International

ਡਰੋਨ ਹਮਲੇ ‘ਚ ਕਿਸੇ ਵੀ ਸੈਨਿਕ ਨੂੰ ਸਜ਼ਾ ਨਹੀਂ ਦੇਵਾਂਗੇ-ਅਮਰੀਕਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅਮਰੀਕਾ ਨੇ ਸਪਸ਼ਟ ਕੀਤਾ ਹੈ ਕਿ ਅਫਗਾਨਿਤਸਾਨ ਵਿਚ ਹੋਏ ਡਰੋਨ ਹਮਲੇ ਦੌਰਾਨ 10 ਅਫਗਾਨ ਨਾਗਰਿਕਾਂ ਦੀ ਮੌਤ ਦੀ ਸਜ਼ਾ ਅਪਣੇ ਸੈਨਿਕਾਂ ਨੂੰ ਨਹੀਂ ਦਿੱਤੀ ਜਾਵੇਗੀ। ਪੈਂਟਾਗਨ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਉਹ ਡਰੋਨ ਹਮਲੇ ਵਿਚ ਅਫਗਾਨ ਨਾਗਰਿਕਾਂ ਦੀ ਮੌਤ ਦੀ ਸਜ਼ਾ ਅਮਰੀਕਾ ਕਿਸੇ ਵੀ ਸੈਨਿਕ ਨੂੰ ਦੇਣ ਨਹੀਂ ਜਾ ਰਿਹਾ। ਅਮਰੀਕਾ ਵਲੋਂ ਇਸ ਡਰੋਨ ਹਮਲੇ ਦੀ ਜਾਂਚ ਤੋਂ ਬਾਅਦ ਪੈਂਟਾਗਨ ਨੇ ਕਿਹਾ ਸੀ ਕਿ ਇਸ ਹਮਲੇ ਵਿਚ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਗਈ ਸੀ। ਹਾਲਾਂਕਿ ਦਸ ਅਫਗਾਨ ਨਾਗਰਿਕਾਂ ਦੀ ਮੌਤ ਇੱਕ ਦੁਖਦ ਗਲਤੀ ਸੀ।

ਬੇਸ਼ੱਕ ਹੀ ਅਮਰੀਕਾ ਇਸ ਡਰੋਨ ਹਮਲੇ ਵਿਚ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਾ ਹੋਣ ਦੀ ਗੱਲ ਕਹਿੰਦਾ ਹੋਵੇ ਲੇਕਿਨ ਉਹ ਅਫਗਾਨ ਨਾਗਰਿਕਾਂ ਨੂੰ ਮੁਆਵਜ਼ਾ ਦੇਣ ਦੇ ਲਈ ਤਿਆਰ ਹੈ। ਪਿਛਲੇ ਦਿਨੀਂ ਪੈਂਟਾਗਨ ਦੇ ਬੁਲਾਰੇ ਜੌਨ ਕਿਰਬੀ ਦਾ ਬਿਆਨ ਸਾਹਮਣੇ ਆਇਆ ਸੀ, ਉਨ੍ਹਾਂ ਕਿਹਾ ਸੀ ਕਿ ਅਮਰੀਕਾ ਡਰੋਨ ਹਮਲੇ ਵਿਚ ਮਾਰੇ ਗਏ ਅਫਗਾਨ ਨਾਗਰਿਕਾਂ ਦੇ ਮ੍ਰਿਤਕਾਂ ਨੂੰ ਮੁਆਵਜ਼ਾ ਦੇਣ ਲਈ ਤਿਆਰ ਹੈ। ਅਮਰੀਕਾ ਲਿਆਏ ਗਏ ਅਫਗਾਨੀਆਂ ਦੀ ਮਦਦ ਦੇ ਲਈ ਅਮਰੀਕੀ ਰੱਖਿਆ ਵਿਭਾਗ ਅਤੇ ਵਿਦੇਸ਼ ਮੰਤਰਾਲੇ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਅਫਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਕਾਬੁਲ ਏਅਰਪੋਰਟ ’ਤੇ ਬੰਬ ਨਾਲ ਧਮਾਕਾ ਕੀਤਾ ਗਿਆ ਸੀ। ਇਸ ਵੱਡੇ ਬੰਬ ਧਮਾਕੇ ਵਿਚ 169 ਅਫਗਾਨੀ ਨਾਗਰਿਕਾਂ ਸਣੇ 13 ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਅਮਰੀਕਾ ਵਲੋਂ ਡਰੋਨ ਹਮਲਾ ਕੀਤਾ ਗਿਆ ਸੀ। ਇਸ ਵਿਚ ਬੇਗੁਨਾਹ 10 ਅਫਗਾਨ ਨਾਗਰਿਕਾਂ ਦੀ ਮੌਤ ਹੋ ਗਈ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਨੇ ਅਪਣੀ ਗਲਤੀ ਮੰਨ ਲਈ ਸੀ।