India

ਗਲਤ ਪਛਾਣ ਕਾਰਨ ਨਾਗਾਲੈਂਡ ਵਿਚ ਫੌਜ ਹੱਥੋਂ ਮਾਰੇ ਗਏ ਲੋਕ : ਸ਼ਾਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੰਘੇ ਕੱਲ੍ਹ ਨਾਗਾਲੈਂਡ ‘ਚ ਗੋਲੀਬਾਰੀ ਤੋਂ ਬਾਅਦ ਮਾਰੇ ਗਏ ਲੋਕਾਂ ਬਾਰੇ ਲੋਕ ਸਭਾ ‘ਚ ਬਿਆਨ ਦਿੱਤਾ। ਗ੍ਰਹਿ ਮੰਤਰੀ ਨੇ ਕਿਹਾ ਕਿ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੇਰੀਆਂ ਸੰਵੇਦਨਾਵਾਂ ਹਨ।

ਗ੍ਰਹਿ ਮੰਤਰੀ ਨੇ ਕਿਹਾ ਕਿ ਫੌਜ ਨੂੰ ਓਟਿੰਗ, ਸੋਮ ‘ਚ ਕੱਟੜਪੰਥੀਆਂ ਦੀ ਹਰਕਤ ਦੀ ਸੂਚਨਾ ਮਿਲੀ ਸੀ।ਇਸ ਦੇ ਆਧਾਰ ‘ਤੇ 21 ਕਮਾਂਡੋਆਂ ਨੇ ਸ਼ੱਕੀ ਇਲਾਕੇ ਉਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਉੱਥੇ ਇਕ ਵਾਹਨ ਆਇਆ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਅਜਿਹੇ ‘ਚ ਅੱਤਵਾਦੀਆਂ ਨੂੰ ਲਿਜਾ ਰਹੇ ਵਾਹਨ ਦੇ ਸ਼ੱਕ ‘ਚ ਉਸ ‘ਤੇ ਗੋਲੀਬਾਰੀ ਕੀਤੀ ਗਈ।

ਅਮਿਤ ਸ਼ਾਹ ਨੇ ਕਿਹਾ ਹੈ ਕਿ ਵਾਹਨ ‘ਚ ਸਵਾਰ 8 ਲੋਕਾਂ ‘ਚੋਂ 6 ਦੀ ਮੌਤ ਹੋ ਗਈ। ਬਾਅਦ ਵਿਚ ਪਤਾ ਲੱਗਾ ਕਿ ਪਛਾਣ ਵਿਚ ਗਲਤੀ ਸੀ। ਜ਼ਖਮੀ ਹੋਏ ਦੋ ਹੋਰਾਂ ਨੂੰ ਫੌਜ ਨੇ ਨਜ਼ਦੀਕੀ ਸਿਹਤ ਕੇਂਦਰ ਪਹੁੰਚਾਇਆ। ਖਬਰ ਮਿਲਣ ‘ਤੇ ਸਥਾਨਕ ਪਿੰਡ ਵਾਸੀਆਂ ਨੇ ਫੌਜ ਦੀ ਟੁਕੜੀ ਨੂੰ ਘੇਰ ਲਿਆ, ਦੋ ਗੱਡੀਆਂ ਨੂੰ ਅੱਗ ਲਗਾ ਦਿੱਤੀ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

ਲੋਕ ਸਭਾ ‘ਚ ਗ੍ਰਹਿ ਮੰਤਰੀ ਨੇ ਦੱਸਿਆ ਕਿ ਫੌਜ ਨੇ ਇਸ ਘਟਨਾ ਦੇ ਕਾਰਨਾਂ ਦੀ ਉੱਚ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ‘ਚ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਨਾਗਾਲੈਂਡ ਦੇ ਮੋਨ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਵੱਲੋਂ ਗੋਲੀਬਾਰੀ ਦੀਆਂ ਤਿੰਨ ਘਟਨਾਵਾਂ ਵਿੱਚ ਘੱਟੋ-ਘੱਟ 14 ਲੋਕ ਮਾਰੇ ਗਏ ਅਤੇ 11 ਹੋਰ ਜ਼ਖ਼ਮੀ ਹੋ ਗਏ। ਗੁੱਸੇ ਵਿੱਚ ਆਈ ਭੀੜ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਸੁਰੱਖਿਆ ਮੁਲਾਜ਼ਮਾਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕਰ ਰਹੀ ਸੀ।