Punjab

ਖ਼ਾਸ ਰਿਪੋਰਟ-ਸਰਕਾਰ ਦਾ ਹਾਈਵੇ ਚਮਕਾਉਣ ‘ਤੇ ਜ਼ੋਰ, ਲਿੰਕ ਸੜਕਾਂ ਨੂੰ ਲੋਕੀ ਰੋਣ

ਜਗਜੀਵਨ ਮੀਤ
ਲੰਬੇ ਲੰਬੇ ਪੁਲ, ਸੱਪ ਵਲ ਖਾਂਦੀਆਂ ਸੜਕਾਂ ਤੇ ਗਾਹ ਬੂਟਿਆਂ ਦਾ ਆਲੇ ਦੁਆਲੇ ਸ਼ਿਗਾਰ। ਕੋਈ ਬਾਹਰੋਂ ਆਵੇ ਤਾਂ ਇਹੀ ਕਹੇਗਾ ਕਿ ਵਾਹ ਸਰਕਾਰ ਜੀ, ਕਮਾਲ ਹੀ ਕਰ ਛੱਡਿਆ ਹੈ।ਪਰ ਜੇ ਕਿਤੇ ਭੁੱਲ ਭੁਲੇਖੇ ਉਸੇ ਬੰਦੇ ਨੂੰ ਪੰਜਾਬ ਦੇ ਪਿੰਡਾ ਵਾਲੇ ਪਾਸੇ ਲਿੰਕ ਰੋਡ ‘ਤੇ ਉਤਰਨਾ ਪੈ ਜਾਵੇ, ਤਾਂ ਹੱਡੀਆਂ ਦੀ ਸਾਰੀ ਸੈਟਿੰਗ ਖਰਾਬ ਹੋ ਜਾਵੇਗਾ। ਇਹ ਕਿਸੇ ਇਕ ਪਿੰਡ ਜਾਂ ਕਸਬੇ ਦੀਆਂ ਲਿੰਕ ਸੜਕਾਂ ਦਾ ਹਾਲ ਨਹੀਂ ਹੈ, ਸਾਰਾ ਆਵਾ ਹੀ ਊਤ ਗਿਆ ਹੈ।ਇਹ ਸਰਕਾਰ ਪ੍ਰਤੀ ਪਿੰਡਾਂ ਵਾਲਿਆਂ ਦੀ ਲਹੀਮੀ ਹੀ ਹੈ ਕਿ ਲੋਕ ਜਿੱਦਾਂ-ਕਿੱਦਾਂ ਦਿਨ ਕੱਟ ਲੈਂਦੇ ਹਨ।

ਤਕਰੀਬਨ ਸਾਰੀਆਂ ਪਾਰਟੀਆਂ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਕਿ ਵਿਕਾਸ ਨਾਂ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ, ਪਰ ਹਕੀਕਤ ‘ਚ ਵਿਕਾਸ ਤਾਂ ਪਾਰਟੀ ਦੇ ਮੁੱਖ ਲੀਡਰਾਂ ਦਾ ਹੀ ਹੋ ਰਿਹਾ ਹੈ। ਮਿਸਾਲ ਦੇ ਤੌਰ ਉੱਤੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਦੇਖੀ ਜਾਵੇ ਤਾਂ ਹਾਲਾਤ ਬਹੁਤ ਮਾੜੇ ਹਨ।ਪਿਛਲੇ ਲੰਮੇ ਸਮੇਂ ਤੋਂ ਸੜਕਾਂ ਦੀ ਹਾਲਤ ਦਿਨ ਪ੍ਰਤੀ ਦਿਨ ਖ਼ਰਾਬ ਹੋ ਰਹੀ ਹੈ।ਖ਼ਸਤਾ ਹਾਲਤ ਸੜਕਾਂ ਕਾਰਨ ਦਿਨ ਬ ਦਿਨ ਹਾਦਸੇ ਵਾਪਰ ਰਹੇ ਹਨ।

ਪੰਜਾਬ ਵਿੱਚ ਇੱਕ ਵਾਰ ਇੱਕ ਲੀਡਰ ਨੇ ਮਜ਼ਾਕ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਅਸੀਂ ਸੜਕਾਂ ਇੰਨੀਂ ਚੰਗੀਆਂ ਬਣਾ ਦਿੱਤੀਆਂ ਹਨ ਕਿ ਤੁਸੀਂ ਸ਼ਰਾਬ ਪੀ ਕੇ ਵੀ ਚਲਾਓਗੇ ਤਾਂ ਐਕਸੀਡੈਂਟ ਨਹੀਂ ਹੋਣਾ।ਇੱਕ ਨੇ ਇਹ ਵੀ ਕਿਹਾ ਕਿ ਸੜਕਾਂ ਤਾਂ ਅਸੀਂ ਇੰਨੀਆਂ ਪੱਕੀਆਂ ਬਣਾਈਆਂ ਹਨ ਕਿ ਬੰਬ ਵੀ ਸੁੱਟੋਗੇ ਤਾਂ ਕੁਝ ਨਹੀਂ ਹੋਣਾ। ਇੱਕ ਹੋਰ ਪਾਰਟੀ ਦੇ ਲੀਡਰ ਨੇ ਸੜਕਾਂ ਦਾ ਪੈਚ ਵਰਕ ਮਤਲਬ ਟਾਕੀਆਂ ਲਗਾਉਣ ਦਾ ਅੰਕੜਾ ਤੱਕ ਲੋਕਾਂ ਮੂਹਰੇ ਰੱਖ ਦਿੱਤਾ ਸੀ।

ਪਰ ਪੰਜਾਬ ਦੀਆਂ ਸੜ੍ਹਕਾਂ ਦੇ ਹਾਲਾਤ ਕੀ ਹਨ, ਇਹ ਕਿੰਨੀਆਂ ਸੁਰੱਖਿਅਤ ਹਨ, ਇਸਦਾ ਪਤਾ ਹੋਣਾ ਵੀ ਲੋਕਾਂ ਲਈ ਜਰੂਰੀ ਹੈ ਤਾਂ ਜੋ ਘਰੋਂ ਸੋਚ ਸਮਝ ਕੇ ਨਿਕਲਣ। ਇਕ ਰਿਪੋਰਟ ਦੱਸਦੀ ਹੈ ਕਿ ਪੰਜਾਬ ਵਿੱਚ ਰੋਜ਼ਾਨਾ ਕਰੀਬ 13 ਲੋਕਾਂ ਦੀ ਮੌਤ ਸੜਕੀ ਹਾਦਸਿਆਂ ਕਾਰਨ ਹੁੰਦੀ ਹੈ।

2018 ਵਿਚ ਆਈ ਪੰਜਾਬ ਪੁਲਿਸ ਦੀ ਇਕ ਰਿਪੋਰਟ ਦੀ ਮੰਨੀਏ ਤਾਂ ਉਸਦੇ ਅਨੁਸਾਰ 2017 ਵਿੱਚ 4 ਹਜ਼ਾਰ 725 ਲੋਕਾਂ ਦੀ ਮੌਤ ਸੜਕ ਹਾਦਸਿਆਂ ਵਿਚ ਹੋਈ ਹੈ।ਰਿਪੋਰਟ ਮੁਤਾਬਕ ਸੜਕ ਹਾਦਸਿਆਂ ਨਾਲ ਸਮਾਜ ਨੂੰ ਹੋਏ ਨੁਕਸਾਨ ਨੂੰ 4757 ਕਰੋੜ ਰੁਪਏ ਬਰਾਬਰ ਮੰਨਿਆ ਜਾ ਸਕਦਾ ਹੈ।ਇੰਨੇ ਪੈਸਿਆਂ ‘ਚ 35,000 ਨਾਲੋਂ ਜ਼ਿਆਦਾ ਬੱਚਿਆਂ ਦੀ ਗ੍ਰੇਜੁਏਸ਼ਨ ਤੱਕ ਦੀ ਪੜ੍ਹਾਈ ਪੂਰੀ ਕਰਵਾ ਜਾ ਸਕਦੀ ਹੈ।

ਪੰਜਾਬ ਦੇ ਟਰੈਫਿਕ ਐਡਵਾਈਜ਼ਰ ਨਵਦੀਪ ਅਸੀਜਾ ਨੇ ਕਿਹਾ ਸੀ ਕਿ ਖ਼ੁਦ ਇੱਕ ਇਨਸਾਨ ਤਾਂ ਦੁਨੀਆਂ ਤੋਂ ਚਲਾ ਹੀ ਗਿਆ ਪਰ ਉਸ ਦੇ ਨਾਲ ਜੁੜੇ ਲੋਕਾਂ ਨੂੰ ਮਾਨਸਿਕ ਤਕਲੀਫ਼ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ। ਇਹ ਹੋ ਸਕਦਾ ਹੈ ਕਿ ਪਰਿਵਾਰ ਇੱਕ ਸਾਲ ਤੱਕ ਕੰਮ ਕਰਨ ਦੇ ਲਾਇਕ ਹੀ ਨਾ ਰਹਿ ਸਕੇ।ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਅੰਦਾਜ਼ੇ ਨਾਲ ਇਕੱਠਾ ਕੀਤਾ ਗਿਆ ਹੈ। ਲੋਕਾਂ ਦਾ ਜੋ ਇਨ੍ਹਾਂ ਮੌਤਾਂ ਨਾਲ ਨਿੱਜੀ ਨੁਕਸਾਨ ਹੁੰਦਾ ਹੈ, ਉਸਦਾ ਦੇਣਾ ਨਹੀਂ ਦਿਤਾ ਜਾ ਸਕਦਾ।

ਬੀਬੀਸੀ ਦੀ ਰਿਪੋਰਟ ਮੁਤਾਬਿਕ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਤਾਂ ਮੌਤਾਂ ਦਾ ਅੰਕੜਾ ਹੇਠਾਂ ਆਇਆ ਹੈ ਪਰ ਜਿਨ੍ਹਾਂ ‘ਚ ਇਹ ਵਧਿਆ ਹੈ ਉਨ੍ਹਾਂ ਵਿੱਚ ਬਰਨਾਲਾ ਦਾ ਹਾਲ ਸਭ ਤੋਂ ਮਾੜਾ ਸੀ, ਇਹ ਮੌਤਾਂ ਦੀ ਗਿਣਤੀ ਵਿੱਚ 18ਵੇਂ ਨੰਬਰ ਤੋਂ ਉੱਠ ਕੇ ਪੰਜਵੇਂ ‘ਤੇ ਆ ਗਿਆ।ਜੇ ਜਨਸੰਖਿਆ ਦੇ ਹਿਸਾਬ ਨਾਲ ਐਕਸੀਡੈਂਟ ਦੇਖੀਏ ਤਾਂ ਸਭ ਤੋਂ ਮਾੜਾ ਹਾਲ ਰੂਪਨਗਰ (ਰੋਪੜ), ਫਤਹਿਗੜ੍ਹ ਸਾਹਿਬ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਜ਼ਿਲ੍ਹੇ ਦਾ ਹੈ… ਤਿੰਨੇ ਚੰਡੀਗੜ੍ਹ ਨਾਲ ਲਗਦੇ ਨੇ… ਤੇ ਮੌਤਾਂ ਦੀ ਗਿਣਤੀ ਉੱਥੇ ਨਾਲੋਂ ਤਿੰਨ ਗੁਣਾ ਹੈ। ਤਰਨ ਤਾਰਨ ਤੇ ਅਮ੍ਰਿਤਸਰ ਸਭ ਤੋਂ ਠੀਕ ਹਨ।ਬਾਕੀ ਮੁਲਕ ਨਾਲ ਜੋੜੀਏ ਤਾਂ ਮੁਲਕ ਦੀ 2.28 ਦੋ ਫ਼ੀਸਦ ਅਬਾਦੀ ਪੰਜਾਬ ‘ਚ ਹੈ ਪਰ ਸੜਕ ਹਾਦਸਿਆਂ ‘ਚ ਪੰਜਾਬ ਦਾ ਹਿੱਸਾ ਇਸ ਤੋਂ ਵੱਧ, ਸਾਢੇ ਤਿੰਨ ਫੀਸਦ ਹੈ।ਜਲੰਧਰ, ਮੋਗਾ, ਬਰਨਾਲਾ ਹਾਈਵੇਅ ਫੋਰਲੇਨ ਕੀਤਾ ਗਿਆ ਅਤੇ ਜ਼ੀਕਰਪੁਰ ਤੋਂ ਲੈ ਕੇ ਬਠਿੰਡਾ ਤੱਕ ਵੀ 4-ਲੇਨ ਬਣਾਇਆ ਗਿਆ ਹੈ।ਇਹ ਦੋਵੇਂ ਸ਼ਹਿਰ ਵਿੱਚੋਂ ਲੰਘ ਰਹੇ ਹਨ ਇਸ ਕਾਰਨ ਇੱਥੇ ਵੀ ਗੱਡੀਆਂ ਦੀ ਸਪੀਡ ਕਾਫ਼ੀ ਵੱਧ ਗਈ।ਲਿੰਕ ਰੋਡ ਵੀ ਇਨ੍ਹਾਂ ਨਾਲ ਹੀ ਜੁੜਦੇ ਹਨ, ਜਿਸ ਕਾਰਨ ਹਾਲਾਤ ਹੋਰ ਖਰਾਬ ਹੁੰਦੇ ਜਾ ਰਹੇ ਹਨ।

ਇਕ ਰਿਪੋਰਟ ਦੱਸਦੀ ਹੈ ਕਿ ਪੰਜਾਬ ਵਿੱਚ ਪ੍ਰਤੀ ਇਕ ਲੱਖ ਪਿੱਛੇ 8 ਟਰੈਫਿਕ ਪੁਲਿਸ ਵਾਲੇ ਹਨ ਪਰ ਇਹ ਹੋਣੇ ਕਿੰਨੇ ਚਾਹੀਦੇ ਨੇ? ਇਸ ਉੱਤੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਿਯਮ ਹਨ ਕਿ ਇਹ ਇਸ ਨਾਲੋਂ ਦੁੱਗਣੇ ਹੋਣੇ ਚਾਹੀਦੇ ਹਨ।

ਇਹ ਸਵਾਲ ਵੀ ਅਖੀਰ ਵਿਚ ਖੜ੍ਹਾ ਹੁੰਦਾ ਹੈ ਕਿ ਪੰਜਾਬ ਦੀਆਂ ਲਿੰਕ ਸੜਕਾਂ ਉੱਤੇ ਆਵਾਜਾਹੀ ਘੱਟ ਹੈ, ਇਹ ਫਿਰ ਵੀ ਛੇਤੀ ਖਸਤਾਹਾਲ ਕਿਉਂ ਹੋ ਜਾਂਦੀਆਂ ਹਨ। ਅਸਲ ਵਿਚ ਸਭ ਤੋਂ ਵੱਡੀ ਸਮੱਸਿਆ ਸੜਕਾਂ ਦੁਆਲੇ ਪਾਣੀ ਦੀ ਸਹੀ ਨਿਕਾਸੀ ਦਾ ਨਾ ਹੋਣਾ ਹੈ। ਬਹੁਤੀਆਂ ਸੜਕਾਂ ਖੇਤਾਂ ਲਾਗੇ ਹਨ। ਵਾਹੀਯੋਗ ਜਮੀਨਾਂ ਲਾਗੇ ਖੇਤਾਂ ਦੇ ਪਾਣੀ ਕਾਰਨ ਵੀ ਪਿੰਡਾਂ ਦੇ ਅੰਦਰਲੀਆਂ ਸੜਕਾਂ ਟੁੱਟਦੀਆਂ ਹਨ। ਹਾਲਾਤ ਇਹ ਹਨ ਕਿ ਇੱਥੇ ਪਾਣੀ ਦੀ ਨਾ ਹੋਣਾ ਇਨ੍ਹਾਂ ਸੜਕਾਂ ਲਈ ਮਾਰੂ ਸਾਬਤ ਹੁੰਦਾ ਹੈ।ਦੂਜੇ ਬੰਨੇ ਸਰਕਾਰਾਂ ਦੀ ਪਿੰਡਾਂ ਪ੍ਰਤੀ ਉਦਾਸੀਨਤਾ ਵੀ ਵੱਡਾ ਕਾਰਨ ਹੈ ਕਿ ਕਈ ਕਈ ਸਾਲ ਇਨ੍ਹਾਂ ਦੀ ਮਰੰਮਤ ਹੀ ਨਹੀਂ ਹੁੰਦੀ, ਨਵੀਆਂ ਬਣਨਾ ਤਾਂ ਦੂਰ ਦੀ ਗੱਲ ਹੈ।