ਚੰਡੀਗੜ੍ਹ- ਟਰੈਵਲ ਏਜੰਟਾਂ ਦੇ ਧੋਖੇ ਕਾਰਨ ਦੁਬਈ ਵਿੱਚ ਫਸੇ 14 ਹੋਰ ਪੰਜਾਬੀ ਨੌਜਵਾਨ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐੱਸਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ 3 ਮਾਰਚ ਨੂੰ ਵਤਨ ਵਾਪਿਸ ਪਰਤ ਆਏ ਹਨ। ਇਹ ਨੌਜਵਾਨ 10 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪਹੁੰਚੇ ਹਨ। ਸਾਰੇ ਨੌਜਵਾਨ ਦੁਬਈ ਵਿੱਚ ਰੋਜੀ ਰੋਟੀ ਲਈ ਗਏ ਸਨ ਪਰ ਇਨ੍ਹਾਂ ਮੁਤਾਬਿਕ ਏਜੰਟ ਅਤੇ ਕੰਪਨੀ ਦੇ ਮਾਲਕ ਨੇ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਉਨ੍ਹਾਂ ਨੂੰ ਕੰਮ ਕਰਵਾ ਕੇ ਤਨਖਾਹ ਤੋਂ ਵਾਂਝਾ ਰੱਖਿਆ ਗਿਆ ਹੈ। ਠੱਗੀ ਹੋਣ ਦਾ ਇਲਜ਼ਾਮ ਲਾਉਣ ਵਾਲੇ 29 ਨੌਜਵਾਨਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਹਨ। ਇਹ ਸਾਰੇ ਏਜੰਟਾਂ ਨੂੰ ਪੈਸੇ ਦੇ ਕੇ ਦੁਬਈ ਦੀ ਇੱਕ ਸਕਿਊਰਿਟੀ ਏਜੰਸੀ ਵਿੱਚ ਕੰਮ ਕਰਨ ਗਏ ਸਨ। ਇਨ੍ਹਾਂ ਨੌਜਵਾਨਾਂ ਨੂੰ ਕੰਮ ਤਾਂ ਮਿਲ ਗਿਆ ਪਰ ਤਨਖ਼ਾਹ ਨਹੀਂ ਮਿਲੀ। ਆਖ਼ਰਕਾਰ ਕੰਪਨੀ ਦਾ ਮਾਲਕ ਕੰਪਨੀ ਬੰਦ ਕਰ ਕੇ ਫ਼ਰਾਰ ਹੋ ਗਿਆ ਅਤੇ ਇਹ ਨੌਜਵਾਨ ਸੜਕ ਉੱਤੇ ਆ ਗਏ।
ਇਨ੍ਹਾਂ ਨੂੰ ਵਾਪਸ ਦੇਸ਼ ਲਿਆਉਣ ਵਿੱਚ ਮਦਦ ਦੁਬਈ ਦੇ ਕਾਰੋਬਾਰੀ ਐੱਸ ਪੀ ਸਿੰਘ ਓਬਰਾਏ ਕਰ ਰਹੇ ਹਨ। ਐੱਸ ਪੀ ਸਿੰਘ ਓਬਰਾਏ ਨੇ ਪੰਜਾਬ ਸਰਕਾਰ ਤੋਂ ਧੋਖੇਬਾਜ਼ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਸਫ਼ਾਰਤ ਖ਼ਾਨਿਆਂ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕਰਨ ਕਿ ਉਹ ਉਨ੍ਹਾਂ ਭਾਰਤੀਆਂ ਤੇ ਪੰਜਾਬੀਆਂ ਦੀ ਕਾਗਜ਼ੀ ਕਾਰਵਾਈ ਵੀ ਜਲਦ ਨਿਪਟਾਉਣ, ਜਿਹੜੇ ਵਾਪਸ ਆਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਮਸਕਟ ਵਿਚ ਫਸੀਆਂ ਲੜਕੀਆਂ ਨੂੰ ਵੀ ਉਹ ਆਪਣੇ ਖਰਚੇ ’ਤੇ ਲਿਆਉਣ ਨੂੰ ਤਿਆਰ ਹਨ, ਪਰ ਵਿਦੇਸ਼ ਮੰਤਰਾਲੇ ਦਾ ਸਹਿਯੋਗ ਜ਼ਰੂਰੀ ਹੈ। ਤਿੰਨ ਮਾਰਚ ਨੂੰ ਵਤਨ ਪਰਤ ਰਹੇ ਪੰਜਾਬੀਆਂ ਵਿੱਚ ਬਲਵਿੰਦਰ ਕੁਮਾਰ, ਵਰੁਣ, ਅਮਨਦੀਪ, ਭਵਨਪ੍ਰੀਤ ਸਿੰਘ, ਗੋਪਾਲ, ਦੀਪਕ ਕੁਮਾਰ, ਰਾਜ ਕਿਸ਼ੋਰ ਭਾਰਗਵ, ਮਨਪ੍ਰੀਤ ਸਿੰਘ, ਵਿਸ਼ਾਲ ਸ਼ਰਮਾ, ਨਿਤਿਸ਼ ਚੰਦਲਾ, ਅਮਨਦੀਪ ਸਿੰਘ, ਵਿਕਰਨ ਜੋਸ਼ੀ, ਮਨਦੀਪ ਸਿੰਘ, ਪ੍ਰਵੀਨ ਕੁਮਾਰ ਸ਼ਾਮਲ ਹਨ।
ਕੀ ਹੈ ਮਾਮਲਾ?
ਐੱਸ ਪੀ ਸਿੰਘ ਓਬਰਾਏ ਨੇ ਕਿਹਾ ਕਿ ਇਹ ਸਾਰੇ ਨੌਜਵਾਨ ਵੱਖ-ਵੱਖ ਸਮੇਂ ਉੱਤੇ ਏਜੰਟਾਂ ਨੂੰ ਪੈਸੇ ਦੇ ਕੇ ਦੁਬਈ ਦੀ ਕੰਪਨੀ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਲਈ ਗਏ ਸਨ। ਜਿਸ ਕੰਪਨੀ ਵਿੱਚ ਇਨ੍ਹਾਂ ਨੂੰ ਭੇਜਿਆ ਗਿਆ ਸੀ ਉਸ ਦਾ ਮਾਲਕ ਪਾਕਿਸਤਾਨੀ ਮੂਲ ਦਾ ਵਿਅਕਤੀ ਸੀ। ਓਬਰਾਏ ਮੁਤਾਬਕ, ”ਇਹ ਨੌਜਵਾਨ ਕੰਮ ਕਰਦੇ ਗਏ ਪਰ ਇਨ੍ਹਾਂ ਨੂੰ ਤਨਖ਼ਾਹ ਨਹੀਂ ਦਿੱਤੀ ਗਈ। ਕੰਪਨੀ ਦਾ ਮਾਲਕ ਛੇ ਮਹੀਨੇ ਬਾਅਦ ਕੰਪਨੀ ਬੰਦ ਕਰਕੇ ਫ਼ਰਾਰ ਹੋ ਗਿਆ।”
ਪੈਸੇ ਨਾ ਹੋਣ ਕਾਰਨ, ਜਿਸ ਥਾਂ ਉੱਤੇ ਇਹ ਨੌਜਵਾਨ ਰਹਿੰਦੇ ਸਨ ਉੱਥੋਂ ਵੀ ਇਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ। ਸਿਰ ਉੱਤੇ ਛੱਤ ਨਾ ਹੋਣ ਕਾਰਨ ਇਹ ਨੌਜਵਾਨ ਦੁਬਈ ਦੇ ਗੁਰੂ ਘਰ ਪਹੁੰਚੇ ਪਰ ਉੱਥੇ ਵੀ ਇਹਨਾਂ ਨੂੰ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।” ਓਬਰਾਏ ਨੇ ਦੱਸਿਆ ਕਿ ਪਾਸਪੋਰਟ ਚੈੱਕ ਕਰਨ ਮਗਰੋਂ ਪਤਾ ਲੱਗਾ ਕਿ ਇਨ੍ਹਾਂ ਵਿੱਚੋਂ ਅੱਠ ਦੇ ਪਾਸਪੋਰਟ ਠੀਕ ਸਨ ਅਤੇ ਇਨ੍ਹਾਂ ਨੂੰ 22 ਫਰਵਰੀ ਨੂੰ ਦੇਸ਼ ਵਾਪਸੀ ਕਰਵਾ ਦਿੱਤੀ ਗਈ ਸੀ। ਇਸ ਤੋਂ ਬਾਅਦ ਦੋ ਹੋਰ ਨੌਜਵਾਨ ਦੇਸ਼ ਵਾਪਸ ਆ ਗਏ। ਕਾਗ਼ਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ 14 ਨੌਜਵਾਨ ਤਿੰਨ ਮਾਰਚ ਨੂੰ ਮੰਗਲਵਾਰ ਨੂੰ ਦੇਸ਼ ਵਾਪਸੀ ਕਰ ਰਹੇ ਹਨ। ਬਾਕੀ ਬਚੇ ਪੰਜ ਨੌਜਵਾਨ ਆਉਣ ਵਾਲੇ ਦਿਨਾਂ ਵਿੱਚ ਵਾਪਸ ਆਉਣਗੇ।