ਚੰਡੀਗੜ੍ਹ (ਕਮਲਪ੍ਰੀਤ ਕੌਰ)- ਅਜੋਕੇ ਸਮੇਂ ਵਿੱਚ ਪੂਰਾ ਦੇਸ਼ ਕੋਰੋਨਾ ਵਾਇਰਸ ਦਾ ਸ਼ਿਕਾਰ ਹੈ, ਜਿਸ ਕਾਰਨ ਪਿਛਲੇ 11 ਦਿਨਾਂ ਤੋਂ ਪੰਜਾਬ ਵਿੱਚ ਕਰਫਿਊ ਲਗਾਇਆ ਗਿਆ ਹੈ। ਕਰਫਿਊ ਕਾਰਨ ਮੁਲਕ ਦਾ ਪਿਛੜਿਆ ਵਰਗ ਅਤੇ ਦਿਹਾੜੀਦਾਰ ਲੋਕ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਪਾ ਰਹੇ। ਅਜਿਹੇ ਹਾਲਾਤਾਂ ਵਿੱਚ ਜੋ ਲੋਕ ਘਰਾਂ ਜਾਂ ਝੁੱਗੀਆਂ ਵਿੱਚ ਕੈਦ ਹਨ, ਉਨਾਂ ਦੀ ਮਦਦ ਲਈ ਆਲ ਵਰਲਡ ਗਾਇਤਰੀ ਪਰਿਵਾਰ ਦੀ ਯੁਵਾ ਵਿੰਗ, ਡਿਵਾਈਨ ਇੰਡੀਆ ਯੂਥ ਐਸੋਸੀਏਸ਼ਨ (ਡੀਆਈਵਾਈਏ) ਪਿਛਲੇ 6 ਦਿਨਾਂ ਤੋਂ ਮੈਦਾਨ ਵਿੱਚ ਨਿਤਰਿਆ ਹੋਇਆ ਹੈ।
ਸੰਸਥਾ ਨੇ ਯੂਥ ਕੋਰ ਦਾ ਗਠਨ ਕਰਕੇ ਚੰਡੀਗੜ੍ਹ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੁਹਾਲੀ ਦੀਆਂ ਵੱਖ-ਵੱਖ ਬਸਤੀਆਂ ਵਿੱਚ ਲੋੜਵੰਦ ਲੋਕਾਂ ਨੂੰ ਉਨ੍ਹਾਂ ਦੇ ਘਰੋ ਘਰੀ ਜਾ ਕੇ ਰਾਸ਼ਨ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਟ੍ਰਾਈਸਿਟੀ ਦੇ ਇਨਾਂ ਨੌਜਵਾਨਾਂ ਨੇ ਸੈਕਟਰ 70, 71, ਪਿੰਡ ਮਟੌਰ ਅਤੇ ਲੋੜਵੰਦ ਸਫਾਈ ਕਰਮਚਾਰੀਆਂ ਨੂੰ ਰਾਸ਼ਨ ਵੀ ਵੰਡਿਆ।
ਡਿਵਾਈਨ ਇੰਡੀਆ ਯੂਥ ਐਸੋਸੀਏਸ਼ਨ ਟ੍ਰਾਈਸਿਟੀ ਦੇ ਮੁਖੀ ਭਵੇਂਦਰ ਕੁਮਾਰ ਯਾਦਵ ਨੇ ਕਿਹਾ ਕਿ ”ਸਾਡੀ ਸਾਰੀ ਟੀਮ ਪੂਰੀ ਤਨਦੇਹੀ ਅਤੇ ਤਤਪਰਤਾ ਨਾਲ ਮਨੁੱਖਤਾ ਉੱਤੇ ਆਏ ਭਿਆਨਕ ਸੰਕਟ ਦਾ ਸਾਹਮਣਾ ਕਰਨ ਵਿੱਚ ਜੁਟੀ ਹੋਈ ਹੈ, ਹੁਣ ਤੱਕ ਹਜਾਰਾਂ ਰਾਸ਼ਨ ਕਿੱਟਾਂ ਵੰਡ ਦਿੱਤੀਆਂ ਗਈਆਂ ਹਨ। ਰਾਸ਼ਨ ਕਿੱਟ ਵਿੱਚ ਇੱਕ ਪਰਿਵਾਰ ਲਈ ਚੌਲ ਅਤੇ ਆਟੇ ਸਮੇਤ ਇੱਕ ਹਫਤੇ ਦਾ ਲੋੜੀਂਦਾ ਰਾਸ਼ਨ ਹੰਦਾ ਹੈ। ਭਵਿੱਖ ਵਿੱਚ ਵੀ ਅਸੀਂ ਭੋਜਨ ਪੈਕਟ ਬਣਾਉਣ ਅਤੇ ਵੰਡਣ ਦੀ ਯੋਜਨਾ ਬਣਾ ਰਹੇ ਹਾਂ ਤਾਂ ਜੋ ਹੋਰ ਲੋੜਵੰਦਾਂ ਤੱਕ ਵੀ ਭੋਜਨ ਪਹੁੰਚਾਇਆ ਜਾ ਸਕੇ। ਹਰੇਕ ਟੀਮ ਵਿਚ 4 ਤੋਂ 5 ਮੈਂਬਰ ਹੁੰਦੇ ਹਨ ਅਤੇ ਸਾਰੇ ਸੇਵਾਦਾਰ ਨੌਜਵਾਨਾਂ ਵੱਲੋਂ ਸਾਫ-ਸਫਾਈ ਅਤੇ ਸਰੀਰਕ ਦੂਰੀ ਆਦਿ ਪਰਹੇਜ਼ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।”
ਸੇਵਾ ਕਰ ਰਹੇ ਨੌਜਵਾਨਾਂ ਮੁਤਾਬਕ ਸੁੱਕੇ ਰਾਸ਼ਨ ਤੋਂ ਬਾਅਦ ਹੁਣ ਲੋੜਵੰਦਾਂ ਨੂੰ ਤਿਆਰ ਭੋਜਨ ਪੈਕ ਕਰਕੇ ਰੋਜ਼ਾਨਾ ਵੰਡਿਆ ਜਾ ਰਿਹਾ ਹੈ। ਸਿੱਖ ਭਾਈਚਾਰੇ ਵੱਲੋਂ ਲਾਏ ਜਾ ਰਹੇ ਲੰਗਰਾਂ ਸਮੇਤ ਦੁਨੀਆ ਭਰ ਵਿੱਚ ਅਜਿਹੀਆਂ ਸੰਸਥਾਵਾਂ ਲੋੜਵੰਦਾਂ ਲਈ ਰੱਬ ਦਾ ਰੂਪ ਬਣਕੇ ਬਹੁੜ ਰਹੀਆਂ ਹਨ।