‘ਦ ਖ਼ਾਲਸ ਬਿਊਰੋ :- ਚੀਨ ‘ਚ ਹੁਣ ਕੋਵਿਡ-19 ਦੇ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਉਥੇ ਮਹਾਂਮਾਰੀ ਦਾ ਦੂਜਾ ਦੌਰ ਸ਼ੁਰੂ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਜਿਹੜੇ ਚੀਨੀ ਲੋਕ ਵਿਦੇਸ਼ ਤੋਂ ਪਰਤ ਰਹੇ ਹਨ, ਉਹ ਮੁਲਕ ਲਈ ਵੱਡਾ ਖ਼ਤਰਾ ਬਣ ਸਕਦੇ ਹਨ। ਅਜਿਹੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਕੇ 951 ਹੋ ਗਈ ਹੈ। ਇਸ ਮਗਰੋਂ ਚੀਨ ਨੇ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਹੈ। ਅਜਿਹੇ ਕੇਸਾਂ ਦੀ ਗਿਣਤੀ ਵੀ ਵੱਧ ਰਹੀ ਹੈ ਜਿਨ੍ਹਾਂ ‘ਚ ਵਾਇਰਸ ਦੇ ਲੱਛਣ ਸਾਹਮਣੇ ਨਹੀਂ ਆ ਰਹੇ ਹਨ। ਪੇਈਚਿੰਗ ਦੇ ਸਿਹਤ ਅਧਿਕਾਰੀ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਦੀ ਰਾਜਧਾਨੀ ਲੰਬੇ ਸਮੇਂ ਲਈ ਮਹਾਂਮਾਰੀ ਦੀ ਮਾਰ ਹੇਠ ਰਹਿ ਸਕਦੀ ਹੈ।
ਚੀਨ ਦੇ ਕੌਮੀ ਸਿਹਤ ਕਮਿਸ਼ਨ ਦੇ ਤਰਜਮਾਨ ‘ਮੀ ਫੇਂਗ ਨੇ ਮੀਡੀਆ ਨੂੰ ਦੱਸਿਆ ਕਿ ਵੱਖ ਵੱਖ ਮੁਲਕਾਂ ਤੋਂ ਆਪਣੇ ਨਾਗਰਿਕਾਂ ਨੂੰ ਉਡਾਣਾਂ ਰਾਹੀਂ ਲਿਆਉਣ ਮਗਰੋਂ ਬਾਹਰੋਂ ਆਏ ਕੇਸਾਂ ਦੀ ਗਿਣਤੀ 951 ਹੋ ਗਈ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਗੁਆਂਢੀ ਮੁਲਕਾਂ ਤੋਂ ਆਏ ਕੇਸਾਂ ਨਾਲ ਦਬਾਅ ਜ਼ਿਆਦਾ ਵੱਧ ਗਿਆ ਹੈ। ਰੂਸ ਦੀ ਸਰਹੱਦ ਨਾਲ ਲਗਦੇ ਸ਼ਹਿਰ ਸੂਈਫੇਨਹੀ ‘ਚੋਂ ਕੋਰੋਨਾ ਦੇ 20 ਕੇਸ ਸਾਹਮਣੇ ਆਏ ਹਨ। ਮੌਜੂਦਾ ਸਮੇਂ ‘ਚ ਚੀਨ ਨੇ ਵਿਦੇਸ਼ੀਆਂ ਦੇ ਮੁਲਕ ‘ਚ ਦਾਖ਼ਲੇ ‘ਤੇ ਪਾਬੰਦੀ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਕੋਵਿਡ-19 ਦਾ ਇੱਕ ਘਰੇਲੂ ਅਤੇ ਵਿਦੇਸ਼ ਤੋਂ ਆਏ 38 ਵਿਅਕਤੀਆਂ ‘ਚ ਇਸ ਮਹਾਂਮਾਰੀ ਦੇ ਲੱਛਣ ਮਿਲੇ ਹਨ। ਵੱਡੇ ਸਨਅਤੀ ਕੇਂਦਰ ਗੁਆਂਗਡੌਂਗ ਪ੍ਰਾਂਤ ‘ਚ ਇੱਕ ਨਵਾਂ ਕੇਸ ਸਾਹਮਣੇ ਆਇਆ ਹੈ। ਜਿਹੜੇ ਲੋਕਾਂ ਦੇ ਟੈਸਟ ਪਾਜ਼ੀਟਿਵ ਆਏ ਹਨ, ਪਰ ਉਨ੍ਹਾਂ ‘ਚ ਕੋਰੋਨਾ ਦਾ ਕੋਈ ਲੱਛਣ ਨਹੀਂ ਦਿਖ ਰਿਹਾ, ਤਾਂ ਉਹ ਖ਼ਤਰੇ ਦੀ ਘੰਟੀ ਹਨ। ਅਜਿਹੇ ਕੁੱਲ 1047 ਕੇਸ ਹਨ ਜਿਨ੍ਹਾਂ ‘ਚੋਂ ਐਤਵਾਰ ਨੂੰ 78 ਨਵੇਂ ਕੇਸ ਸਾਹਮਣੇ ਆਏ। ਐਤਵਾਰ ਨੂੰ ਹੁਬੇਈ ਪ੍ਰਾਂਤ ‘ਚ ਇੱਕ ਵਿਅਕਤੀ ਦੀ ਮੌਤ ਨਾਲ ਵਾਇਰਸ ਕਾਰਨ ਮੁਲਕ ‘ਚ ਮੌਤਾਂ ਦਾ ਅੰਕੜਾ ਵੱਧ ਕੇ 3331 ਹੋ ਗਿਆ ਹੈ।