Khetibadi Punjab

ਨਮ ਅੱਖਾਂ ਨਾਲ ਕਿਸਾਨਾਂ ਨੇ ਸ਼ੁਭਕਰਨ ਨੂੰ ਦਿੱਤੀ ਵਿਦਾਈ ! ਅੱਗੇ ਦੀ ਰਣਨੀਤੀ ਦਾ ਵੀ ਐਲਾਨ ਕੀਤਾ !

ਬਿਉਰੋ ਰਿਪੋਰਟ : ਕਿਸਾਨਾਂ ਨਾਲ ਗੱਲਬਾਤ ਦੀ ਪੇਸ਼ਕਸ਼ ਨੂੰ ਲੈਕੇ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦਾ ਮੁੜ ਤੋਂ ਬਿਆਨ ਆਇਆ ਹੈ ਪਰ ਇਸ ਵਾਰ ਉਨ੍ਹਾਂ ਦੇ ਸ਼ਬਦਾਂ ਵਿੱਚ ਦਮ ਅਤੇ ਦਿਲਚਸਪੀ ਨਹੀਂ ਲੱਗ ਰਹੀ ਸੀ । ਭਾਰਤੀ ਖੇਤੀ ਖੋਜ ਪ੍ਰੀਸ਼ਦ ਸੁਸਾਇਟੀ ਦੀ 95ਵੀਂ ਸਾਲਾਨਾ ਆਮ ਮੀਟਿੰਗ ਵਿਚ ਜਦੋਂ ਉਨ੍ਹਂ ਨੂੰ ਪੁਛਿਆ ਗਿਆ ਕਿ ਉਹ ਕਿਸਾਨਾਂ ਨਾਲ ਗ੍ੱਲਬਾਤ ਕਦੋਂ ਕਰਨਗੇ ਤਾਂ ਉਨ੍ਹਾਂ ਕਿਹਾ ਅਸੀਂ ਤਿਆਰ ਹਾਂ ਇਸ ਸਬੰਧ ਵਿਚ ਜਲਦੀ ਹੀ ਕੋਈ ਹੱਲ ਕੱਢਣ ਦੀ ਲੋੜ ਹੈ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿਸਾਨਾਂ ਨੂੰ ਕੋਈ ਗੱਲਬਾਤ ਦੀ ਲਿਖਿਤ ਪੇਸ਼ਕਸ਼ ਦਿੱਤੀ ਗਈ ਹੈ ਜਾਂ ਕਦੋਂ ਹੋਵੇਗੀ ਪੰਜਵੇਂ ਦੌਰਾ ਦੀ ਗੱਲਬਾਤ । ਉਧਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੀ ਹੁਣ ਕੇਂਦਰ ਦੇ ਇਸ ਇਸ਼ਾਰੇ ਨੂੰ ਸਮਝ ਗਏ ਹਨ । ਇਸੇ ਲਈ ਮੋਰਚੇ ਦੀ ਅਗਵਾਈ ਕਰ ਰਹੇ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਸਰਕਾਰ ਸਾਡੇ ਨਾਲ ਕੋਈ ਖੇਡ ਖੇਡਣਾ ਚਾਹੁੰਦੀ ਹੈ ਪਰ ਅਸੀਂ ਆਪਣੀ ਮੰਗਾਂ ਤੋਂ ਪਿੱਛੇ ਨਹੀਂ ਹਟਾਂਗੇ ਉਨ੍ਹਾਂ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਅਤੇ ਖਨੌਰੀ ਪਹੁੰਚਣ ਦੀ ਅਪੀਲ ਕੀਤੀ ਹੈ । ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ1 ਮਾਰਚ ਨੂੰ  ਅਸੀਂ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਾਂਗੇ ।

ਇਸ ਤੋਂ ਪਹਿਲਾਂ ਵੀਰਵਾਰ 29 ਫਰਵਰੀ ਨੂੰ ਸ਼ੰਭੂ ਅਤੇ ਖਨੌਰੀ ‘ਤੇ ਮੋਰਚਾ ਲਗਾਈ ਬੈਠੀਆਂ ਕਿਸਾਨ ਜਥੇਬੰਦੀਆਂ ਨੇ ਨਮ ਅੱਖਾਂ ਨਾਲ ਵਿਛੜੇ ਨੌਜਵਾਨ ਸ਼ੁਭਕਰਨ ਨੂੰ ਵਿਦਾਈ ਦਿੱਤੀ, ਦਰਅਸਲ ਕਿਸਾਨ ਲੀਡਰਾਂ ਤੇ ਪਰਿਵਾਰ ਦੀ ਮੰਗ ਮਨਜ਼ੂਰ ਕਰਦੇ ਹੋਏ ਪੰਜਾਬ ਸਰਕਾਰ ਨੇ ਦੇਰ ਨਾਲ ਹੀ ਸਹੀ ਅਣਪਛਾਤਿਆਂ ਖਿਲਾਫ ਕਤਲ ਦਾ ਪਰਚਾ ਦਰਜ ਕਰ ਲਿਆ, ਕਿਸਾਨਾਂ ਅਤੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਰਾਤ 11 ਵਜੇ ਸ਼ੁਭਕਰਨ ਦੀ ਦੇਹ ਦਾ ਪੋਸਟਮਾਰਟਮ ਕੀਤਾ ਗਿਆ। ਸ਼ੁਭਕਰਨ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਪਟਿਆਲਾ ਦੇ ਪਾਤੜਾਂ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਫਾ 302 ਤਹਿਤ FIR ਦਰਜ ਕੀਤੀ ਹੈ। ਪੋਸਟਮਾਰਟਮ ਤੋਂ ਬਾਅਦ ਅੱਜ ਤੜਕੇ ਪਹਿਲਾਂ ਖਨੌਰੀ ਬਾਰਡਰ ਤੇ ਸ਼ੁਭਕਰਨ ਦੀ ਦੇਹ ਲਿਆਈ ਗਈ, ਇਸ ਮੌਕੇ ਕਿਸਾਨ ਆਗੂਆਂ ਨੇ ਆਪੋ ਆਪਣੀ ਯੂਨੀਅਨ ਦੇ ਝੰਡੇ ਤੇ ਫੁੱਲਾਂ ਦੇ ਹਾਰ ਸ਼ੁਭਕਰਨ ਦੀ ਦੇਹ ‘ਤੇ ਪਾਕੇ ਉਸ ਨੂੰ ਸ਼ਰਧਾਂਜਲੀ ਦਿੱਤੀ । ਇਸ ਮੌਕੇ ਸ਼ੁਭਕਰਨ ਅਮਰ ਰਹੇ ਦੇ ਨਾਅਰੇ ਗੂੰਝੇ ਅਤੇ ਸਰਕਾਰ ਦੇ ਖਿਲਾਫ ਵੀ ਲੋਕਾਂ ਦਾ ਗੁੱਸਾ ਨਜ਼ਰ ਆਇਆ ।

ਇਸ ਤੋਂ ਬਾਅਦ ਸ਼ੁਭਕਰਨ ਦੀ ਮ੍ਰਿਤਕ ਦੇਹ ਬਠਿੰਡਾ ਉਨ੍ਹਾਂ ਦੇ ਜੱਦੀ ਪਿੰਡ ਬੱਲੋ ਪਹੁੰਚੀ ਜਵਾਨ ਪੁੱਤ ਦੀ ਦੇਹ ਦੇਖਕੇ ਪਰਿਵਾਰ ਦੀਆਂ ਧਾਹਾਂ ਨਿਕਲ ਗਈਆਂ, ਸਤਿਨਾਮ ਵਾਹਿਗੁਰੂ ਦੇ ਜਾਪ ਹੋਏ, ਕਿਸਾਨ ਲੀਡਰਾਂ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਧੇਰ ਨੇ ਪਰਿਵਾਰ ਨੂੰ ਦਿਲਾਸਾ ਦਿੱਤਾ, ਅਤੇ ਫਿਰ ਅੰਤਿਮ ਵਿਦਾਈ ਦਿੱਤੀ ਗਈ । ਇਸ ਮੌਕੇ ਵੱਡੀ ਗਿਣਤੀ ਵਿੱਚ ਇਲ਼ਾਕੇ ਦੇ ਲੋਕ ਅਤੇ ਕਿਸਾਨ ਜਥੇਬੰਦੀਆਂ ਪਹੁੰਚਿਆ ਤੇ ਸ਼ੁਭਕਰਨ ਨੂੰ ਆਖਰੀ ਵਿਦਾਈ ਦਿੱਤੀ । ਪੰਜਾਬ ਦੇ IG ਸੁਖਚੈਨ ਸਿੰਘ ਗਿੱਲ ਨੇ ਦੱਸਿਆ ਸ਼ੁਭਕਰਨ ਦੀ ਛੋਟੀ ਭੈਣ ਨੂੰ ਪੰਜਾਬ ਪੁਲਿਸ ਚ ਸਿਪਾਈ ਦੇ ਤੌਰ ਤੇ ਨੌਕਰੀ ਦਿੱਤੀ ਜਾਵੇਗੀ । ਪੰਜਾਬ ਸਰਕਾਰ 1 ਕਰੋੜ ਪਰਿਵਾਰ ਨੂੰ ਮਦਦ ਦੇਣ ਦਾ ਪਹਿਲਾਂ ਹੀ ਐਲਾਨ ਕਰ ਚੁੱਕੀ ਸੀ ।

ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਜੀ ਨੂੰ ਇੰਨਸਾਫ਼ ਦਿਵਾਉਣ ਵਾਸਤੇ ਅੱਜ ਪੰਜਾਬ ਕਾਂਗਰਸ ਨੇ ਪਿੰਡ ਚਾਉਕੇ ਤੋਂ ਪਿੰਡ ਬਲੋ ਤੱਕ ਰੋਸ ਮਾਰਚ ਕੱਢਿਆ | ਜਿਸ ‘ਚ ਕਾਂਗਰਸ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ, ਸੁਖਪਾਲ ਖਹਿਰਾ ਸ਼ਾਮਲ ਸਨ | ਦੋਵਾਂ ਆਗੂਆਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਕਿ ਸ਼ੁਭਕਰਨ ਸਿੰਘ ਮਾਮਲੇ ‘ਚ ਪੁਲਿਸ ਨੇ ਜ਼ੀਰੋ fir ਦਰਜ ਕਰ ਕੇ ਪੰਜਾਬ ਨਾਲ ਮਜਾਕ ਕੀਤਾ ਗਿਆ ਹੈ | ਹਜੇ ਇਨਸਾਫ ਨਹੀਂ ਹੋਇਆ ਪੰਜਾਬ ਦੀ ਹੋਂਦ ‘ਤੇ ਹਮਲਾ ਕੀਤਾ ਗਿਆ ਹੈ | ਖਹਿਰਾ ਨੇ ਕਿਹਾ ਕਿ ਘੱਗਰ ਪੰਜਾਬ ਦਾ ਦਰਿਆ ਹੈ, ਪੰਜਾਬ ਦੀ ਹੱਦ ਦੇ ਅੰਦਰ ਆ ਕੇ ਹਰਿਆਣਾ ਨੇ ਬੈਰੀਕੇਡ ਲਾਏ ਤੇ ਪੰਜਾਬ ਦੇ ਕਿਸਾਨਾਂ ‘ਤੇ ਹਮਲਾ ਕੀਤਾ | 250 ਦੇ ਕਰੀਬ ਕਿਸਾਨ ਤੇ ਪੱਤਰਕਾਰ ਜ਼ਖਮੀ ਹੋਏ ਹਨ, ਬੋਰੀਆਂ ‘ਚ ਪਾ ਕੇ ਨੌਜਵਾਨ ਕੁੱਟੇ ਗਏ ਪਰ ਕੋਈ FIR ਦਰਜ ਕਿਉ ਨਹੀਂ ਹੋਈ

ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਜ਼ੀਰੋ FIR ਅਤੇ ਅਣਪਛਾਲੇ ਪੁਲਿਸ ਮੁਲਾਜ਼ਮਾਂ ਦਾ ਨਾਂ ਲਿਖਣ ‘ਤੇ ਇਤਰਾਜ਼ ਜਤਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦਾ 2015 ਦਾ ਲੋਕਸਭਾ ਦਾ ਇੱਕ ਵੀਡੀਓ ਨਸ਼ਰ ਕੀਤਾ । ਜਿਸ ਵਿੱਚ ਮੁੱਖ ਮੰਤਰੀ ਬਹਿਬਲਕਲਾਂ ਗੋਲੀਕਾਂਡ ਵਿੱਚ ਅਣਪਛਾਤੇ ਪੁਲਿਸ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰਨ ‘ਤੇ ਤਤਕਾਲੀ ਅਕਾਲੀ ਦਲ ਦੀ ‘ਤੇ ਸਵਾਲ ਚੁੱਕ ਰਹੇ ਹਨ । ਉਹ ਲੋਕਸਭਾ ਵਿੱਚ ਕਹਿੰਦੇ ਹਨ ਕਿ ਕਦੇ ਪੁਲਿਸ ਵਾਲੇ ਵੀ ਅਣਪਛਾਲੇ ਹੁੰਦੇ ਹਨ । ਮਜੀਠੀਆ ਨੇ ਕੈਪਸ਼ਨ ਵਿੱਚ ਲਿਖਿਆ ਪਲਟੂਰਾਮ ਭਗਵੰਤ ਮਾਨ ਨੇ ਨੌਜਵਾਨ ਕਿਸਾਨ ਸ਼ੁੁੱਭਕਰਨ ਸਿੰਘ ਦੇ ਕਤਲ ਦੇ ਮਾਮਲੇ ਵਿਚ ਜੋ FIR ਦਰਜ ਕੀਤੀ ਹੈ, ਉਹ ਕਿਸੇ ਵੀ ਅਦਾਲਤੀ ਪਰਖ ਦੀ ਕਸਵੱਟੀ ’ਤੇ ਖਰੀ ਨਹੀਂ ਉਤਰਣ ਵਾਲੀ। ਪਲਟੂਰਾਮ ਨੇ ਆਪਣੀ ਯਾਰੀ ਪੁਗਾਉਂਦਿਆਂ ਤੇ ਟਾਊਟੀ ਕਰਦਿਆਂ ਅਣਪਛਾਤਿਆਂ ਖਿਲਾਫ਼ FIR ਦਰਜ ਕਰਕੇ ਹਰਿਆਣਾ ਪੁਲਿਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਅਤੇ ਸ਼ੁੱਭਕਰਨ ਸਿੰਘ ਨੂੰ ਕਦੇ ਵੀ ਇਨਸਾਫ ਨਾ ਮਿਲਣਾ ਵੀ ਯਕੀਨੀ ਬਣਾ ਦਿੱਤਾ। ਮੈਂ ਭਗਵੰਤ ਮਾਨ ਨਾਲ ਯਾਰੀ ਨਿਭਾ ਰਹੇ ਰਾਜਾ ਵੜਿੰਗ ਨੂੰ ਵੀ ਆਖਦਾ ਹਾਂ ਕਿ ਕੀ ਤੁਸੀਂ ਪੁੱਛੋਗੇ ਪਲਟੂਰਾਮ ਨੂੰ ਕਿ ਸ਼ੁੱਭਕਰਨ ਨਾਲ ਇਹ ਅਨਿਆਂ ਕਿਉਂ ਕੀਤਾ..ਪਰ ਆਸ ਨਹੀਂ ਤੁਸੀਂ ਆਪਣੇ ਯਾਰ ਨੂੰ ਘੇਰੋਗੇ ।