The Khalas Tv Blog India ਗੁਰੂ ਨਾਨਕ ਦੇ ਦਰਬਾਰ ਨੂੰ ਆਜ਼ਾਦ ਕਰਾਉਣ ਲਈ ਕਿਉਂ ਦੇਣੀਆਂ ਪਈਆਂ ਕੁਰਬਾਨੀਆਂ, ਜਾਣੋ ਸਾਕਾ ਨਨਕਾਣਾ ਸਾਹਿਬ ਦਾ ਪੂਰਾ ਇਤਿਹਾਸ
India Khaas Lekh Punjab Religion

ਗੁਰੂ ਨਾਨਕ ਦੇ ਦਰਬਾਰ ਨੂੰ ਆਜ਼ਾਦ ਕਰਾਉਣ ਲਈ ਕਿਉਂ ਦੇਣੀਆਂ ਪਈਆਂ ਕੁਰਬਾਨੀਆਂ, ਜਾਣੋ ਸਾਕਾ ਨਨਕਾਣਾ ਸਾਹਿਬ ਦਾ ਪੂਰਾ ਇਤਿਹਾਸ

’ਦ ਖ਼ਾਲਸ ਬਿਊਰੋ: ਅੱਜ ਤੋਂ  100 ਸਾਲ ਪਹਿਲਾਂ 21 ਫਰਵਰੀ, 1921 ਨੂੰ ਸਿੱਖ ਇਤਿਹਾਸ ਵਿੱਚ ਬੇਹੱਦ ਦੁਖਦਾਈ ਘਟਨਾ ਵਾਪਰੀ ਜਿਸ ਨੂੰ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਕਰਕੇ ਜਾਣਿਆਂ ਜਾਂਦਾ ਹੈ। ਇਹ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਜਨਮ ਅਸਥਾਨ ਵਿੱਖੇ ਵਾਪਰਿਆ। ਮਹੰਤਾਂ ਕੋਲੋਂ ਗੁਰਦੁਆਰਿਆਂ ਨੂੰ ਕਰਵਾਉਣ ਲਈ ਸੈਂਕੜੇ ਸਿੱਖਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ। ਇਸ ਘਟਨਾ ਨੂੰ ਯਾਦ ਕਰਦਿਆਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਹਰ ਸਾਲ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ। ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਗੁਰਮਤਿ ਸਮਾਗਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੋਧਰਪੁਰ ਵਿਖੇ ਕਰਵਾਏ ਜਾ ਰਹੇ ਹਨ। 

ਆਓ ਜਾਣਦੇ ਹਾਂ ਸਾਕਾ ਨਨਕਾਣਾ ਸਾਹਿਬ ਦਾ ਇਤਿਹਾਸ 

ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਕੋਲ ਜਾਣਾ 

ਸੰਨ 1617 ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਮੁਗ਼ਲ ਹਕੂਮਤ ਨੇ ਸਿੱਖਾਂ ’ਤੇ ਇੱਕ ਵਾਰ ਫਿਰ ਤੋਂ ਤਸ਼ੱਦਦ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਰਕੇ ਸਿੱਖ ਆਪਣੇ ਘਰ-ਬਾਰ ਛੱਡ ਕੇ ਜੰਗਲਾਂ, ਪਹਾੜਾਂ, ਰੇਗਿਸਤਾਨਾਂ ਅਤੇ ਹੋਰ ਸੁਰੱਖਿਅਤ ਥਾਵਾਂ ਉੱਤੇ ਜਾ ਕੇ ਗੁਜ਼ਾਰਾ ਕਰਨ ਲੱਗੇ। ਇਸ ਦੌਰਾਨ ਗੁਰਧਾਮਾਂ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਨਿਰਮਲੇ ਅਤੇ ਉਦਾਸੀ ਸੰਪਰਦਾਇ ਦੇ ਮਹੰਤਾਂ ਕੋਲ ਚਲੀ ਗਈ।

ਗੁਰਦੁਆਰਿਆਂ ਦਾ ਪ੍ਰਬੰਧ ਹਾਸਲ ਕਰਨ ਮਗਰੋਂ ਪਹਿਲਾਂ ਤਾਂ ਮਹੰਤਾਂ ਨੇ ਚੰਗੀ ਭਾਵਨਾ ਨਾਲ ਸਿੱਖ ਗੁਰਧਾਮਾਂ ਦੀ ਸੇਵਾ-ਸੰਭਾਲ ਕੀਤੀ ਪਰ ਹੌਲੀ-ਹੌਲੀ ਗੁਰਦੁਆਰਿਆਂ ਦੀ ਬੇਅਦਬੀ ਹੋਣ ਲੱਗੀ। ਮਹੰਤ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਾਇਦਾਦ ਸਮਝਣ ਲੱਗ ਪਏ। ਗੁਰਦਆਰਿਆਂ ਵਿੱਚ ਸ਼ਰਾਬ ਵਰਗੀਆਂ ਗ਼ਲਤ ਚੀਜ਼ਾਂ ਦਾ ਇਸਤੇਮਾਲ ਹੋਣ ਲੱਗਾ। ਚੰਗੀ ਆਮਦਨ ਅਤੇ ਅੰਗਰੇਜ਼ ਸਰਕਾਰ ਦੀ ਪੂਰੀ ਹਮਾਇਤ ਹੋਣ ਕਰਕੇ ਅਜਿਹਾ ਹੋਣ ਲੱਗਾ। ਗੁਰਦੁਆਰਿਆਂ ਵਿੱਚੋਂ ਸਿੱਖੀ ਮਰਿਆਦਾ ਖ਼ਤਮ ਹੋਣ ਲੱਗੀ। ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਦੀ ਵੀ ਬੇਪਤੀ ਹੁੰਦੀ, ਔਰਤਾਂ ਦਾ ਸੋਸ਼ਣ ਕੀਤਾ ਜਾਣ ਲੱਗਾ ਅਤੇ ਹਾਲਾਤ ਹੋਰ ਖ਼ਰਾਬ ਹੁੰਦੇ ਗਏ। 

ਮਹੰਤਾਂ ਕੋਲੋਂ ਗੁਰਦੁਆਰਿਆਂ ਦਾ ਪ੍ਰਬੰਧ ਵਾਪਸ ਲੈਣ ਦੀ ਸ਼ੁਰੂਆਤ 

ਗੁਰਦੁਆਰਿਆਂ ਦੀ ਬੇਅਦਬੀ ਹੁੰਦੀ ਵੇਖ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਸੀ। ਇਸ ਲਈ ਮਹੰਤਾਂ ਕੋਲੋਂ ਗੁਰਦੁਆਰਿਆਂ ਦਾ ਪ੍ਰਬੰਧ ਹਾਸਲ ਕਰਨ ਲਈ ਗੁਰੂ ਦੀਆਂ ਸੰਗਤਾਂ ਨੇ ਕਈ ਯਤਨ ਕਰਨੇ ਸ਼ੁਰੂ ਕਰ ਦਿੱਤੇ। 19ਵੀਂ ਸਦੀ ਦੇ ਅਖ਼ੀਰ ਵਿੱਚ ਨਾਮਧਾਰੀ, ਨਿਰੰਕਾਰੀ ਅਤੇ ਸਿੰਘ ਸਭਾ ਸਮੇਤ ਕਈ ਸਿੱਖ ਲਹਿਰਾਂ ਹੋਂਦ ਵਿੱਚ ਆਈਆਂ। 

ਇਸ ਮਗਰੋਂ ਜਦੋਂ ਸਿੱਖਾਂ ਨੇ 5 ਅਕਤੂਬਰ ਸੰਨ 1920 ਨੂੰ ਗੁਰਦੁਆਰਾ ਬਾਬੇ ਦੀ ਬੇਰ, ਸਿਆਲਕੋਟ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਤਾਂ ਸਿੱਖ ਪੰਥ ਵਿੱਚ ਇਕ ਨਵਾਂ ਜੋਸ਼ ਪੈਦਾ ਹੋਇਆ। ਇਸ ਮਗਰੋਂ 1925 ਤੱਕ ਗੁਰਦੁਆਰਾ ਸੁਧਾਰ ਲਹਿਰ ਦਾ ਨਾਂ ਸੁਣਿਆ ਜਾਂਦਾ ਹੈ। ਇਸ ਮਗਰੋਂ ਕਈ ਗੁਰਦੁਆਰੇ ਸਿੱਖ ਪੰਥ ਦੇ ਪ੍ਰਬੰਧ ਹੇਠ ਆਉਣੇ ਸ਼ੁਰੂ ਹੋ ਗਏ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 

ਗੁਰਦੁਆਰਾ ਸੁਧਾਰ ਲਹਿਰ ਦੇ ਚੱਲਦਿਆਂ ਹੀ ਸਿੱਖਾਂ ਦੀ ਸਿਰਮੌਰ ਸੰਸਾਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਏ। ਇਸ ਨਾਲ ਸਿੱਖ ਪੰਥ ਨੂੰ ਮਜ਼ਬੂਤ ਜਥੇਬੰਦੀ ਮਿਲੀ ਜੋ ਸਿੱਖ ਸੰਸਥਾਵਾਂ ਅਤੇਨਨਕਾਣਾ ਸਿੱਖ ਸੰਗਤ ਲਈ ਵਧ ਚੜ੍ਹ ਕੇ ਕਾਰਜ ਕਰਨ ਲੱਗੀ। ਸਿੱਖਾਂ ਦੀ ਮਜ਼ਬੂਤੀ ਵੇਖ ਮਹੰਤਾਂ ਅੰਦਰ ਇਹ ਡਰ ਪੈਦਾ ਹੋ ਗਿਆ ਕਿ ਛੇਤੀ ਹੀ ਗੁਰਦੁਆਰਿਆਂ ਦਾ ਪ੍ਰਬੰਧ ਉਨ੍ਹਾਂ ਦੇ ਹੱਥੋਂ ਨਿਕਲ ਜਾਵੇਗਾ। ਇਸ ਸਮੇਂ ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰ ਰਹੇ ਸਨ।

ਸ੍ਰੀ  ਸਾਹਿਬ ਦਾ ਪ੍ਰਬੰਧ ਮਹੰਤ ਨਾਰਾਇਣ ਦਾਸ ਦੇ ਹੱਥ ਵਿੱਚ ਸੀ। ਮਹੰਤ ਨਾਰਾਇਣ ਦਾਸ ਸ਼ਰਾਬੀ ਤੇ ਮਾੜੇ ਆਚਰਣ ਵਾਲਾ ਇਨਸਾਨ ਦੱਸਿਆ ਜਾਂਦਾ ਹੈ। ਉਸ ਨੇ ਸ੍ਰੀ ਨਨਕਾਣਾ ਸਾਹਿਬ ਦੀ ਬੇਪਤੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਗੁਰਦੁਆਰਾ ਸਾਹਿਬ ਵਿੱਚ ਸ਼ਰਾਬੀਆਂ, ਭੰਗੀਆਂ ਅਤੇ ਪੋਸਤੀਆਂ ਨੂੰ ਠਹਿਰਾਇਆ ਜਾਂਦਾ। ਮਹੰਤ ਨਾਰਾਇਣ ਦਾਸ ਦੀ ਇਸ ਹਰਕਤ ਕਰਕੇ ਸਿੱਖ ਸੰਗਤ ਵਿੱਚ ਭਾਰੀ ਰੋਸ ਜਾਗ ਪਿਆ। 

ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਪੰਥ ਦਾ ਇਕੱਠ

ਮਹੰਤ ਨਾਰਾਇਣ ਦਾਸ ਦੀਆਂ ਮਾੜੀਆਂ ਕਰਤੂਤਾਂ ਕਾਰਨ 26 ਜਨਵਰੀ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੀ ਅਗਵਾਈ ਹੇਠ ਗੁਰਮਤਾ ਪਾਸ ਕੀਤਾ ਗਿਆ ਕਿ 4, 5 ਅਤੇ 6 ਮਾਰਚ 1921 ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਪੰਥ ਦਾ ਇੱਕ ਭਾਰੀ ਇਕੱਠ ਕੀਤਾ ਜਾਵੇਗਾ। ਪਰ ਜਦੋਂ ਮਹੰਤ ਨਰਾਇਣ ਦਾਸ ਨੂੰ ਇਸ ਫੈਸਲੇ ਦੀ ਸੂਹ ਮਿਲ ਗਈ। ਉਸ ਨੇ ਲਾਹੌਰ ਵਿਖੇ 20 ਅਤੇ 21 ਫਰਵਰੀ 1921 ਨੂੰ ਬਾਬਾ ਕਰਤਾਰ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਇੱਕ ਸਨਾਤਨ ਸਿੱਖ ਕਾਨਫਰੰਸ ਸੱਦ ਲਈ।

ਇਸ ਕਾਨਫਰੰਸ ਵਿੱਚ ਮਹੰਤਾਂ ਨੇ ਸ਼੍ਰੋਮਣੀ ਕਮੇਟੀ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਦਿਆਂ ਸਾਧੂਆਂ ਤੇ ਮਹੰਤਾਂ ਦੀ ਵੱਖਰੀ ਕਮੇਟੀ ਕਾਇਮ ਕਰਨ ਦਾ ਮੁੱਦਾ ਰੱਖਿਆ। ਇਸ ਦੌਰਾਨ ਭਾਈ ਵਰਿਆਮ ਸਿੰਘ ਮਹੰਤ ਨਰਾਇਣ ਦਾਸ ਕੋਲ ਸੂਹੀਏ ਦੇ ਤੌਰ ’ਤੇ ਰਹਿ ਰਹੇ ਸਨ। ਜਦੋਂ ਉਨ੍ਹਾਂ ਰਾਹੀਂ ਭਾਈ ਕਰਤਾਰ ਸਿੰਘ ਝੱਬਰ ਨੂੰ ਇਸ ਗੱਲ ਦੀ ਖ਼ਬਰ ਲੱਗੀ ਤਾਂ ਉਨ੍ਹਾਂ ਨੇ ਭਾਈ ਲਛਮਣ ਸਿੰਘ ਧਾਰੋਵਾਲੀ, ਭਾਈ ਬੂਟਾ ਸਿੰਘ ਲਾਇਲਪੁਰੀ ਆਦਿ ਨਾਲ ਸਲਾਹ ਕੀਤੀ ਕਿ ਮਾਰਚ ਦੀ ਸਿੱਖ ਕਾਨਫਰੰਸ ਤੋਂ ਪਹਿਲਾਂ ਹੀ ਕੁਝ ਨਾ ਕੁਝ ਕੀਤਾ ਜਾਣਾ ਚਾਹੀਦਾ ਹੈ।

ਫਿਰ 19 ਫਰਵਰੀ ਨੂੰ ਭਾਈ ਲਛਮਣ ਸਿੰਘ ਲਗਭਗ 150 ਸਿੰਘਾਂ ਦਾ ਜਥਾ ਇਕੱਤਰ ਕੀਤਾ। ਭਾਈ ਕਰਤਾਰ ਸਿੰਘ ਝੱਬਰ ਹੁਰਾਂ ਨੇ ਵੀ ਗੁਰਦੁਆਰਾ ਖਰਾ ਸੌਦਾ ਵਿਖੇ 2200 ਸਿੰਘਾਂ ਦਾ ਜਥਾ ਇਕੱਠਾ ਕਰ ਲਿਆ। ਦੂਜੇ ਪਾਸੇ 19 ਫਰਵਰੀ ਨੂੰ ਹੀ ਲਾਹੌਰ ਵਿਖੇ ਅਕਾਲੀ ਅਖ਼ਬਾਰ ਦੇ ਦਫ਼ਤਰ ਵਿੱਚ ਪੰਥਕ ਮੁਖੀਆਂ ਦੀ ਇਕੱਤਰਤਾ ਹੋਣੀ ਸੀ, ਜਿਸ ਵਿੱਚ ਮਾਸਟਰ ਤਾਰਾ ਸਿੰਘ, ਤੇਜ਼ਾ ਸਿੰਘ ਸਮੁੰਦਰੀ, ਹਰਚਰਨ ਸਿੰਘ, ਗਿਆਨੀ ਸਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਜਸਵੰਤ ਸਿੰਘ ਝਬਾਲ ਅਤੇ ਭਾਈ ਦਲੀਪ ਸਿੰਘ ਇਕੱਠੇ ਹੋਏ ਸਨ।

ਜਦੋਂ ਪੰਥਕ ਆਗੂਆਂ ਨੂੰ ਇਸ ਫ਼ੈਸਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਦੋਵਾਂ ਜਥਿਆਂ ਨੂੰ ਸੁਨੇਹਾ ਭੇਜਿਆ ਕਿ ਮਿੱਥੇ ਹੋਏ ਪ੍ਰੋਗਰਾਮ ਤੋਂ ਪਹਿਲਾਂ ਕੋਈ ਵੀ ਜਥਾ ਸ੍ਰੀ ਨਨਕਾਣਾ ਸਾਹਿਬ ਨਾ ਭੇਜਿਆ ਜਾਵੇ ਪਰ ਭਾਈ ਲਛਮਣ ਸਿੰਘ ਹੁਰਾਂ ਨੇ ਕਿਹਾ ਕਿ ਉਹ ਅਰਦਾਸਾ ਸੋਧ ਕੇ ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤ ਕੋਲੋਂ ਅਜ਼ਾਦ ਕਰਾਉਣ ਲਈ ਤੁਰੇ ਹਨ ਅਤੇ ਉਨ੍ਹਾਂ ਨੇ ਵਾਪਸ ਮੁੜਨ ਤੋਂ ਨਾਂਹ ਕਰ ਦਿੱਤੀ। 

ਸਾਕਾ ਨਨਕਾਣਾ ਸਾਹਿਬ ਦੀ ਘਟਨਾ 

20 ਫਰਵਰੀ, 1921 ਨੂੰ ਸਵੇਰੇ ਛੇ ਵਜੇ ਭਾਈ ਲਛਮਣ ਸਿੰਘ ਦਾ ਜਥਾ ਸ਼ਬਦ ਪੜ੍ਹਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਦਾਖ਼ਲ ਹੋ ਗਿਆ। ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ ਅਤੇ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ। ਕੁਝ ਸਮੇਂ ਬਾਅਦ ਮਹੰਤ ਨਰਾਇਣ ਦਾਸ ਆਪਣੇ ਗੁੰਡਿਆਂ ਸਮੇਤ ਸ਼ਰਾਬੀ ਹਾਲਤ ਵਿੱਚ ਆਇਆ। ਉਸ ਨੇ ਸਿੰਘਾਂ ਦਾ ਘਾਣ ਕਰਨ ਲਈ ਪਹਿਲਾਂ ਹੀ ਪੂਰੀ ਤਿਆਰੀ ਕੀਤੀ ਹੋਈ ਸੀ। 

ਮਹੰਤ ਨੇ ਦਰਸ਼ਨੀ ਡਿਉਢੀ ਦਾ ਮੁੱਖ ਦਰਵਾਜਾ ਬੰਦ ਕਰਵਾ ਦਿੱਤਾ ਅਤੇ ਸ਼ਾਂਤਮਈ ਬੈਠੇ ਸਿੰਘਾਂ ’ਤੇ ਗੋਲ਼ੀਆਂ ਚਲਾਉਣ ਦਾ ਹੁਕਮ ਦੇ ਦਿੱਤਾ। ਕਈ ਸਿੰਘਾਂ ਨੂੰ ਬਰਛਿਆਂ ਅਤੇ ਗੰਡਾਸਿਆਂ ਨਾਲ ਵੱਡ-ਟੁੱਕ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਲਛਮਣ ਸਿੰਘ ਨੂੰ ਜੰਡ ਦੇ ਦਰੱਖ਼ਤ ਨਾਲ ਪੁੱਠਾ ਲਟਕਾਇਆ ਗਿਆ ਅਤੇ ਮਗਰੋਂ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ।

ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਚੁਫ਼ੇਰਿਓਂ ਸਿੱਖ ਵਹੀਰਾਂ ਘੱਤ ਕੇ ਸ੍ਰੀ ਨਨਕਾਣਾ ਸਾਹਿਬ ਪਹੁੰਚਣ ਲੱਗੇ। ਰਾਤ ਨੌ ਵਜੇ ਦੇ ਕਰੀਬ ਲਾਹੌਰ ਤੋਂ ਵਿਸ਼ੇਸ਼ ਰੇਲ ਰਾਹੀਂ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਆਪਣੇ ਨਾਲ ਲਗਭਗ 100 ਅੰਗਰੇਜ਼ ਅਫ਼ਸਰਾਂ ਅਤੇ ਸਿਪਾਹੀਆਂ ਨਾਲ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ। ਇਸ ਵੇਲੇ ਵੀ ਮਹੰਤ ਹਥਿਆਰਾਂ ਨਾਲ ਲੈਸ ਸੀ।

ਸਰਕਾਰ ਦੀ ਮਹੰਤ ’ਤੇ ਕਾਰਵਾਈ ਅਤੇ ਨਨਕਾਣਾ ਸਾਹਿਬ ’ਤੇ ਸਰਕਾਰ ਦਾ ਕਬਜ਼ਾ 

ਤਤਕਾਲੀ ਸਰਕਾਰ ਨੇ ਮਹੰਤ ਨਰਾਇਣ ਦਾਸ ਅਤੇ ਉਸ ਦੇ 26 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ। ਮਹੰਤ ਦੇ ਘਰੋਂ ਕਾਫੀ ਅਸਲਾ ਤੇ ਹਥਿਆਰ ਸਮੱਗੀ ਬਰਾਮਦ ਕੀਤੀ ਗਈ। ਗੁਰਦੁਆਰਾ ਸਾਹਿਬ ਉੱਪਰ ਸਰਕਾਰ ਨੇ ਕਬਜ਼ਾ ਕਰ ਲਿਆ। ਅਗਲੇ ਦਿਨ 21 ਫਰਵਰੀ 1921 ਨੂੰ ਸ਼ਾਮ ਵੇਲੇ ਤੱਕ ਜਥੇਦਾਰ ਕਰਤਾਰ ਸਿੰਘ ਝੱਬਰ 2200 ਸਿੰਘਾਂ ਦਾ ਸ਼ਹੀਦੀ ਜਥਾ ਲੈ ਕੇ ਨਨਕਾਣਾ ਸਾਹਿਬ ਪਹੁੰਚ ਗਏ। ਉੱਧਰ ਪੁਲਿਸ ਨੇ ਗੁਰਦੁਆਰਾ ਸਾਹਿਬ ਨੂੰ ਤਾਲਾ ਲਗਾ ਕੇ ਫ਼ੌਜੀ ਨਾਕਾਬੰਦੀ ਕਰ ਦਿੱਤੀ ਸੀ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ

ਡਿਪਟੀ ਕਮਿਸ਼ਨਰ ਨੇ ਜਥੇ ਨੂੰ ਅੱਗੇ ਜਾਣ ਤੋਂ ਰੋਕਦਿਆਂ ਹੁਕਮ ਦਿੱਤਾ ਕਿ ਜੇ ਉਹ ਅੱਗੇ ਵਧੇ ਤਾਂ ਗੋਲੀ ਚਲਾ ਦਿੱਤੀ ਜਾਵੇਗੀ। ਅੱਗੋਂ ਕਰਤਾਰ ਸਿੰਘ ਝਬੱਰ ਨੇ ਫਿਰ ਤੋਂ ਉਹੀ ਜੁਆਬ ਦਿੱਤਾ ਕਿ ਉਹ ਅਰਦਾਸਾ ਸੋਧ ਕੇ ਚੱਲੇ ਸਨ, ਇਸ ਲਈ ਵਾਪਸ ਨਹੀਂ ਮੁੜ ਸਕਦੇ। ਪੁਲਿਸ ਨੂੰ ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਅੱਗੇ ਝੁਕਣਾ ਪਿਆ ਅਤੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ।

ਇਸ ਮਗਰੋਂ ਗੁਰਦੁਆਰਾ ਸੁਧਾਰ ਲਹਿਰ ਨੇ ਹੋਰ ਤੇਜ਼ੀ ਫੜ ਲਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਮਹੰਤਾਂ ਦੇ ਕਬਜ਼ੇ ਵਿੱਚੋਂ ਕੱਢ ਲਿਆ ਗਿਆ। ਹੁਣ ਸਿੱਖ ਸੰਗਤਾਂ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਲੱਗੀਆਂ। ਹਾਲਾਂਕਿ 1947 ਵਿੱਚ ਦੇਸ਼ ਦੀ ਵੰਡ ਹੋਣ ਕਰਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਚਲਾ ਗਿਆ। 

ਸਾਕਾ ਨਨਕਾਣਾ ਸਾਹਿਬ ਦੇ ਸ਼ਤਾਬਤੀ ਸਮਾਗਮ 

ਇਸ ਸਾਲ ਸਾਕਾ ਨਨਕਾਣਾ ਸਾਹਿਬ ਨੂੰ 100 ਸਾਲ ਪੂਰੇ ਹੋ ਗਏ ਹਨ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਤਾਬਤੀ ਸਮਾਗਮ ਮਨਾਏ ਜਾ ਰਹੇ ਹਨ। ਇਹ ਗੁਰਮਤਿ ਸਮਾਗਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੋਧਰਪੁਰ ਵਿਖੇ ਕਰਵਾਏ ਜਾ ਰਹੇ ਹਨ। 

ਸ਼ਹੀਦੀ ਸਾਕੇ ਦੌਰਾਨ ਜਥੇ ਦੀ ਅਗਵਾਈ ਕਰਨ ਵਾਲੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਦੇ ਪਰਿਵਾਰ ਨਾਲ ਸਬੰਧਿਤ ਨਗਰ ਗੋਧਰਪੁਰ ਵਿਖੇ 21 ਫ਼ਰਵਰੀ ਨੂੰ ਮੁੱਖ ਸਮਾਗਮ ਹੋਵੇਗਾ, ਜਿਸ ਵਿਚ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰੀ ਭਰਨਗੀਆਂ। 21 ਫ਼ਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੇਵਰੇ 10:00 ਵਜੇ ਤੋਂ ਲੈ ਕੇ ਸ਼ਾਮ 3:30 ਵਜੇ ਤੱਕ ਮੁੱਖ ਸਮਾਗਮ ਹੋਵੇਗਾ।

ਇਸ ਤੋਂ ਪਹਿਲਾਂ 19 ਫ਼ਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਅਤੇ ਇਸੇ ਦਿਨ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਸਮਾਗਮ ਹੋਏ। ਇਸ ਤੋਂ ਇਲਾਵਾ ਗੁਰਬਾਣੀ ਕੰਠ ਅਤੇ ਦਸਤਾਰ ਮੁਕਾਬਲੇ ਵੀ ਕਰਵਾਏ ਜਾਣਗੇ। 20 ਫ਼ਰਵਰੀ ਨੂੰ ਮਾਤਾ ਤੇਜ ਕੌਰ ਅਤੇ ਮਾਤਾ ਇੰਦਰ ਕੌਰ ਜੀ ਨੂੰ ਸਮਰਪਿਤ ਇਸਤਰੀ ਗੁਰਮਤਿ ਸੰਮੇਲਨ ਦਾ ਪ੍ਰੋਗਰਾਮ ਸੀ। 

ਇਨ੍ਹਾਂ ਸਮਾਗਮਾਂ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰ ਜਥਿਆਂ ਤੋਂ ਇਲਾਵਾ ਸਿੰਘ ਸਾਹਿਬਾਨ, ਵੱਖ-ਵੱਖ ਸੰਪ੍ਰਦਾਵਾਂ ਦੇ ਆਗੂ ਅਤੇ ਪੰਥਕ ਸ਼ਖ਼ਸੀਅਤਾਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੀਆਂ। ਬੀਬੀ ਜਗੀਰ ਕੌਰ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਦੌਰਾਨ ਭਰਵੀਂ ਸ਼ਮੂਲੀਅਤ ਕਰਕੇ ਆਪਣੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਦੀ ਅਪੀਲ ਕੀਤੀ ਹੈ। 

Exit mobile version