India International Punjab

ਜਰਮਨੀ ਤੋਂ ਬਾਅਦ ਅਮਰੀਕਾ ਦਾ ਕੇਜਰੀਵਾਲ ‘ਤੇ ਵੱਡਾ ਬਿਆਨ ! ’28 ਮਾਰਚ ਕੇਜਰੀਵਾਲ ਕਰਨਗੇ ਵੱਡਾ ਖੁਲਾਸਾ’

ਬਿਉਰੋ ਰਿਪੋਰਟ : ਜਰਮਨੀ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ । ਅਮਰੀਕਾ ਦੇ ਵਿਦੇਸ਼ ਮੰਤਰਾਲੇ ਕੋਲੋ ਜਦੋਂ ਪੱਤਰਕਾਰਾਂ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਸਵਾਲ ਪੁੱਛਿਆ ਤਾਂ ਅਮਰੀਕਾ ਨੇ ਕਿਹਾ ਅਸੀਂ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਨਜ਼ਦੀਕ ਤੋਂ ਨਜ਼ਰ ਰੱਖੀ ਹੋਈ ਹੈ,ਅਸੀਂ ਇਸ ਮਾਮਲੇ ਵਿੱਚ ਪਾਰਦਰਸ਼ੀ ਕਾਨੂੰਨੀ ਪ੍ਰਕਿਰਿਆ ਦੀ ਉਮੀਦ ਕਰਦੇ ਹਾਂ,ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਇਸ ਦੀ ਜਾਂਚ ਸਮਾਂਬੱਧ ਹੋਵੇ । ਇਸ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈਕੇ ਵੀ ਬਿਆਨ ਦਿੱਤਾ ਸੀ । ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਕਿਹਾ ਸੀ ਅਮਰੀਕਾ ਨੂੰ ਨਾਗਰਿਕਤਾ ਸੋਧ ਕਾਨੂੰਨ ਬਾਰੇ ਜਾਣਕਾਰੀ ਨਹੀਂ ਹੈ ।ਉਧਰ ਭਾਰਤ ਨੇ ਅਮਰੀਕਾ ਦੇ ਡਿਪਟੀ ਰਾਜਦੂਤ ਨੂੰ ਤਲਬ ਕਰਕੇ ਦੇਸ਼ ਦੇ ਮਾਮਲਿਆਂ ਵਿੱਚ ਦਖਲ ਦੇਣ ‘ਤੇ ਨਰਾਜ਼ਗੀ ਜਤਾਈ ਹੈ ।

 

ਜਰਮਨੀ ਨੇ ਵੀ ਕੇਜਰੀਵਾਲ ਦਾ ਮੁੱਦਾ ਚੁੱਕਿਆ ਸੀ ।

ਅਮਰੀਕਾ ਤੋਂ ਪਹਿਲਾਂ ਜਰਮਨੀ ਦੇ ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ 22 ਮਾਰਚ ਨੂੰ ਕਿਹਾ ਸੀ ਅਸੀਂ ਇਸ ਮਾਮਲੇ ਦਾ ਨੋਟਿਸ ਲਿਆ ਹੈ । ਕੇਜਰੀਵਾਲ ਨੂੰ ਨਿਰਪੱਖ ਅਤੇ ਸਹੀ ਟ੍ਰਾਇਲ ਮਿਲਣਾ ਚਾਹੀਦਾ ਹੈ । ਜਦੋਂ ਤੱਕ ਦੋਸ਼ ਸਾਬਿਤ ਨਾ ਹੋ ਜਾਣ ਉਦੋਂ ਤੱਕ ਕਿਸੇ ਵੀ ਸ਼ਖਸ ਨੂੰ ਨਿਰਦੋਸ਼ ਮੰਨਣਾ ਕਾਨੂੰਨੀ ਸਿਧਾਂਤ ਦਾ ਪਾਲਨ ਹੋਣਾ ਚਾਹੀਦਾ ਹੈ । ਇਹ ਹੀ ਸਿਧਾਂਤ ਕੇਜਰੀਵਾਲ ‘ਤੇ ਵੀ ਲਾਗੂ ਹੋਣਾ ਚਾਹੀਦਾ ਹੈ । ਜਰਮਨੀ ਦੇ ਇਸ ਬਿਆਨ ‘ਤੇ ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਕਰੜਾ ਇਤਰਾਜ਼ ਜ਼ਾਹਿਰ ਕੀਤਾ ਸੀ । ਭਾਰਤ ਵਿੱਚ ਜਰਮਨੀ ਦੀ ਅੰਬੈਸੀ ਦੇ ਡਿੱਪੀ ਹੈੱਡ ਨੂੰ ਤਲਬ ਕੀਤਾ ਗਿਆ ਸੀ । ਭਾਰਤ ਨੇ ਕਿਹਾ ਹੈ ਕਿ ਜਰਮਨੀ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਬੰਦ ਕਰੇ । ਤੁਸੀਂ ਸਾਡੇ ਦੇਸ਼ ਦੇ ਅਦਾਲਤੀ ਕੰਮਾਂ ਵਿੱਚ ਦਖਲ ਅੰਦਾਜ਼ੀ ਕਰ ਰਹੇ ਹੋ ।ਭਾਰਤ ਇੱਕ ਤਾਕਤਵਰ ਲੋਕਤਾਂਤਰਿਕ ਦੇਸ਼ ਹੈ,ਜਿੱਥੇ ਕਾਨੂੰਨ ਦਾ ਪਾਲਨ ਹੁੰਦਾ ਹੈ । ਦੂਜੇ ਮਾਮਲਿਆਂ ਵਾਂਗ ਕੇਜਰੀਵਾਲ ਦੀ ਗ੍ਰਿਫਤਾਰੀ ਵੀ ਕਾਨੂੰਨ ਦੇ ਤਹਿਤ ਹੋਈ ਹੈ । ਇਸ ਮਾਮਲੇ ਵਿੱਚ ਆਪਣੇ ਹਿਸਾਬ ਨਾਲ ਅੰਦਾਜ਼ਾ ਲਗਾਕੇ ਬਿਆਨਬਾਜ਼ੀ ਕਰਨਾ ਠੀਕ ਨਹੀਂ ਹੈ

’28 ਮਾਰਚ ਨੂੰ ਕੇਜਰੀਵਾਲ ਕਰਨਗੇ ਵੱਡਾ ਖੁਲਾਸਾ’

ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਦੂਜੀ ਪੀਸੀ ਕਰਦੇ ਹੋਏ ਕਿਹਾ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ ਉਨ੍ਹਾਂ ਦਾ ਸ਼ੂਗਰ ਲੈਵਲ ਠੀਕ ਨਹੀਂ ਹੈ । ਪਰ ਉਹ ਪੂਰੀ ਤਰ੍ਹਾਂ ਨਾਲ ਮਜਬੂਤ ਹਨ। 2 ਦਿਨ ਪਹਿਲਾਂ ਕੇਜਰੀਵਾਲ ਨੇ ਮੰਤਰੀ ਆਤਿਸ਼ੀ ਨੂੰ ਪਾਣੀ ਦਾ ਪੂਰਾ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਇਸ ‘ਤੇ ਵੀ ਕੇਂਦਰ ਸਰਕਾਰ ਨੇ ਤੁਹਾਡੇ ਮੁੱਖ ਮੰਤਰੀ ‘ਤੇ ਕੇਸ ਕਰ ਦਿੱਤਾ । ਕੀ ਇਹ ਲੋਕ ਦਿੱਲੀ ਨੂੰ ਤਬਾਅ ਕਰਨਾ ਚਾਹੁੰਦੇ ਹਨ । ਪਤਨੀ ਸੁਨੀਤਾ ਦੱਸਿਆ ਕਿ ਕਥਿੱਤ ਸ਼ਰਾਬ ਘੁਟਾਲੇ ਵਿੱਚ ਈਡੀ ਨੇ 2 ਸਾਲਾਂ ਵਿੱਚ 200 ਤੋਂ ਜ਼ਿਆਦਾ ਰੇਡਾਂ ਮਾਰੀਆਂ,ਉਹ ਸ਼ਰਾਬ ਘੁਟਾਲੇ ਦਾ ਪੈਸਾ ਲੱਭ ਰਹੇ ਹਨ,ਹੁਣ ਤੱਕ ਇੱਕ ਪੈਸਾ ਵੀ ਨਹੀਂ ਮਿਲਿਆ,ਮਨੀਸ਼ ਸਿਸੋਦੀਆ,ਸੰਜੇ ਸਿੰਘ,ਸਾਡੇ ਘਰ ਰੇਡ ਮਾਰੀ ਤਾਂ ਸਿਰਫ਼ 73 ਹਜ਼ਾਰ ਮਿਲੇ । ਪਤਨੀ ਨੇ ਕਿਹਾ ਅਰਵਿੰਦ ਕੇਜਰੀਵਾਲ 28 ਮਾਰਚ ਨੂੰ ਇਸ ਦਾ ਖੁਲਾਸਾ ਅਦਾਲਤ ਦੇ ਸਾਹਮਣੇ ਕਰਨਗੇ । ਸਾਰੇ ਦੇਸ਼ ਨੂੰ ਦੱਸਣਗੇ ਕਿ ਇਸ ਸ਼ਰਾਬ ਘੁਟਾਲੇ ਦਾ ਪੈਸਾ ਕਿੱਥੇ ਹੈ,ਉਸ ਦਾ ਸਬੂਤ ਵੀ ਦਿੱਤਾ ਜਾਵੇਗਾ ।

ਕੱਲ ਰਿਮਾਂਡ ਹੋਵੇਗੀ ਖਤਮ

ਕੇਜਰੀਵਾਲ ਦੀ ਰਿਮਾਂਡ ਦਾ ਅੱਜ ਅਖੀਰਲਾ ਦਿਨ ਹੈ,ਕੱਲ 28 ਮਾਰਚ ਨੂੰ ਮੁੜ ਤੋਂ ਕੇਜਰੀਵਾਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਮੰਨਿਆ ਜਾ ਰਿਹਾ ਹੈ ਈਡੀ ਕੇਜਰੀਵਾਲ ਦੀ ਹੋਰ ਰਿਮਾਂਡ ਦੀ ਮੰਗ ਕਰ ਸਕਦੀ ਹੈ। 22 ਮਾਰਚ ਨੂੰ ਜਦੋਂ ਕੇਜਰੀਵਾਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਜ਼ਬਰਦਸਤ ਬਹਿਸ ਤੋਂ ਬਾਅਦ ਈਡੀ ਨੇ 6 ਦਿਨ ਦੀ ਰਿਮਾਂਡ ਦਿੱਤੀ ਸੀ । ਜਦਕਿ ਈਡੀ ਨੇ 10 ਦਿਨਾਂ ਦੀ ਮੰਗ ਕੀਤੀ ਸੀ। ਕੱਲ ਈਡੀ ਨੂੰ ਦੱਸਣਾ ਹੋਵੇਗਾ ਕਿ ਉਸ ਨੂੰ ਹੋਰ ਰਿਮਾਂਡ ਕਿਉਂ ਚਾਹੀਦੀ ਹੈ । 2 ਦਿਨ ਪਹਿਲਾਂ ਖਬਰਾਂ ਆਇਆ ਸਨ ਕਿ ਈਡੀ ਨੇ ਕੇਜਰੀਵਾਲ ਕੋਲੋ ਉਨ੍ਹਾਂ ਦਾ ਪੁਰਾਣਾ ਫੋਨ ਮੰਗਿਆ ਹੈ । ਕੇਜਰੀਵਾਲ ਨੇ ਸਾਫ ਕਿਹਾ ਕਿ ਮੇਰੇ ਕੋਲ ਨਹੀਂ ਹੈ । ਇਸ ਮਾਮਲੇ ਵਿੱਚ ਈਡੀ ਨੂੰ 38 ਲੋਕਾਂ ਦੇ 170 ਫੋਨਾਂ ਦੀ ਤਲਾਸ਼ ਹੈ ਜਦਕਿ ਉਸ ਦੇ ਹੱਥ ਸਿਰਫ਼ 17 ਫੋਨ ਹੀ ਲੱਗੇ ਹਨ ਜਿੰਨਾਂ ਤੋਂ ਸਬੂਤ ਤਲਾਸ਼ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।