‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਾਲਿਸਤਾਨ ਬਾਰੇ ਬਿਆਨ ‘ਤੇ ‘ ਦ ਖਾਲਸ ਟੀਵੀ ‘ਤੇ ਖਾਸ ਗੱਲਬਾਤ ਕਰਦਿਆਂ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ “40 ਸਾਲ ਦੀ ਜੱਦੋ-ਜਹਿਦ, ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਹੋਇਆ, ਸਾਡੀ ਆਬਰੂ ਰੁਲੀ, ਸਿੱਖ ਬੱਚਿਆਂ ਦੀਆਂ ਸ਼ਹੀਦੀਆਂ ਹੋਈਆਂ, ਜਾਨੀ-ਮਾਲੀ ਨੁਕਸਾਨ ਹੋਇਆ, ਪਰ ਸਾਡੀ ਹਾਲੇ ਤੱਕ ਇੱਕ ਵੀ ਮੰਗ ਪੂਰੀ ਨਹੀਂ ਹੋਈ। ਜੇਕਰ ਜਥੇਦਾਰ ਹਰਪ੍ਰੀਤ ਸਿੰਘ ਸਾਨੂੰ ਸਿੱਖਾਂ ਨੂੰ ਖਾਲਿਸਤਾਨ ਲੈ ਕੇ ਦਿੰਦੇ ਹਨ, ਤਾਂ ਇਸ ਤੋਂ ਵੱਡਾ ਤੋਹਫਾ ਹੋਰ ਕੀ ਹੋ ਸਕਦਾ ਹੈ। ਜੇਕਰ ਉਹ ਸਿੱਖਾਂ ਨੂੰ ਖਾਲਿਸਤਾਨ ਲੈ ਕੇ ਦਿੰਦੇ ਹਨ, ਤਾਂ ਇਹਨਾਂ ਵਰਗਾ ਜਥੇਦਾਰ ਨਾ ਤਾਂ ਕੋਈ ਹੋਇਆ ਅਤੇ ਨਾ ਹੀ ਹੋਣਾ ਹੈ”।
ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਹਰਪ੍ਰੀਤ ਸਿੰਘ ਜੀ ਖਾਲਿਸਤਾਨ ਨਹੀਂ ਲੈ ਕੇ ਦਿੰਦੇ ਤਾਂ ਇਸਦਾ ਮਤਲਬ ਇਹ ਹੋਵੇਗਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਰਾਜਨੀਤਿਕ ਭੱਠੀ ਬਾਲ ਦਿੱਤੀ ਹੈ, ਜਿਸ ਵਿੱਚ ਸਿੱਖ ਬੱਚਿਆਂ ਨੂੰ ਬਾਲਣ ਦੇ ਰੂਪ ਵਿੱਚ ਵਰਤਣ ਲਈ ਬਾਦਲ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਡਿਊਟੀ ਲਗਾ ਦਿੱਤੀ ਹੈ।
ਖਾਲਿਸਤਾਨ ਦੀ ਮੰਗ ਨਾਲ ਸਹਿਮਤੀ ਬਾਰੇ ਪੁੱਛੇ ਗਏ ਸੁਆਲ ਦਾ ਗੋਲਮੋਲ ਜਵਾਬ ਦਿੰਦਿਆਂ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ “ਜਦੋਂ ਮੈਂ ਮੰਗ ਕਰਾਂਗਾ ਫਿਰ ਜਾਂ ਤਾਂ ਮੈਂ ਮਨ੍ਹਾ ਕਰਾਂਗਾ ਜਾਂ ਫਿਰ ਉਸ ਬਾਰੇ ਵੇਰਵਿਆਂ ਸਹਿਤ ਜਾਣਕਾਰੀ ਦੇਵਾਂਗਾ”। ਉਹਨਾਂ ਕਿਹਾ ਕਿ ਸਿਮਰਜੀਤ ਸਿੰਘ ਮਾਨ ਅਤੇ ਗੁਰਪਤਵੰਤ ਸਿੰਘ ਪੰਨੂੰ ਲੰਮੇਂ ਸਮੇਂ ਤੋਂ ਆਜਾਦੀ ਦੀ ਲੜਾਈ ਲੜ ਰਹੇ ਹਨ, ਉਹਨਾਂ ਕਿਹਾ ਜੋ ਵੀ ਕੰਮ ਉਹ ਕਰ ਰਹੇ ਹਨ, ਹੋ ਸਕਦਾ ਹੈ ਮੈਨੂੰ ਉਸ ਬਾਰੇ ਗਿਆਨ ਨਾ ਹੋਵੇ, ਇਸ ਕਰਕੇ ਮੈਂ ਉਹਨਾਂ ਦਾ ਕਦੇ ਵੀ ਰਾਹ ਨਹੀਂ ਰੋਕਿਆ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾਂ ਦੀ ਲੰਮੀ ਲੜਾਈ ਕਰਕੇ ਉਹਨਾਂ ਨੂੰ ਸਨਮਾਨਿਤ ਜ਼ਰੂਰ ਕੀਤਾ ਜਾਣਾ ਚਾਹੀਦਾ।
ਜਥੇਦਾਰ ਰਣਜੀਤ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਸਿੱਖਾਂ ਨੂੰ ਵੱਖਰਾ ਰਾਜ ਮਿਲਣਾ ਚਾਹੀਦਾ ਹੈ, ਤਾਂ ਇਸਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਮੈਨੂੰ ਤਾਂ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਗੁਰੂ ਦੇ ਦਿੱਤੇ ਮਿਸ਼ਨ ਦੀ ਸੇਵਾ ਕਰਾਂ। ਉਹਨਾਂ ਕਿਹਾ ਕਿ ਸਿੱਖਾਂ ਨੇ ਲੰਮਾਂ ਸਮਾਂ ਰਾਜ ਕੀਤਾ ਹੈ, ਸਾਨੂੰ ਉਸ ਰਾਜ ‘ਤੇ ਮਾਣ ਹੈ। ਪਰ ਅੱਜ ਅਸੀਂ ਸ਼ਰਮਿੰਦਾ ਹਾਂ, ਅਸੀਂ ਉਹਨਾਂ ਵਰਗੇ ਸਿੱਖ ਨਹੀਂ ਬਣ ਸਕੇ।
ਪ੍ਰਕਾਸ਼ ਸਿੰਘ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬਾਦਲ ਚਾਹੁੰਦਾ ਹੈ ਕਿ ਸਿੱਖਾਂ ਨੂੰ ਬੇਵਕੂਫ ਬਣਾ ਕੇ ਧਰਮ ਦਾ ਤਾਅ ਦੇ ਕੇ ਖੜ੍ਹਾ ਕਰਾਂ ਤੇ ਆਪਣੇ-ਆਪ ਨੂੰ ਪੰਥਕ ਅਖਵਾਵਾਂ। ਪਰ ਸਿੱਖ ਜਾਣ ਚੁੱਕੇ ਨੇ ਕਿ ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅਜ਼ਮਤ ਨੂੰ ਰਾਮ ਰਹੀਮ ਦੀ ਯਾਰੀ ਤੋਂ ਕੁਰਬਾਨ ਕੀਤਾ। ਇਕੱਲੇ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜੀਰੋ ਕਰ ਦਿੱਤਾ ਤੇ ਪ੍ਰਬੰਧਕ ਕਮੇਟੀ ਨੂੰ ਲੀਹ ਤੋਂ ਲਾਹ ਦਿੱਤਾ ਹੈ।
ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਸਿਰਫ਼ ਡੀਂਗਾਂ ਮਾਰਨ ਨਾਲ ਕੁਛ ਨਹੀਂ ਹੋਣਾ, ਸਮੇਂ ਮੁਤਾਬਿਕ ਮੌਕਾ ਸਾਂਭਣ ਨਾਲ ਹੀ ਕੁਝ ਹੋ ਸਕਦਾ ਹੈ। ਉਹਨਾਂ ਕਿਹਾ ਕਿ ਹਰ ਸਾਲ 6 ਜੂਨ ਨੂੰ ਸਿੱਖ ਬੱਚਿਆਂ ਨੂੰ ਭੜਕਾਇਆ ਜਾਂਦਾ ਹੈ, ਪਰ ਜਿੰਨੀ ਮਜ਼ਬੂਤ ਸਥਿਤੀ ਵਿੱਚ ਕੋਈ ਮੂਵਮੈਂਟ ਚਲਾਉਣੀ ਚਾਹੀਦੀ ਹੈ, ਓਨੀ ਮਜ਼ਬੂਤ ਸਥਿਤੀ ਵਿੱਚ ਨਹੀਂ ਚਲਾ ਪਾ ਰਹੇ।