ਬਿਉਰੋ ਰਿਪੋਰਟ – ਪੰਜਾਬ ਅਤੇ ਹਰਿਆਣਾ ਦੇ ਵਿਚਾਲੇ BBMB ਪਾਣੀ ਵਿਵਾਦ ਨੂੰ ਲੈ ਕੇ ਆਲ ਪਾਰਟੀ ਮੀਟਿੰਗ ਹੋਈ । ਜਿਸ ਤੋਂ ਬਾਅਦ ਇੱਕ ਜੁਆਇੰਟ ਪ੍ਰੈ੍ੱਸ ਕਾਨਫਰੰਸ ਕੀਤੀ ਗਈ । ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਪਾਣੀਆਂ ਦੇ ਮਸਲੇ ‘ਤੇ ਸਾਰੀਆਂ ਹੀ ਪਾਰਟੀਆਂ ਨੇ ਇੱਕ ਸੁਰ ਵਿੱਚ ਪੰਜਾਬ ਦੇ ਹੱਕ ਵਿੱਚ ਗੱਲ ਕੀਤੀ । ਉਨ੍ਹਾਂ ਕਿਹਾ ਅਸੀਂ ਸੋਮਵਾਰ ਨੂੰ ਪਾਣੀਆਂ ਦੇ ਮੁੱਦੇ ‘ਤੇ ਸਪੈਸ਼ਲ ਸੈਸ਼ਨ ਸਦਿਆ ਹੈ ਜਿਸ ਵਿੱਚ ਹਰ ਪਾਰਟੀ ਨੂੰ ਖੁੱਲ ਕੇ ਆਪਣੀ ਰਾਇ ਰੱਖਣ ਦਾ ਮੌਕਾ ਮਿਲੇਗਾ । ਮੁੱਖ ਮੰਤਰੀ ਨੇ ਕਿਹਾ ਆਲ ਪਾਰਟੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਗੱਲ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ ਜਿਸ ਦਾ ਫੈਸਲਾ ਵਿਧਾਨਸਭਾ ਦੇ ਵਿਸ਼ੇਸ਼ ਇਜਲਾਸ ਦੇ ਬਾਅਦ ਹੋਵੇਗਾ ।
ਆਲ ਪਾਰਟੀ ਮੀਟਿੰਗ ਤੋਂ ਬਾਅਦ ਜੁਆਇੰਟ ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਨੁਮਾਇੰਦੇ ਬਲਵਿੰਦਰ ਸਿੰਘ ਭੂੰਦੜ ਨੇ ਵੀ ਆਪਣੀ ਪਾਰਟੀ ਦਾ ਪੱਖ ਰੱਖ ਦੇ ਹੋਏ ਕਿਹਾ ਕਿ ਪਾਣੀਆਂ ਦੇ ਮਸਲੇ ‘ਤੇ ਅਸੀਂ ਸਾਰੇ ਇਕੱਠੇ ਹਾਂ ਅਤੇ ਕੇਂਦਰ ਸਰਕਾਰ ਨੇ ਇਸ ਨੂੰ ਉਲਝਾਇਆ ਹੈ,ਸਾਡਾ ਕਾਨੂੰਨ ਪੱਖ ਮਜ਼ਬੂਤ ਹੈ । ਇਹ ਮਸਲਾ ਦੋਹਾਂ ਸੂਬਿਆਂ ਦੇ ਲੋਕਾਂ ਵਿੱਚ ਤਣਾਅ ਪੈਦਾ ਕਰਨ ਦੇ ਲਈ ਨਹੀਂ ਹੈ ਜਿਸ ਤਰ੍ਹਾਂ ਨਾਲ ਇਸ ਨੂੰ ਪੇਸ਼ ਕੀਤਾ ਜਾ ਰਿਹਾ ਹੈ,ਇਹ ਪਾਣੀਆਂ ‘ਤੇ ਹੱਕ ਦੀ ਲੜਾਈ ਹੈ ।
ਆਲ ਪਾਰਟੀ ਮੀਟਿੰਗ ਤੋਂ ਬਾਅਦ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ 2 ਅਹਿਮ ਬਿਆਨ ਸਾਹਮਣੇ ਆਏ । ਪੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਅੰਦਾਜ਼ ਥੋੜ੍ਹਾ ਨਰਮ ਸੀ ਜਦਕਿ ਬਾਅਦ ਵਿੱਚੋਂ ਮੀਡੀਆਂ ਨਾਲ ਗੱਲ ਕਰਦੇ ਸਮੇਂ ਉਹ ਪੰਜਾਬ ਸਰਕਾਰ ‘ਤੇ ਸਖਤ ਨਜ਼ਰ ਆਏ । ਪੈੱਸ ਕਾਨਫਰੰਸ ਦੌਰਾਨ ਜਾਖੜ ਨੇ ਕਿਹਾ ਹਰਿਆਣਾ ਨੇ ਆਪਣੇ ਹਿੱਸੇ ਤੋਂ ਵੱਧ ਪਾਣੀ ਦੀ ਵਰਤੋਂ ਕੀਤੀ । ਮੁੱਖ ਮੰਤਰੀ ਮਾਨ ਵੱਲੋਂ ਇਸ ਦੇ ਬਾਵਜੂਦ 4 ਹਜ਼ਾਰ ਕਿਉਸਿਕ ਪਾਣੀ ਦਿੱਤਾ ਗਿਆ । ਪਰ ਦੇਸ਼ ਦੇ ਹਾਲਾਤਾਂ ਨੂੰ ਵੇਖ ਦੇ ਹੋਏ ਇਸ ਨੂੰ ਗੱਲਬਾਤ ਦੇ ਜ਼ਰੀਏ ਹੱਲ ਕੀਤਾ ਜਾ ਸਕਦਾ ਸੀ । ਇਸ ਦੌਰਾਨ ਉਨ੍ਹਾਂ ਨੇ ਕਿਹਾ ਤੁਸੀਂ ਸਾਡੀ ਧੋਣ ‘ਤੇ ਹੱਥ ਰੱਖ ਕੇ ਪਾਣੀ ਨਹੀਂ ਲੈ ਸਕਦੇ,ਤੁਸੀਂ ਧੱਕੇ ਨਾਲ ਕੁਝ ਨਹੀਂ ਲੈ ਸਕਦੇ ਹੋ,ਇਸ ਤਣਾਅ ਨੂੰ ਵਧਾਏ ਬਿਨਾਂ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਬੈਠ ਕੇ ਗੱਲ ਕਰੀਏ । ਜਦੋਂ ਸਿੰਘ ਫਸ ਜਾਣ ਤਾਂ ਹੱਲ ਕਰਨਾ ਚਾਹੀਦਾ ਹੈ। ਅਸੀਂ ਪੰਜਾਬੀ ਹਾਂ ਪੰਜਾਬ ਨਾਲ ਖੜੇ ਹਾਂ, ਮੀਟਿੰਗ ਦੇ ਲਈ ਮੁੱਖ ਮੰਤਰੀ ਮਾਨ ਦਾ ਧੰਨਵਾਦ ਕਰਦੇ ਹਾਂ । ਜਦੋਂ ਜਾਖੜ ਨੂੰ ਪੁੱਛਿਆ ਗਿਆ ਕਿ ਉਹ ਕੇਂਦਰ ਦੇ ਨਾਲ ਮਸਲੇ ਨੂੰ ਹੱਲ ਕਰਵਾਉਣ ਵਿੱਚ ਪੁੱਲ ਦਾ ਕੰਮ ਕਰਨਗੇ ਤਾਂ ਉਨ੍ਹਾਂ ਕਿਹਾ ਮੈਂ ਤਿਆਰ ਹਾਂ ਪਰ ਮੁੱਖ ਮੰਤਰੀ ਆਪ ਸਮਰਥ ਹਨ,ਉਹ ਸੰਵਿਧਾਨਿਕ ਅਹੁਦੇ ‘ਤੇ ਬੈਠੇ ਹਨ ।
ਪੈੱਸ ਕਾਨਫਰੰਸ ਤੋਂ ਬਾਅਦ ਜਦੋਂ ਜਾਖੜ ਬਾਹਰ ਆਏ ਤਾਂ ਉਨ੍ਹਾਂ ਦਾ ਅੰਦਾਜ ਮੁੱਖ ਮੰਤਰੀ ਮਾਨ ਨੂੰ ਲੈ ਕੇ ਸਖਤ ਨਜ਼ਰ ਆਇਆ । ਉਨ੍ਹਾਂ ਕਿਹਾ ਮਸਲੇ ਨੂੰ ਰਾਹੀ ਦਾ ਪਹਾੜ ਬਣਾਇਆ ਜਾ ਰਿਹਾ ਹੈ । ਪਹਿਲਾਂ ਵੀ ਕਈ ਸੂਬੇ ਪਾਣੀ ਦੀ ਵੱਧ ਵਰਤੋਂ ਕਰਦੇ ਰਹੇ ਹਨ ਮੇਰੇ ਕੋਲ 23 ਸਾਲਾਂ ਦਾ ਰਿਕਾਰਡ ਹੈ,ਉਨ੍ਹਾਂ ਕਿਹਾ ਅਜਿਹੇ ਮਸਲੇ ਨੂੰ ਹੱਲ ਕਰਨ ਦੇ ਲਈ ਸੂਝਵਾਨ ਲੀਡਰ ਦੀ ਜ਼ਰੂਰਤ ਸੀ । ਦੋਹਾਂ ਹੱਥਾਂ ਤੋਂ ਤਾਲੀ ਵਜੀ ਹੈ,ਜਾਖੜ ਨੇ ਕਿਹਾ ਮਸਲੇ ‘ਤੇ ਮਿੱਟੀ ਪਾ ਕੇ ਗੱਲਬਾਤ ਨਾਲ ਮਾਮਲੇ ਨੂੰ ਹੱਲ ਕਰਨਾ ਚਾਹੀਦਾ ਹੈ ।
ਉਧਰ ਕਾਂਗਰਸ ਵੱਲੋਂ ਸ਼ਾਮਲ ਹੋਏ ਤ੍ਰਿਪਤ ਰਜਿੰਦਰ ਬਜਾਵਾ ਅਤੇ ਰਾਣਾ ਕੇਪੀ ਨੇ ਵੀ ਮਸਲੇ ਤੇ ਪੰਜਾਬ ਸਰਕਾਰ ਨਾਲ ਖੜੇ ਨਜ਼ਰ ਆਏ । ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਸਾਨੂੰ ਇਸ ਮਸਲੇ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ । ਰਾਣਾ ਕੇਪੀ ਨੇ ਕਿਹਾ ਪਾਣੀ ਪੰਜਾਬ ਦੀ ਜ਼ਿੰਦਗੀ ਨਾਲ ਜੁੜਿਆ ਮੁੱਦਾ ਹੈ,ਉਨ੍ਹਾਂ ਕਿਹਾ ਬੀਜੇਪੀ ਨੇ 2022 ਵਿੱਚ ਗੈਰ ਕਾਨੂੰਨੀ ਤਰੀਕੇ ਨਾਲ BBMB ਵਿੱਚ ਪੰਜਾਬ ਦੇ ਮੈਂਬਰਾਂ ਦੀ ਗਿਣਤੀ ਘੱਟ ਕੀਤੀ ਹੈ ।