ਼ਿਲਾਫ਼ ਸ਼ਰ੍ਹੇਆਮ ਬਗ਼ਾਵਤ ਦਾ ਸਬੂਤ ਹਨ।

ਸਿੱਧੂ ਦੀ ਇਸ ਤਰ੍ਹਾਂ ਦੀ ਅਨੁਸ਼ਾਸਨਹੀਣ ‘ਤੇ ਮੰਤਰੀਆਂ ਨੇ ਕਿਹਾ ਕਿ ਇਹੋ ਜਿਹੇ ਪਾਰਟੀ ਵਿਰੋਧੀ ਬਿਆਨ ਬਰਦਾਸ਼ਤ ਨਹੀਂ ਹੋ ਸਕਦੇ। ਉਨ੍ਹਾਂ ਮੰਗ ਕੀਤੀ ਕਿ ਸਿੱਧੂ ਨੂੰ ਬਿਨਾਂ ਦੇਰੀ ਪਾਰਟੀ ਵਿੱਚੋਂ ਤੁਰੰਤ ਮੁਅੱਤਲ ਕਰ ਦਿੱਤਾ ਜਾਣਾ ਚਾਹੀਦਾ ਹੈ। ਲੀਡਰਾਂ ਨੇ ਕਿਹਾ ਹੈ ਕਿ ਜੇਕਰ ਸਿੱਧੂ ਨੂੰ ਆਪਣੀ ਸਿਆਸੀ ਤਾਕਤ ਉੱਪਰ ਇੰਨਾ ਹੀ ਮਾਣ ਹੈ ਤਾਂ ਉਹ ਅਖਾਰੇ ਵਿਚ ਆ ਜਾਣ। ਸਾਰੀ ਤਾਕਤ ਦਾ ਨਿਤਾਰਾ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ।