ਚੰਡੀਗੜ੍ਹ- ਚੀਨ ਵਿੱਚ ਜਿੱਥੇ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ ਉੱਥੇ ਹੀ ਹੁਣ ਦੱਖਣ-ਪੂਰਬੀ ਚੀਨ ਦੇ ਫੂਜਿਆਨ ਪ੍ਰਾਂਤ ਦੇ ਕੁਆਨਜ਼ਾਊ ਸ਼ਹਿਰ ਦੇ ਹੋਟਲ ’ਚ ਕੋਰੋਨਾਵਾਇਰਸ ਦੇ ਵੱਖਰੇ ਤੌਰ ’ਤੇ ਰੱਖੇ ਗਏ 10 ਮਰੀਜਾਂ ਦੀ ਹੋਟਲ ਦੇ ਢਹਿ-ਢੇਰੀ ਹੋ ਜਾਣ ਨਾਲ ਮੌਤ ਹੋ ਗਈ। ਸਰਕਾਰੀ ਖ਼ਬਰ ਏਜੰਸੀ ਸਿਨਹੂਆ ਮੁਤਾਬਕ ਹੋਟਲ ਦੇ ਮਲਬੇ ਹੇਠਾਂ ਕਰੀਬ 71 ਵਿਅਕਤੀ ਦੱਬੇ ਗਏ ਸਨ। ਵਾਇਰਸ ਵਾਲੇ ਮਰੀਜ਼ਾਂ ਦੇ ਸੰਪਰਕ ’ਚ ਆਉਣ ਮਗਰੋਂ ਇਨ੍ਹਾਂ ਵਿਅਕਤੀਆਂ ਨੂੰ ਨਿਗਰਾਨੀ ਹੇਠ ਇਸ ਹੋਟਲ ’ਚ ਰੱਖਿਆ ਗਿਆ ਸੀ। ‘ਪੀਪਲਜ਼ ਡੇਲੀ’ ਨੇ ਟਵੀਟ ਕਰਕੇ ਕਿਹਾ ਕਿ ਮਲਬੇ ਹੇਠ ਫਸੇ 23 ਵਿਅਕਤੀਆਂ ਨੂੰ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਦਾ ਨਿਊਕਲਿਕ ਐਸਿਡ ਟੈਸਟ ਨੈਗੇਟਿਵ ਆਇਆ ਸੀ।
ਸ਼ਿਨਜੀਆ ਹੋਟਲ 2018 ਤੋਂ ਚੱਲ ਰਿਹਾ ਹੈ ਅਤੇ ਇਸ ਦੇ 80 ਕਮਰੇ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹੋਟਲ ’ਚ ਸਜਾਵਟ ਦਾ ਕੰਮ ਚੱਲ ਰਿਹਾ ਸੀ। ਹੋਟਲ ਦੇ ਮਾਲਕ ਤੋਂ ਪੁੱਛ-ਗਿੱਛ ਹੋ ਰਹੀ ਹੈ। ਰਾਹਤ ਅਤੇ ਬਚਾਅ ਕਾਰਜਾਂ ’ਚ ਅੱਗ ਬੁਝਾਊ ਦਸਤੇ ਦੇ ਇੱਕ ਹਜ਼ਾਰ ਤੋਂ ਵੱਧ ਮੁਲਾਜ਼ਮ, ਪੁਲਿਸ ਅਧਿਕਾਰੀ ਅਤੇ ਮੈਡੀਕਲ ਅਮਲਾ ਜੁਟਿਆ ਹੋਇਆ ਹੈ। ਐਮਰਜੈਂਸੀ ਮੈਨੇਜਮੈਂਟ ਮੰਤਰਾਲੇ ਨੇ ਟੀਮ ਨੂੰ ਹਾਦਸੇ ਦੀ ਜਾਂਚ ਲਈ ਕੁਆਨਜ਼ਾਊ ਭੇਜਿਆ ਹੈ। ਉਧਰ ਚੀਨ ’ਚ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3097 ਹੋ ਗਈ ਹੈ। ਕਰੋਨਾਵਾਇਰਸ ਕਾਰਨ 27 ਹੋਰ ਮੌਤਾਂ ਹੋਈਆਂ ਹਨ। ਹੁਬੇਈ ਪ੍ਰਾਂਤ ’ਚ ਵਾਇਰਸ ਤੋਂ ਪੀੜਤਾਂ ਦਾ ਅੰਕੜਾ ਪਹਿਲੀ ਵਾਰ 50 ਤੋਂ ਘਟਿਆ ਹੈ।