‘ਦ ਖਾਲਸ ਬਿਊਰੋ :- ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ 1 ਅਪ੍ਰੈਲ 1621 ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਸ੍ਰੀ ਅਮ੍ਰਿਤਸਰ ਵਿਖੇ ਗੁਰੂ ਕੇ ਮਹਿਲ ਹੋਇਆ। ਸ਼੍ਰੀ ਗੁਰੂ ਤੇਗ ਬਹਾਦੁਰ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਉਨ੍ਹਾਂ ਦੇ ਚਾਰ ਵੱਡੇ ਭਰਾ ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਇ ਜੀ, ਬਾਬਾ ਅਨੀ ਰਾਇ ਜੀ, ਬਾਬਾ ਸੂਰਜ ਮਲ ਜੀ ਤੇ ਇਕ ਛੋਟੀ ਭੈਣ ਬੀਬੀ ਵੀਰੋ ਜੀ ਸੀ। ਗੁਰੂ ਸਾਹਿਬ ਜੀ ਦੀ ਪੜਾਈ ,ਲਿਖਾਈ ਤੇ ਸਿਖਲਾਈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੇਖ ਰੇਖ ਵਿਚ ਹੋਈ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਇਨ੍ਹਾ ਨੂੰ ਰਾਮਾਇਣ ,ਗੀਤਾ, ਹਿੰਦੂ ਇਤਿਹਾਸ ਤੇ ਮਿਤਿਹਾਸ ਤੋਂ ਇਲਾਵਾ ਇਸਲਾਮੀ ਹਦੀਸ, ਕੁਰਾਨ ,ਇਸਲਾਮੀ ਸ਼ਰੀਅਤ ਤੇ ਰਵਾਇਤਾਂ ਦੀ ਪੂਰੀ ਜਾਣਕਾਰੀ ਕਰਵਾਈ। ਅੱਖਰੀ ਵਿਦਿਆ ਦੇ ਨਾਲ-ਨਾਲ ਗੁਰੂ ਜੀ ਨੂੰ ਸਰੀਰਕ ਕਸਰਤ, ਘੋੜ ਸਵਾਰੀ ,ਤੀਰ ਅੰਦਾਜ਼ੀ, ਨੇਜਾ ਬਾਜ਼ੀ , ਬੰਦੂਕ ਚਲਾਉਣੀ ,ਤੇ ਸ਼ਸ਼ਤਰ ਵਿਦਿਆ ਦੇ ਸਾਰੇ ਗੁਣਾਂ ਵਿਚ ਨਿਪੁੰਨ ਕਰ ਦਿਤਾ।
ਆਪ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੋਈ ਚੌਥੀ ਜੰਗ ਵਿੱਚ 13 ਸਾਲ ਦੀ ਉਮਰ ਵਿਚ ਉਹ ਜੌਹਰ ਦਿਖਾਏ ਕਿ ਦੁਸ਼ਮਣ ਤਾਂ ਕੀ ਗੁਰੂ ਪਿਤਾ ਖੁਦ ਵੀ ਅਸ਼-ਅਸ਼ ਕਰ ਉੱਠੇ ਤੇ ਇਨ੍ਹਾਂ ਦਾ ਨਾਂ ਤਿਆਗ ਮਲ ਤੋਂ ਤੇਗ ਬਹਾਦਰ ਰੱਖ ਦਿੱਤਾ। ਚੌਥੀ ਜੰਗ ਵਿੱਚ ਜਿੱਤ ਭਾਵੇਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੋਈ ਪਰ ਉਨ੍ਹਾਂ ਨੇ ਕਰਤਾਰਪੁਰ ਛੱਡਣ ਦਾ ਫੈਸਲਾ ਕਰ ਲਿਆ ਤੇ ਉਹ ਕੀਰਤਪੁਰ ਸਾਹਿਬ ਆ ਗਏ।
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਗੁਰਗੱਦੀ ਗ੍ਰਹਿਣ ਵੇਲੇ ਔਰੰਗਜ਼ੇਬ ਭਾਰਤ ਦਾ ਸਮਰਾਟ ਸੀ। ਔਰੰਗਜ਼ੇਬ ਪੱਥਰ-ਮਨ ਸੁੰਨੀ ਮੁਸਲਮਾਨ ਸੀ। ਰਾਜ ਹਥਿਆਉਣ ਤੇ ਬਚਾਉਣ ਲਈ ਉਸ ਨੇ ਆਪਣੇ ਪਿਉ ਤੇ ਭਰਾਵਾਂ ’ਤੇ ਵੀ ਜ਼ੁਲਮ ਕਰਨੋਂ ਸੰਕੋਚ ਨਾ ਕੀਤਾ। ਆਪਣੇ ਪਿਤਾ ਸ਼ਾਹ ਜਹਾਨ ਨੂੰ ਉਸ ਨੇ ਕਈ ਵਰ੍ਹੇ ਬੰਦੀ ਬਣਾਈ ਰੱਖਿਆ ਤੇ ਪਿਆਸਾ ਮਾਰ ਦਿੱਤਾ। ਆਪਣੇ ਆਪ ਵਿਚ ਉਹ ਖੁਦਾਪ੍ਰਸਤ ਹੋਣ ਦਾ ਦਾਅਵਾ ਕਰਦਾ ਸੀ ਪਰ ਦੂਜੇ ਪਾਸੇ ਖੁਦਾ ਦੀ ਖਲਕਤ ਉਸ ਦੇ ਜ਼ੁਲਮ ਦਾ ਸ਼ਿਕਾਰ ਬਣ ਰਹੀ ਸੀ। ਉਸ ਦੇ ਮਨ ’ਚ ਇਸਲਾਮ ਦੀ ਖਿਦਮਤ ਦਾ ਜਜ਼ਬਾ ਜਨੂੰਨ ਦੀ ਹੱਦ ਤਕ ਪਹੁੰਚ ਗਿਆ ਸੀ।ਔਰੰਗਜ਼ੇਬ ਨੇ ਹਿੰਦੂਆਂ ’ਤੇ ਹੀ ਨਹੀਂ ਬਲਕਿ ਸ਼ੀਆ ਮੁਸਲਮਾਨਾਂ ਤੇ ਸੂਫ਼ੀ ਫਕੀਰਾਂ ’ਤੇ ਵੀ ਅੱਤਿਆਚਾਰ ਕੀਤੇ। ਹਿੰਦੂਆਂ ਉੱਪਰ ਔਰੰਗਜ਼ੇਬ ਦੇ ਜ਼ੁਲਮ ਦਾ ਕੁਹਾੜਾ ਤੇਜ਼ ਹੋ ਗਿਆ। ਹਿੰਦੂਆਂ ’ਤੇ ਜਜ਼ੀਆ ਤੇ ਤੀਰਥ ਯਾਤਰਾ ਟੈਕਸ ਲਾਇਆ ਗਿਆ ਅਤੇ ਉਨ੍ਹਾਂ ਨੂੰ ਅਨੇਕਾਂ ਹੱਕਾਂ ਤੋਂ ਵੰਚਿਤ ਕਰ ਦਿੱਤਾ ਗਿਆ।
ਹਿੰਦੂਆਂ ਦੇ ਮੰਦਰ ਢਾਹ ਦਿੱਤੇ ਗਏ ਅਤੇ ਉਨ੍ਹਾਂ ਦੀਆਂ ਧਾਰਮਿਕ ਰਹੁ-ਰੀਤਾਂ ’ਤੇ ਪਾਬੰਦੀ ਲਗਾ ਦਿੱਤੀ ਗਈ। ਇਸ ਤਰ੍ਹਾਂ ਹਿੰਦੂ ਕੌਮ ਭਾਰੀ ਵਿਸ਼ਾਦ ਦਾ ਸ਼ਿਕਾਰ ਹੋ ਗਈ। ਕੁਝ ਹਿੰਦੂ ਡਰ ਜਾਂ ਲਾਲਚ ’ਚ ਆ ਕੇ ਮੁਸਲਮਾਨ ਬਣ ਗਏ। ਧਰਮ-ਪਰਿਵਰਤਨ ਦਾ ਮੁੱਖ ਕੇਂਦਰ ਕਸ਼ਮੀਰ ਸੀ। ਕਿਹਾ ਜਾਂਦਾ ਹੈ ਕਿ ਰੋਜ਼ਾਨਾ ਸਵਾ ਮਣ ਜਨੇਊ ਲਾਹ ਦਿੱਤੇ ਜਾਂਦੇ ਸਨ। ਇਸ ਤਰ੍ਹਾਂ ਕਸ਼ਮੀਰ ਹਿੰਦੂ ਧਰਮ ਦੀ ਕਤਲਗਾਹ ਬਣ ਗਿਆ।ਜਦ ਕਸ਼ਮੀਰੀ ਪੰਡਤਾਂ ਨੂੰ ਔਰੰਗਜ਼ੇਬ ਦੇ ਅੱਤਿਆਚਾਰਾਂ ਤੋਂ ਕਿਸੇ ਤਰ੍ਹਾਂ ਵੀ ਬਚਾਉ ਦੀ ਆਸ-ਉਮੀਦ ਨਾ ਰਹੀ ਤਾਂ ਉਹ ਕਿਰਪਾ ਰਾਮ ਦੀ ਅਗਵਾਈ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ’ਚ ਹਾਜ਼ਰ ਹੋਏ, ਆਪਣੇ ਦੁੱਖ-ਦਰਦ ਦੀ ਵਿਥਿਆ ਸੁਣਾਈ ਅਤੇ ਸੁਰੱਖਿਆ ਲਈ ਅਰਜ਼ੋਈ ਕੀਤੀ। ਉਨ੍ਹਾਂ ਦੀ ਫ਼ਰਿਆਦ ਸੁਣ ਕੇ ਗੁਰੂ ਜੀ ਸੋਚਣ ਲੱਗੇ ਕਿ ਇਨ੍ਹਾਂ ਦੇ ਬਚਾਉ ਲਈ ਕਿਸੇ ਮਹਾਨ ਪੁਰਸ਼ ਦੀ ਕੁਰਬਾਨੀ ਦੀ ਲੋੜ ਹੈ। ਜਦ ਇਸ ਗੱਲ ਦਾ ਪਤਾ 9 ਵਰ੍ਹਿਆਂ ਦੇ ਬਾਲ ਗੋਬਿੰਦ ਰਾਇ ਜੀ ਨੂੰ ਲੱਗਾ ਤਾਂ ਉਹ ਬੜੇ ਸਵੈ-ਵਿਸ਼ਵਾਸ ਤੇ ਨਿਡਰਤਾ ਨਾਲ ਕਹਿਣ ਲੱਗੇ, “ਆਪ ਜੀ ਨਾਲੋਂ ਵੱਡਾ ਪੁਰਸ਼ ਕੌਣ ਹੋ ਸਕਦਾ ਹੈ? ਤੁਸੀਂ ਹੀ ਜ਼ੁਲਮ ਦੀ ਹਨੇਰੀ ਦੇ ਸਤਾਏ ਹੋਏ ਮਜ਼ਲੂਮ ਹਿੰਦੂਆਂ ਦੀ ਰੱਖਿਆ ਕਰਨ ਲਈ ਕੁੱਝ ਕਰ ਸਕਦੇ ਹੋ!” ਇਹ ਸੁਣ ਕੇ ਗੁਰੂ ਜੀ ਨੂੰ ਯਕੀਨ ਹੋ ਗਿਆ ਕਿ ਬਾਲ ਗੋਬਿੰਦ ਜੀ ਗੁਰਗੱਦੀ ਸੰਭਾਲਣ ਦੇ ਯੋਗ ਹਨ। ਉਨ੍ਹਾਂ ਕਸ਼ਮੀਰੀ ਪੰਡਤਾਂ ਨੂੰ ਦਿਲਾਸਾ ਦੇ ਕੇ ਆਖਿਆ ਕਿ ਜਾ ਕੇ ਬਾਦਸ਼ਾਹ ਨੂੰ ਇਹ ਕਹਿ ਦੇਣ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ ਤਾਂ ਉਹ ਸਾਰੇ ਮੁਸਲਮਾਨ ਬਣ ਜਾਣਗੇ।
ਇਹ ਸੰਦੇਸ਼ ਲੈ ਕੇ ਕਸ਼ਮੀਰੀ ਪੰਡਤ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਪਾਸ ਪਹੁੰਚੇ ਅਤੇ ਕੁਝ ਸਮੇਂ ਲਈ ਬਾਦਸ਼ਾਹ ਦੇ ਜ਼ੁਲਮ ਤੋਂ ਛੁਟਕਾਰਾ ਪਾਇਆ। ਗੁਰੂ ਸਾਹਿਬ ਨੂੰ ਦਿੱਲੀ ਤੋਂ ਬੁਲਾਵਾ ਆਇਆ ਤਾਂ ਉਹ ਗੁਰਗੱਦੀ ਗੋਬਿੰਦ ਰਾਇ ਜੀ ਨੂੰ ਸੰਭਾਲ ਕੇ ਆਪ ਦੀਵਾਨ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਤੇ ਭਾਈ ਜੈਤਾ ਜੀ ਆਦਿ ਸਿੱਖਾਂ ਨੂੰ ਨਾਲ ਲੈ ਕੇ ਜਥੇ ਦੇ ਰੂਪ ’ਚ ਅਨੰਦਪੁਰ ਤੋਂ ਰਵਾਨਾ ਹੋ ਗਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਿੱਖਾਂ ਸਮੇਤ ਸਿੱਧਾ ਦਿੱਲੀ ਜਾਣ ਦੀ ਥਾਂ ਰਸਤੇ ’ਚ ਸ਼ੋਕਗ੍ਰਸਤ ਸਿੱਖ ਸੰਗਤਾਂ ਤੇ ਹੋਰ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ, ਧੀਰਜ ਬੰਨ੍ਹਾਉਂਦੇ ਹੋਏ ਜਾ ਰਹੇ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਦਿੱਲੀ ਪਹੁੰਚਣ ’ਚ ਕੁਝ ਸਮਾਂ ਲੱਗ ਗਿਆ। ਔਰੰਗਜ਼ੇਬ ਨੂੰ ਸ਼ੱਕ ਹੋ ਗਿਆ ਕਿ ਗੁਰੂ ਜੀ ਕਿਧਰੇ ਫ਼ਰਾਰ ਨਾ ਹੋਣ ਜਾਣ। ਬਾਦਸ਼ਾਹ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਤੇ ਸਾਥੀ ਸਿੱਖਾਂ ਨੂੰ ਆਗਰੇ ਨੇੜੇ ਹੀ ਬੰਦੀ ਬਣਾ ਲਿਆ ਗਿਆ।ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਇਸਲਾਮ ਕਬੂਲ ਕਰਨ ਲਈ ਬਹੁਤ ਪ੍ਰੇਰਿਆ, ਦਲੀਲਬਾਜ਼ੀ ਕੀਤੀ ਪਰ ਨਾਕਾਮ ਰਿਹਾ। ਫਿਰ ਕੋਈ ਕਰਾਮਾਤ ਵਿਖਾਉਣ ਲਈ ਆਖਿਆ ਪਰ ਗੁਰੂ ਜੀ ਨੇ ਅਜਿਹਾ ਨਾ ਕੀਤਾ।
ਆਪਣੀ ਇਸ ਅਸਫਲਤਾ ਤੋਂ ਬਾਅਦ ਉਸ ਨੇ ਗੁਰੂ ਜੀ ਤੇ ਸਾਥੀ ਸਿੰਘਾਂ ਨੂੰ ਕਸ਼ਟ ਦੇਣੇ ਸ਼ੁਰੂ ਕਰ ਦਿੱਤੇ। ਗੁਰੂ ਜੀ ਨੂੰ ਤੰਗ ਪਿੰਜਰੇ ਵਿਚ ਬੰਦੀ ਬਣਾ ਕੇ ਰੱਖਿਆ ਗਿਆ। 11 ਨਵੰਬਰ 1675 ਨੂੰ ਉਨ੍ਹਾਂ ਦੇ ਨਾਲ ਆਏ ਸਿੱਖਾਂ ਵਿੱਚੋਂ ਭਾਈ ਦਿਆਲਾ ਜੀ ਨੂੰ ਜਿਊਂਦਿਆਂ ਦੇਗ਼ ਵਿਚ ਉਬਾਲਿਆ ਗਿਆ; ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਅੱਗ ਲਗਾਈ ਗਈ। ਅੰਤ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਸ਼ਾਹੀ ਹੁਕਮ ਨਾਲ ਜਲਾਲ ਦੀਨ ਨਾਂ ਦੇ ਜਲਾਦ ਨੇ ਧੜ ਨਾਲੋਂ ਵੱਖ ਕਰ ਦਿੱਤਾ।ਦਿੱਲੀ ’ਚ ਜਿਸ ਥਾਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉਸ ਥਾਂ, ਚਾਂਦਨੀ ਚੌਂਕ ’ਚ ਗੁਰਦੁਆਰਾ ਸੀਸ ਗੰਜ ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਜਿਸ ਦਿਨ, ਜਿਸ ਵੇਲੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਉਸ ਵੇਲੇ ਦਿੱਲੀ ’ਚ ਜ਼ੋਰਦਾਰ ਹਨ੍ਹੇਰੀ ਆਈ ਅਤੇ ਸਾਰਾ ਅਸਮਾਨ ਖੂਨ ਵਰਗਾ ਲਾਲ ਹੋ ਗਿਆ। ਗੁਰੂ ਜੀ ਦਾ ਇਕ ਸ਼ਰਧਾਲੂ ਸਿੱਖ ਭਾਈ ਜੈਤਾ ਬੜੀ ਸਿਆਣਪ ਨਾਲ ਗੁਰੂ ਜੀ ਦਾ ਸੀਸ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਸਾਹਿਬ ਪਹੁੰਚ ਗਿਆ। ਭਾਈ ਜੈਤਾ ਰੰਗਰੇਟਾ ਸਿੱਖ ਸੀ।
ਦਸਮੇਸ਼ ਜੀ ਨੇ ਉਸ ਨੂੰ ਬੜੇ ਪਿਆਰ ਨਾਲ ਛਾਤੀ ਨਾਲ ਲਾ ਲਿਆ ਅਤੇ ਆਖਿਆ “ਰੰਗਰੇਟਾ ਗੁਰੂ ਕਾ ਬੇਟਾ!” ਗੁਰੂ ਜੀ ਤੇ ਸਿੱਖ ਸੰਗਤਾਂ ਵੱਲੋਂ ਸ਼ਰਧਾ ਤੇ ਸਤਿਕਾਰ ਨਾਲ ‘ਸੀਸ’ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਹੁਣ ਇਸ ਥਾਂ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ।ਇਕ ਸ਼ਰਧਾਲੂ ਸਿੱਖ, ਲੱਖੀ ਸ਼ਾਹ ਲੁਬਾਣਾ ਜਾਨ ਦੀ ਪਰਵਾਹ ਨਾ ਕਰਦਾ ਹੋਇਆ ਪਹਿਰੇਦਾਰਾਂ ਦੀ ਨਜ਼ਰ ਤੋਂ ਬਚ ਕੇ ਗੁਰੂ ਜੀ ਦੇ ਧੜ ਨੂੰ ਕੱਪੜੇ ’ਚ ਲਪੇਟ ਕੇ ਆਪਣੇ ਘਰ ਲੈ ਆਇਆ ਅਤੇ ਬੜੇ ਅਦਬ ਨਾਲ ਪਲੰਘ ਉੱਪਰ ਪਾ ਕੇ ਆਪਣੇ ਘਰ ਨੂੰ ਅੱਗ ਲਾ ਦਿੱਤੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਪਵੇ। ਦੂਜੇ ਦਿਨ ਅਸਥੀਆਂ ਇਕੱਤਰ ਕਰ ਕੇ ਇਕ ਗਾਗਰ ਵਿਚ ਪਾ ਲਈਆਂ ਅਤੇ ਗਾਗਰ ਧਰਤੀ ’ਚ ਦਫ਼ਨਾ ਦਿੱਤੀ। ਦਿੱਲੀ ’ਚ, ਇਸ ਥਾਂ ’ਤੇ ਗੁਰਦੁਆਰਾ ਰਕਾਬਗੰਜ ਬਣਿਆ ਹੋਇਆ ਹੈ।ਆਪਣੀ ਜਾਨ ਵਾਰ ਦੇਣੀ ਤੇ ਆਪਣੇ ਦੇਸ਼ ਦੀ ਰੱਖਿਆ ਲਈ ਮੌਤ ਕਬੂਲ ਕਰ ਲੈਣੀ ਵੀ ਕੋਈ ਘੱਟ ਆਤਮਿਕ ਸੂਰਮਗਤੀ ਦੀ ਗੱਲ ਨਹੀਂ, ਪਰ ਕਿਸੇ ਦੂਜੇ ਮਜ਼੍ਹਬ ਦੀ ਰਾਖੀ ਲਈ ਆਪਾ ਨਿਛਾਵਰ ਕਰ ਦੇਣਾ ਤਾਂ ਆਪਣੇ ਆਪੇ ਦੇ ਹਰ ਵਿਸਥਾਰ ਨੂੰ ਉਲੰਘ ਕੇ ਸਮੁੱਚੀ ਮਾਨਵਤਾ ਜਿੱਡਾ ਵਿਸ਼ਾਲ ਹੋ ਜਾਣਾ ਹੈ।ਇਸ ਸ਼ਹਾਦਤ ਨੇ ਜ਼ਮੀਰ ਦੀ ਅਜ਼ਾਦੀ ਦੀ ਰੱਖਿਆ ਲਈ ਰਾਹ ਪੱਧਰਾ ਕੀਤਾ।