ਬਿਉਰੋ ਰਿਪੋਰਟ : ਚੰਡੀਗੜ੍ਹ ਦੇ ਨਵੇਂ ਮੇਅਰ ਦੀ ਚੋਣ ਨੇ ਇਸ ਵਾਰ ਨਵਾਂ ਇਤਿਹਾਸ ਸਿਰਜ ਦਿੱਤਾ ਹੈ । ਪਹਿਲੀ ਵਾਰ ਪੰਜਾਬ ਹਰਿਆਣਾ ਹਾਈਕੋਰਟ ਨੂੰ ਅੱਧੀ ਰਾਤ 12 ਵਜੇ ਇਸ ਮਾਮਲੇ ਵਿੱਚ ਸੁਣਵਾਈ ਕਰਨੀ ਪਈ ਹੈ। ਕਾਂਗਰਸ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਸੀ ਉਨ੍ਹਾਂ ਦੇ ਕੌਂਸਲਰ ਜਸਵੀਰ ਬੰਟੀ ਨੂੰ ਚੰਡੀਗੜ੍ਹ ਪੁਲਿਸ ਨੇ ਬੀਜੇਪੀ ਦੇ ਕਹਿਣ ‘ਤੇ ਹਾਊਸ ਅਰੈਸਟ ਕਰ ਲਿਆ ਹੈ । ਅਦਾਲਤ ਵਿੱਚ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਲੱਕੀ ਨੇ ਹਾਈਕੋਰਟ ਵਿੱਚ ਬੰਟੀ ਦਾ ਰਾਤ ਦਾ ਵੀਡੀਓ ਵੀ ਪੇਸ਼ ਕੀਤਾ ਜਿਸ ਵਿੱਚ ਉਹ ਕਿਹ ਰਿਹਾ ਹੈ ਕਿ ਉਹ ਸਾਬਕਾ ਮੰਤਰੀ ਪਵਨ ਬੰਸਲ ਦੇ ਘਰ ਜਾਣਾ ਚਾਹੁੰਦਾ ਹੈ ਪਰ ਪੁਲਿਸ ਨੇ ਉਸ ਨੂੰ ਘੇਰਿਆ ਹੋਇਆ ਹੈ । ਇਸ ਮਾਮਲੇ ਵਿੱਚ ਰਾਤ ਨੂੰ ਹਾਈਕੋਰਟ ਨੇ ਚੰਡੀਗੜ੍ਹ ਪੁਲਿਸ ਕੋਲੋ ਅੱਜ ਯਾਨੀ ਬੁੱਧਵਾਰ ਸ਼ਾਮ 5 ਵਜੇ ਤੱਕ ਜਵਾਬ ਮੰਗਿਆ ਹੈ । ਉਧਰ ਬੰਟੀ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਕਿਹਾ ਬੀਜੇਪੀ ਨੇ ਮੈਨੂੰ ਭਰਮਾਉਣ ਦੀ ਕੋਸ਼ਿਸ ਕੀਤੀ,ਉਨ੍ਹਾਂ ਨੇ ਮੈਨੂੰ ਕਈ ਤਰ੍ਹਾਂ ਦਾ ਲਾਲਚ ਦਿੱਤਾ । ਉਧਰ ਹੁਣ ਬੰਟੀ ਨੇ ਹੁਣ ਸਾਬਕਾ ਐੱਮਪੀ ਪਵਨ ਬੰਸਲ ਨਾਲ ਮੁਲਾਕਾਤ ਵੀ ਕਰ ਲਈ ਹੈ ।
ਦਰਅਸਲ ਜਸਵੀਰ ਬੰਟੀ ਨੂੰ ਕਾਂਗਰਸ ਨੇ 18 ਜਨਵਰੀ ਨੂੰ ਹੋਣ ਵਾਲੀ ਮੇਅਰ ਚੋਣ ਦੇ ਲਈ ਉਮੀਦਵਾਰ ਬਣਾਇਆ ਸੀ । ਪਰ ਆਪ ਨਾਲ ਗਠਜੋੜ ਹੋਣ ਦੀ ਵਜ੍ਹਾ ਕਰਕੇ ਮੇਅਰ ਸੀਟ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਚੱਲੀ ਗਈ। ਇਸ ਦੇ ਬਾਅਦ ਜਸਬੀਰ ਬੰਟੀ ਨੇ ਆਪਣਾ ਨਾਂ ਵਾਪਸ ਲੈਣਾ ਸੀ ਪਰ ਬੀਜੇਪੀ ਇਸ ਦੇ ਵਿਰੋਧ ਵਿੱਚ ਡੱਟ ਗਈ । ਬੰਟੀ ਨੂੰ ਬੀਤੀ ਰਾਤ ਚੰਡੀਗੜ੍ਹ ਪੁਲਿਸ ਦੀ ਸੁਰੱਖਿਆ ਵਿੱਚ ਘਰ ਛੱਡਿਆ ਗਿਆ,ਬੀਜੇਪੀ ਬੰਟੀ ਨਾਲ ਸੰਪਰਕ ਨਾ ਕਰ ਸਕੇ ਇਸ ਲਈ ਪੂਰੀ ਰਾਤ ਕਾਂਗਰਸ ਨੇ ਬੰਟੀ ਦੇ ਘਰ ਪਹਿਰਾ ਦਿੱਤਾ ।
ਹਾਈਕੋਰਟ ਵਿੱਚ ਪਾਈ ਗਈ ਪਟੀਸ਼ਨ ਵਿੱਚ ਅਹਿਮ ਗੱਲਾਂ
ਨਾਮਜ਼ਦਗੀ ਵਾਪਸ ਲੈਣ ਤੋਂ ਪਹਿਲਾਂ ਕੌਂਸਲਰ ਨੂੰ ਡਿਟੇਨ ਕੀਤਾ – ਪੰਜਾਬ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਲੱਕੀ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਕੌਂਸਲਰ ਜਸਵੀਰ ਸਿੰਘ ਬੰਟੀ ਨੇ ਮੇਅਰ ਚੋਣ ਦੇ ਲਈ ਨਾਮਜ਼ਦਗੀ ਵਾਪਸ ਲੈਣੀ ਸੀ । ਪਰ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਡਿਟੇਨ ਕਰ ਲਿਆ ਅਤੇ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਗਿਆ ।
ਹਾਈਕੋਰਟ ਨੂੰ ਬੰਟੀ ਦੀ ਵੀਡੀਓ ਵਿਖਾਈ – ਕਾਂਗਰਸ ਨੇ ਅਦਾਲਤ ਵਿੱਚ ਜਸਵੀਰ ਸਿੰਘ ਬੰਟੀ ਦੀ ਇੱਕ ਵੀਡੀਓ ਵੀ ਵਿਖਾਈ। ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਘਰ ਭੇਜ ਦਿੱਤਾ। ਜਦਕਿ ਉਹ ਪਵਨ ਬੰਸਲ ਦੇ ਘਰ ਜਾਣਾ ਚਾਹੁੰਦੇ ਸੀ। ਪਟੀਸ਼ਨ ਵਿੱਚ ਕਿਹਾ ਗਿਆ ਕਿ ਇਹ ਉਨ੍ਹਾਂ ਦੇ ਜ਼ਮੂਰੀ ਹੱਕ ਦੀ ਉਲੰਘਣਾ ਹੈ ।
ਚੰਡੀਗੜ੍ਹ ਪੁਲਿਸ ਦਾ ਬਿਆਨ – ਚੰਡੀਗੜ੍ਹ ਪੁਲਿਸ ਦੇ ਵੱਲੋਂ ਸਰਕਾਰੀ ਵਕੀਲ ਮਨੀਸ਼ ਬੰਸਲ ਅਤੇ ਦੀਪੇਂਦਰ ਬਰਾੜ ਨੇ ਪਟੀਸ਼ਨ ਦੀ ਕਾਪੀ ਅਦਾਲਤ ਨੂੰ ਦਿੱਤੀ । ਉਨ੍ਹਾਂ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਕਿਸੇ ਤਰ੍ਹਾਂ ਗੈਰ-ਕਾਨੂੰਨੀ ਡੀਟੈਨਸ਼ਨ ਨਹੀਂ ਕੀਤੀ ਗਈ । ਉਨ੍ਹਾਂ ਨੂੰ ਕੁਝ ਸਮੇਂ ਦੇ ਲਈ ਸੁਰੱਖਿਆ ਦਿੱਤੀ ਗਈ ਸੀ। ਅਦਾਲਤ ਨੇ ਸ਼ਾਮ ਨੂੰ ਜਵਾਬ ਮੰਗਿਆ।
ਕਾਨੂੰਨ ਦਾ ਉਲੰਘਣ ਦਾ ਸਖਤ ਕਾਰਵਾਈ – ਸਰਕਾਰੀ ਵਕੀਲ ਨੂੰ ਨਿਦੇਸ਼ ਦਿੱਤੇ ਕਿ ਇਸ ਮਾਮਲੇ ਨੂੰ ਵੇਖਣ,ਜੇਕਰ ਕਾਨੂੰਨ ਦੇ ਹਿਸਾਬ ਨਾਲ ਕੰਮ ਨਾ ਹੋਇਆ ਤਾਂ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਅਤੇ ਚੰਡੀਗੜ੍ਹ ਪੁਲਿਸ ਆਹਮੋ-ਸਾਹਮਣੇ
ਮੰਗਲਵਾਰ ਨੂੰ ਚੰਡੀਗੜ੍ਹ ਮੇਅਰ ਅਹੁਦੇ ਦੇ ਉਮੀਦਵਾਰ ਜਸਵੀਰ ਸਿੰਘ ਬੰਟੀ ਸ਼ਾਮ ਨੂੰ ਨਗਰ ਨਿਗਮ ਦੇ ਦਫ਼ਤਰ ਪਹੁੰਚੇ । ਉਨ੍ਹਾਂ ਨੂੰ ਆਪਣੀ ਨਾਮਜ਼ਦਗੀ ਵਾਪਸ ਲੈਣੀ ਸੀ । ਉਨ੍ਹਾਂ ਦੇ ਨਾਲ ਚੰਡੀਗੜ੍ਹ ਕਾਂਗਰਸ ਦੇ ਪ੍ਰਧਆਨ ਲੱਕੀ ਅਤੇ ਹੋਰ ਆਗੂ ਵੀ ਸਨ। ਇਸੇ ਵਿਚਾਲੇ ਕੌਂਸਲਰ ਦੇ ਪਿਤਾ ਭਾਗ ਸਿੰਘ ਉੱਥੇ ਪਹੁੰਚ ਗਏ ਅਤੇ ਕਾਂਗਰਸ ਆਗੂਆਂ ‘ਤੇ ਆਪਣੇ ਪੁੱਤਰ ਨਾਲ ਬੁਰਾ ਸਲੂਕ ਅਤੇ ਕਿਡਨੈਪ ਕਰਨ ਦਾ ਇਲਜ਼ਾਮ ਲਗਾਇਆ। ਇਸ ਤੋਂ ਬਾਅਦ ਬੀਜੇਪੀ ਅਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਹੱਥੋਪਾਈ ਹੋਈ । ਮੌਕੇ ‘ਤੇ ਪੁਲਿਸ ਨੂੰ ਬੁਲਾਇਆ ਗਿਆ । ਬੰਟੀ ਪੰਜਾਬ ਪੁਲਿਸ ਦੇ ਪਹਿਰੇ ਵਿੱਚ ਰੋਪੜ ਤੋਂ ਚੰਡੀਗੜ੍ਹ ਆਏ ਸਨ । ਬੰਟੀ ਨੂੰ ਚੰਡੀਗੜ੍ਹ ਪੁਲਿਸ ਆਪਣੇ ਨਾਲ ਲੈਕੇ ਜਾਣਾ ਚਾਹੁੰਦੀ ਸੀ,ਪਰ ਪੰਜਾਬ ਪੁਲਿਸ ਨੇ ਇਸ ਦਾ ਵਿਰੋਧ ਕੀਤਾ । ਫਿਰ ਚੰਡੀਗੜ੍ਹ ਪੁਲਿਸ ਨੇ ਆਪਣੀ ਸੁਰੱਖਿਆ ਵਿੱਚ ਬੰਟੀ ਨੂੰ ਉਨ੍ਹਾਂ ਦੇ ਘਰ ਛੱਡਿਆ।