ਚੰਡੀਗੜ੍ਹ- ਪੰਜਾਬ ਦੇ ਡੀ.ਜੀ.ਪੀ ਨੇ ਕੋਵਿਡ-19 ਸਬੰਧੀ ਅਣਉਚਿਤ ਵਟਸਐਪ ਸੰਦੇਸ਼ ਅੱਗੇ ਭੇਜਣ ਜਾਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੋਬਾਇਲ ਅਤੇ ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ। ਕੋਵਿਡ-19 ਮਹਾਂਮਾਰੀ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਬੇਬੁਨਿਆਦ ਖ਼ਬਰਾਂ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਅਜਿਹੀਆਂ ਗ਼ੈਰ-ਸਮਾਜਕ ਗਤੀਵਿਧੀਆਂ ਵਿੱਚ ਸ਼ਾਮਲ ਸ਼ਰਾਰਤੀ ਅਨਸਰਾਂ ਨੂੰ ਕਾਨੂੰਨ ਦੀ ਧਾਰਾਵਾਂ ਤਹਿਤ ਬਣਦੀ ਸਜ਼ਾ ਦੇਣ ਦੀ ਤਾੜਨਾ ਕੀਤੀ ਹੈ।
ਇੱਕ ਅਡਵਾਈਜ਼ਰੀ ਜਾਰੀ ਕਰਦਿਆਂ ਡੀਜੀਪੀ ਨੇ ਮੋਬਾਇਲ ਫੋਨ, ਸੋਸ਼ਲ ਮੀਡੀਆ ਰਾਹੀਂ ਸਮਾਜ ਵਿੱਚ ਬੇਬੁਨਿਆਦ ਖ਼ਬਰਾਂ, ਅਫਵਾਹਾਂ ਫੈਲਾ ਕੇ ਲੋਕਾਂ ਲਈ ਬੇਲੋੜੀ ਦਹਿਸ਼ਤ ਅਤੇ ਪਰੇਸ਼ਾਨੀਆਂ ਪੈਦਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਚੇਤਵਾਨੀ ਦਿੱਤੀ। ਗੁਪਤਾ ਨੇ ਆਮ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਗਲਤ ਜਾਣਕਾਰੀ ਅਤੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਦਹਿਸ਼ਤ ਜਾਂ ਅਸ਼ਾਂਤੀ ਪੈਦਾ ਨਾ ਕਰਨ।
ਡੀਜੀਪੀ ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਿਨਾਂ ਸੋਚੇ ਸਮਝੇ ਕਿਸੇ ਵੀ ਸੰਦੇਸ਼ ਨੂੰ ਅੱਗੇ ਨਾ ਭੇਜਣ। ਜੇ ਤੁਸੀਂ ਖੁਦ ਹੀ ਭੇਜੇ ਗਏ ਸੰਦੇਸ਼ ਜਾਂ ਜਾਣਕਾਰੀ ਦੇ ਸਰੋਤ ਬਾਰੇ ਯਕੀਨੀ ਨਹੀਂ ਹੋ ਤਾਂ ਦੋਸਤਾਂ ਅਤੇ ਪਰਿਵਾਰ ਵਿੱਚ ਅਜਿਹਾ ਸੰਦੇਸ਼ ਨਾ ਭੇਜੋ। ਤੁਸੀਂ ਸੋਸ਼ਲ ਮੀਡੀਆ ‘ਤੇ ਜੋ ਪੋਸਟ ਕਰਦੇ ਹੋ ਜਾਂ ਵਟਸਅੱਪ ‘ਤੇ ਜੋ ਭੇਜਦੇ ਹੋ, ਉਸ ‘ਤੇ ਸੰਜਮ ਦਿਖਾਓ ਨਕਲੀ ਖ਼ਬਰਾਂ ਨਾ ਫੈਲਾਓ। ਜਾਣਕਾਰੀ ਲਈ ਪ੍ਰਮਾਣਿਕ ਸਰੋਤ ਜਾਂ ਸਰਕਾਰੀ ਹੈਲਪਲਾਈਨ ਨੂੰ ਚੁਨਣ ਪਰ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ।
ਗੁਪਤਾ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਅੱਜ ਹਰੇਕ ਨੂੰ ਪ੍ਰਭਾਵਿਤ ਕਰ ਰਹੀ ਹੈ। ਇਹ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸ ਨਾਲ ਸਾਡੀ ਆਰਥਿਕਤਾ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਵਾਇਰਸ ਸਾਡੇ ਪਰਿਵਾਰਾਂ, ਸਾਡੇ ਮਿੱਤਰਾਂ ਅਤੇ ਸਾਡੇ ਭਾਈਚਾਰਿਆਂ ਲਈ ਵਿਨਾਸ਼ਕਾਰੀ ਸਿੱਧ ਹੋ ਸਕਦਾ ਹੈ ਅਤੇ ਸਾਡੇ ਪਰਿਵਾਰ ਦੇ ਹਰੇਕ ਜੀਅ, ਸਾਡੇ ਕੰਮ ਦੇ ਸਹਿਯੋਗੀ ਅਤੇ ਆਸ-ਪਾਸ ਦੇ ਹਰ ਵਿਅਕਤੀ ਦੀ ਸੁਰੱਖਿਆ ਅਤੇ ਭਲਾਈ ਬਹੁਤ ਮਹੱਤਵਪੂਰਨ ਹੈ। ਸਾਰੇ ਅਧਿਕਾਰੀ ਇਸ ਸਮੱਸਿਆ ਦਾ ਟਾਕਰਾ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ।