India

ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਤੀਸਰੀ ਵਾਰ ਬਣੀ ਸਰਕਾਰ।

ਚੰਡੀਗੜ੍ਹ-(ਪੁਨੀਤ ਕੌਰ) ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਮੁਖੀ ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਅੱਜ ਸਹੁੰ ਚੁੱਕੀ ਹੈ। ਉਨ੍ਹਾਂ ਨਾਲ 6 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ। ਰਾਮ ਲੀਲਾ ਮੈਦਾਨ ਵਿਚ 40 ਹਜ਼ਾਰ ਲੋਕਾਂ ਦੀ ਹਾਜ਼ਰੀ ਅਤੇ ਦਿੱਲੀ ਦੇ 50 ਨਿਰਮਾਤਾਵਾਂ ਦੀ ਹਾਜ਼ਰੀ ਵਿਚ ਇਹ ਸਮਾਗਮ ਹੋਇਆ ਹੈ।

ਇਸ ਸਮਾਗਮ ਵਿਚ ਪੰਜਾਬ ਸਣੇ ਕਈ ਹੋਰ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਵੀ ਪਹੁੰਚੇ ਸਨ। ਸਹੁੰ ਚੁੱਕਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵੋਟਾਂ ਜਿੱਤਣ ਤੋਂ ਬਾਅਦ ਹੁਣ ਉਹ ਸਾਰੀਆਂ ਪਾਰਟੀਆਂ ਦੇ ਲੋਕਾਂ ਦੇ ਸਾਂਝੇ ਮੁੱਖ ਮੰਤਰੀ ਹਨ ਅਤੇ ਕਿਸੇ ਨਾਲ ਮਤਰੇਆ ਸਲੂਕ ਨਹੀਂ ਕਰਨਗੇ।

 

ਉਨ੍ਹਾਂ ਕਿਹਾ, ”ਦਿੱਲੀ ਦੇ 2 ਕਰੋੜ ਲੋਕ ਭਾਵੇਂ ਉਹ ਕਿਸੇ ਵੀ ਪਾਰਟੀ, ਧਰਮ ਜਾਂ ਫਿਰਕੇ ਦਾ ਹੋਵੇ,ਸਭ ਮੇਰੇ ਪਰਿਵਾਰ ਦੇ ਮੈਂਬਰ ਹਨ। ਚੋਣਾਂ ਵਿਚ ਸਿਆਸਤ ਹੁੰਦੀ ਹੈ ਅਤੇ ਜੋ ਸਾਡੇ ਵਿਰੋਧੀਆਂ ਨੇ ਸਾਡੇ ਬਾਰੇ ਜੋ ਕੁਝ ਬੋਲਿਆ ਮੈਂ ਸਾਰਿਆਂ ਨੂੰ ਮਾਫ਼ ਕਰਦਾ ਹਾਂ। ”ਕੇਜਰੀਵਾਲ ਨੇ ਕਿਹਾ ਕਿ ਮੈਂ ਸਾਰੀਆਂ ਪਾਰਟੀਆਂ, ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹਾਂ, ਦਿੱਲੀ ਦੇ ਵਿਕਾਸ ਲਈ ਮੈਂ ਪ੍ਰਧਾਨ ਮੰਤਰੀ ਦਾ ਅਸ਼ੀਰਵਾਦ ਚਾਹੁੰਦਾ ਹਾਂ।

ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਦਿੱਲੀ ਦਾ ਵਿਕਾਸ ਹੋਇਆ ਹੈ ਤੇ ਹੁਣ ਅਗਲੇ ਪੰਜ ਸਾਲਾਂ ਵਿੱਚ ਵੀ ਇਹ ਵਿਕਾਸ ਕਰਾਂਗੇ। ਕੇਜਰੀਵਾਲ ਨੇ ਦਿੱਲੀ ‘ਚ ਸਕੂਲ,ਹਸਪਤਾਲ,ਬਿਜਲੀ,ਪਾਣੀ,ਮਹਿਲਾਵਾਂ ਦੀ ਸੁਰੱਖਿਆ,ਭ੍ਰਿਸ਼ਟਾਚਾਰ ਮੁਕਤ ਭਾਰਤ ਦੀ ਰਾਜਨੀਤੀ ਚਲਾਉਣ ਬਾਰੇ ਕਿਹਾ। ਸਮਾਗਮ ਦੌਰਾਨ ਉਨ੍ਹਾਂ ਨੇ ਦਿੱਲੀ ਵਾਲਿਆਂ ਨਾਲ ਰਲ ਕੇ ਇੱਕ ਗੀਤ ਵੀ ਗਾਇਆ।

ਇਸ ਤੋਂ ਪਹਿਲਾਂ ਐਤਵਾਰ ਸਵੇਰੇ ਇੱਕ ਟਵੀਟ ਰਾਹੀਂ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਸਹੁੰ ਚੁੱਕ ਸਮਾਗਮ ਪਹੁੰਚਣ ਦਾ ਸੱਦਾ ਦਿੱਤਾ ਅਤੇ ਦਿੱਲੀ ਦੇ ਲੋਕਾਂ ਤੋਂ ਅਸ਼ਰੀਵਾਦ ਮੰਗਿਆ।