Punjab

ਗੁਰੂਘਰਾਂ ‘ਚ ਲੰਗਰ ਤੇ ਪ੍ਰਸ਼ਾਦ ਦੀ ਮਨਾਹੀ ਜਾਇਜ਼ ਨਹੀਂ: ਭਾਈ ਗੋਬਿੰਦ ਸਿੰਘ ਲੌਂਗੋਵਾਲ

‘ਦ ਖ਼ਾਲਸ ਬਿਊਰੋ:- ਪੰਜਾਬ ਸਰਕਾਰ ਵੱਲੋਂ 8 ਜੂਨ ਤੋਂ ਧਾਰਮਿਕ ਅਸਥਾਨਾਂ ਨੂੰ ਖੋਲ੍ਹਣ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹਨਾਂ ਦਿਸ਼ਾ-ਨਿਰਦੇਸ਼ਾਂ ਅਧੀਨ ਕਿਹਾ ਗਿਆ ਹੈ ਕਿ ਧਾਰਮਿਕ ਅਸਥਾਨਾਂ ਵਿੱਚ ਲੰਗਰ ਅਤੇ ਪ੍ਰਸ਼ਾਦ ਵਰਤਾਉਣ ਦੀ ਮਨਾਹੀ ਹੋਵੇਗੀ। SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਰਕਾਰ ਦੇ ਇਸ ਨਿਯਮ ਨੂੰ ਨਜਾਇਜ਼ ਦੱਸਿਆ ਹੈ। ਉਹਨਾਂ ਕਿਹਾ ਕਿ ਲੰਗਰ ਤੇ ਪ੍ਰਸ਼ਾਦ ਨਾਲ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ, ਇਸਦਾ ਧਿਆਨ ਰੱਖਣਾ ਜ਼ਰੂਰੀ ਹੈ।

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਲੰਗਰ ਅਤੇ ਕੜਾਹ ਪ੍ਰਸ਼ਾਦ ਗੁਰੂਘਰ ਦੀ ਮਰਿਯਾਦਾ ਦਾ ਅਹਿਮ ਹਿੱਸਾ ਹੈ। ਜਦੋਂ ਤੋਂ ਕੋਰੋਨਾਵਾਇਰਸ ਦਾ ਕਹਿਰ ਫੈਲਿਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਗੁਰੂਘਰਾਂ ਵਿੱਚੋਂ ਲੋੜਵੰਦਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ।

ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰੂਘਰਾਂ ਵਿੱਚ ਲੰਗਰ ਬਣਾਉਣ ਸਮੇਂ ਸਫਾਈ ਦਾ ਵਿਸ਼ੇਸ਼ ਰੂਪ ਵਿੱਚ ਧਿਆਨ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਸੁਝਾਈਆਂ ਜਾਂਦੀਆਂ ਸਾਵਧਾਨੀਆਂ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ।

ਭਾਈ ਸਾਹਿਬ ਨੇ ਸਰਕਾਰ ਵੱਲੋਂ ਗੁਰੂਘਰਾਂ ਨੂੰ ਖੋਲ੍ਹਣ ਦੇ ਫੈਸਲੇ ਦਾ ਸਵਾਗਤ ਵੀ ਕੀਤਾ ਪਰ ਸਰਕਾਰ ਵੱਲੋਂ ਲੰਗਰ ਤੇ ਪ੍ਰਸ਼ਾਦ ਦੀ ਮਨਾਹੀ ਵਾਲੇ ਨਿਯਮ ਨੂੰ ਜਾਇਜ਼ ਨਹੀਂ ਕਿਹਾ ਅਤੇ ਇਸ ਬਾਰੇ ਮੁੜ ਵਿਚਾਰ ਕਰਨ ਦੀ ਸਲਾਹ ਦਿੱਤੀ।