‘ਦ ਖ਼ਾਲਸ ਬਿਊਰੋ :- ਅਮਰੀਕਾ ‘ਚ ਗਰੀਨ ਕਾਰਡ ਨੂੰ ਪ੍ਰਵਾਨਗੀ ਦੇ ਕੰਮ ਨੂੰ ਮੁਲਤਵੀ ਕਰਨ ਵਾਲੇ ਕਾਰਜਾਕਾਰੀ ਹੁਕਮਾਂ ਉੱਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਸਤਖ਼ਤ ਕਰ ਦਿੱਤੇ ਹਨ। ਸਮਝਿਆ ਜਾ ਰਿਹਾ ਹੈ ਕਿ ਇਸ ਫ਼ੈਸਲੇ ਨਾਲ ਗਰੀਨ ਕਾਰਡ ਹੋਲਡਰ ਆਪਣੇ ਸਕੇ ਸਬੰਧੀਆਂ ਨੂੰ ਅਮਰੀਕਾ ਨਹੀਂ ਬੁਲਾ ਸਕਣਗੇ। ਇਸ ਮਾਈਗੇਰਸ਼ਨ ਬਾਰੇ ਫ਼ੈਸਲਾ ਲੈਣਾ ਰਾਸ਼ਟਰਪਤੀ ਦਾ ਅਧਿਕਾਰ ਖੇਤਰ ਹੈ। ਪਰ ਇਸ ਫ਼ੈਸਲੇ ਵਿੱਚ ਅਮਰੀਕੀ ਨਾਗਰਿਕਾਂ ਦੇ ਪਤੀ/ਪਤਨੀ ਤੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਛੋਟ ਦਿੱਤੀ ਗਈ ਹੈ।
ਇਨ੍ਹਾਂ ਹੁਕਮਾਂ ਵਿੱਚ ਡਾਇਵਰਸਟੀ ਵੀਜ਼ਾ ਲੌਟਰੀ ਨੂੰ ਵੀ ਮੁਲਤਵੀ ਕੀਤਾ ਗਿਆ ਹੈ, ਜੋ ਹਰ ਸਾਲ ਕਰੀਬ 50,000 ਗਰੀਨ ਕਾਰਡ ਦਿੰਦਾ ਹੈ। ਜਿਹੜੇ ਗਰੀਨ ਕਾਰਡ ਅਰਜ਼ੀ ਕਰਤਾ ਪਹਿਲਾਂ ਹੀ ਅਮਰੀਕਾ ਵਿੱਚ ਰਹਿ ਰਹੇ ਹਨ ਅਤੇ ਕੰਮ ਕਰ ਰਹੇ ਹਨ, ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਵੀ ਛੋਟ ਦਿੱਤੀ ਗਈ ਹੈ। ਇਸ ਦੇ ਨਾਲ-ਨਾਲ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਪੇਸ਼ੇਵਰਾਂ ਨੂੰ ਐਂਟਰੀ ਲਈ ਵੀ ਛੋਟ ਦਿੱਤੀ ਹੈ। ਫਾਰਮ ਲੇਬਰ ਤੇ ਐੱਚ-1ਬੀ ਵੀਜ਼ੇ ਤਹਿਤ ਲੱਖਾਂ ਸਕਿੱਲਡ ਕਾਮੇ ਜੋ ਹਰ ਸਾਲ ਅਸਥਾਈ ਗੈਸਟ ਵੀਜ਼ੇ ਉੱਤੇ ਆਉਂਦੇ ਹਨ, ਉਨ੍ਹਾਂ ਨੂੰ ਵੀ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ।