ਕਿਉਂ ਨਹੀਂ ਕਾਨੂੰਨ ਦੇ ਡੰਡੇ ਤੋਂ ਬਗੈਰ ਜਾਗਦੀਆਂ ਸਰਕਾਰਾਂ * ਕਦੋਂ ਮੰਨਣਗੀਆਂ ਸਰਕਾਰਾਂ ਕਿ ਜਿੰਦਗੀ ਬਚਾਉਣ ਨਾਲੋਂ ਵੱਡਾ ਕੋਈ ਵਪਾਰ ਨਹੀਂ * ਵਿਗੜਦੇ ਹਾਲਾਤਾਂ ਨਾਲ ਸੂਝ-ਸਮਝ ਨਾਲ ਸਿੱਝਣ ਦਾ ਮਾਦਾ ਕਿਉਂ ਗਵਾ ਲੈਂਦੇ ਨੇ ਸਿਆਸਤਦਾਨ * ਸਰਕਾਰ ਨੂੰ ਕਿਉਂ ਲੱਗਦੇ ਨੇ ਸਟੀਟ ਪਲਾਂਟ ਚਲਾਉਣੇ ਜਰੂਰੀ, ਦੂਜੇ ਬੰਨੇ ਲੱਗ ਰਹੇ ਨੇ ਲਾਸ਼ਾਂ ਦੇ ਢੇਰ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਵਾਇਰਸ ਦੇ ਜਿਸ ਹਿਸਾਬ ਨਾਲ ਮਾਮਲੇ ਵਧ ਰਹੇ ਹਨ, ਉਸੇ ਰਫਤਾਰ ਨਾਲ ਆਕਸੀਜਨ ਦੀ ਲੋੜ ਪੈ ਰਹੀ ਹੈ। ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਦਾ ਹੋਣਾ ਬਹੁਤ ਜਰੂਰੀ ਹੈ। ਕੇਂਦਰ ਸਰਕਾਰ ਵੱਲੋਂ ਸੂਬਿਆਂ ਲਈ ਆਕਸੀਜਨ ਦਾ ਕੋਟਾ ਤੈਅ ਕੀਤਾ ਜਾਂਦਾ ਹੈ। ਇਹ ਸੂਬਿਆਂ ਦੀਆਂ ਲੋੜਾਂ ਦੇ ਅਨੁਸਾਰ ਹੁੰਦਾ ਹੈ, ਪਰ ਇਨ੍ਹਾਂ ਦਿਨਾਂ ਵਿੱਚ ਕੋਰੋਨਾ ਦੇ ਮਰੀਜ ਹੱਦੋਂ ਵੱਧ ਗਏ ਹਨ ਤੇ ਸੂਬਿਆਂ ਨੂੰ ਆਕਸੀਜਨ ਦੀ ਘਾਟ ਨਾਲ ਲੜਨਾ ਪੈ ਰਿਹਾ ਹੈ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਕਈ ਸੂਬਿਆਂ ਵਿੱਚ ਆਕਸੀਜਨ ਲੜਾਈ ਦਾ ਕਾਰਣ ਬਣ ਗਈ ਹੈ। ਇੱਕ ਦੂਜੇ ਤੇ ਆਕਸੀਜਨ ਦੇ ਟੈਂਕਰ ਰੋਕਣ ਤੇ ਲੁੱਟਣ ਤੱਕ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਵਿਗੜ ਰਹੇ ਹਾਲਾਤਾਂ ਨਾਲ ਸਿੱਝਣ ਲਈ ਸਾਡਾ ਮਾਦਾ ਜਿਵੇਂ ਜਵਾਬ ਦੇ ਰਿਹਾ ਹੈ।
ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਉੱਚ ਅਦਾਲਤਾਂ ਨੂੰ ਇਨ੍ਹਾਂ ਮਾਮਲਿਆਂ ਵਿੱਚ ਟੀਕਾ-ਟਿੱਪਣੀ ਕਰਨੀ ਪੈ ਰਹੀ ਹੈ। ਸੂਬਿਆਂ ਦੇ ਤਰਸਯੋਗ ਹੋ ਰਹੇ ਹਾਲਾਤਾਂ ‘ਤੇ ਅਦਾਲਤ ਨੇ ਕਿਹਾ ਹੈ ਕਿ ਅਸੀਂ ਹੁਕਮ ਦਿੰਦੇ ਹਾਂ ਕਿ ਸਨਅਤ ਖਾਸਕਰ ਸਟੀਲ ਪਲਾਂਟ ਬੰਦ ਕਰਕੇ ਹਸਪਤਾਲਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇ। ਸੂਬਿਆਂ ਵਿਚਾਲੇ ਤਾਲਮੇਲ ਬਿਠਾਉਣਾ ਕੇਂਦਰ ਦਾ ਫਰਜ ਹੈ ਤੇ ਇਸੇ ਫਰਜ ਨੂੰ ਯਾਦ ਕਰਵਾਉਣ ਲਈ ਦਿੱਲੀ ਹਾਈਕੋਰਟ ਨੇ ਕੇਂਦਰ ਨੂੰ ਸਨਅਤ ‘ਚ ਵਰਤੀ ਜਾ ਰਹੀ ਆਕਸੀਜਨ ਨੂੰ ਰੋਕ ਕੇ ਹਸਪਤਾਲਾਂ ਲਈ ਮੁਹੱਈਆ ਕਰਵਾਉਣ ਦੇ ਸਖਤ ਹੁਕਮ ਦਿੱਤੇ ਹਨ। ਦੱਸ ਦਈਏ ਕਿ ਇਹ ਹੁਕਮ ਮੈਕਸ ਹਸਪਤਾਲ ਦੀ ਇੱਕ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਅਦਾਲਤ ਨੇ ਦਿੱਤੇ ਹਨ। ਅਦਾਲਤ ਨੇ ਵੀ ਮੰਨਿਆਂ ਹੈ ਕਿ ਜਿੰਦਗੀ ਤੋਂ ਵੱਡਾ ਵਪਾਰ ਨਹੀਂ ਹੈ।
ਮੀਡੀਆ ਰਿਪੋਰਟਾਂ ਵਿੱਚ ਵੀ ਅਦਾਲਤ ਨੇ ਇੱਥੋਂ ਤੱਕ ਕਿਹਾ ਹੈ ਕਿ ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਕੇਂਦਰ ਸਰਕਾਰ ਜਾਗਦੀ ਕਿਉਂ ਨਹੀਂ? ਅਸੀਂ ਹੈਰਾਨ ਅਤੇ ਨਾਖੁਸ਼ ਹਾਂ ਕਿ ਹਸਪਤਾਲਾਂ ਵਿੱਚ ਆਕਸਜੀਨ ਖਤਮ ਹੋ ਗਈ ਹੈ ਅਤੇ ਸਟੀਲ ਪਲਾਂਟ ਚੱਲ ਰਹੇ ਹਨ। ਅਦਾਲਤ ਨੇ ਕਿਹਾ ਹੈ ਕਿ ਅਸੀਂ ਹੁਕਮ ਦਿੰਦੇ ਹਾਂ ਕਿ ਸਨਅਤ ਖਾਸਕਰ ਸਟੀਲ ਪਲਾਂਟ ਬੰਦ ਕਰਕੇ ਹਸਪਤਾਲਾਂ ਨੂੰ ਆਕਸੀਜਨ ਦਿੱਤੀ ਜਾਵੇ। ਕੇਂਦਰ ਸਰਕਾਰ ਦੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਸ ਸੁਣਵਾਈ ਦੌਰਾਨ ਸਰਕਾਰ ਦਾ ਪੱਖ ਰੱਖਦਿਆਂ ਕਿਹਾ ਕਿ ਅਦਾਲਤ ਅੱਗੇ ਸਾਰੇ ਤੱਥ ਨਹੀਂ ਰੱਖੇ ਗਏ ਹਨ, ਸਿਹਤ ਮੰਤਰਾਲੇ ਦੇ ਅਧਿਕਾਰੀ ਜੋ ਅਦਾਲਤ ਸਾਹਮਣੇ ਪੇਸ਼ ਹੋਏ ਉਨ੍ਹਾਂ ਦਾ ਆਕਸੀਜਨ ਦੀ ਖ਼ਰੀਦ ਨਾਲ ਕੋਈ ਸਬੰਧ ਨਹੀਂ ਹੈ। ਤੁਸ਼ਾਰ ਮਹਿਤਾ ਨੇ ਕਿਹਾ ਕਿ ਸਰਕਾਰ ਹਰ ਜਰੂਰਤਮੰਦ ਲਈ ਆਕਸੀਜਨ ਸਪਲਾਈ ਮੁਹੱਈਆ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਸੀਨੀਅਰ ਕੈਬਨਿਟ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਅਤੇ ਮੈਕਸ ਦੀ ਚਿੰਤਾ ਦੂਰ ਕਰ ਦਿੱਤੀ ਜਾਵੇਗੀ।
ਪੰਜਾਬ ਨੇ ਵੀ ਦੱਸਿਆ-ਸਾਡੇ ਕੋਲ ਆਕਸੀਜਨ ਦੀ ਘਾਟ
ਉੱਧਰ ਸੂਬਿਆਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਮੀਡੀਆ ਐਡਵਾਈਜ਼ਰ ਰਵੀਨ ਠੁਕਰਾਲ ਨੇ ਟਵੀਟ ਕੀਤਾ ਹੈ। ਇਸ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਵੀ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਦੀ ਸਪਲਾਈ ਦੀ ਦਿੱਕਤ ਹੋ ਰਹੀ ਹੈ। ਇਸ ਬਾਬਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਚਿੱਠੀ ਲਿੱਖ ਕੇ ਆਕਸੀਜਨ ਦੀ ਮੰਗ ਕੀਤੀ ਹੈ।
ਸੂਬਿਆਂ ਵਿੱਚ ਲੜਾਈ ਦਾ ਕਾਰਨ ਬਣ ਰਹੀ ਆਕਸੀਜਨ
ਕੋਰੋਨਾ ਦੇ ਮਰੀਜ਼ਾਂ ਲਈ ਆਕਸੀਜਨ ਦੀ ਸਪਲਾਈ ਤੇ ਘਾਟ ਨੇ ਨਵੀਆਂ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ। ਸੂਬਿਆਂ ਵਿਚਾਲੇ ਆਕਸੀਜਨ ਦੇ ਕੋਟੇ ਨੂੰ ਲੈ ਕੇ ਲੜਾਈ ਹੋ ਰਹੀ ਹੈ। ਇਲਜ਼ਾਮ ਲਗਾਉਣ ਦੀ ਪਹਿਲ ਕਰਦਿਆਂ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਤਾਂ ਦਿੱਲੀ ਦੀ ਸਰਕਾਰ ‘ਤੇ ਆਕਸੀਜਨ ਦੀ ਲੁੱਟ ਦੇ ਇਲਜ਼ਾਮ ਤੱਕ ਲਾ ਦਿੱਤੇ ਹਨ। ਪੂਰਾ ਬਿਆਨ ਵੀ ਚਿੰਤਾਜਨਕ ਹੈ। ਉਨ੍ਹਾਂ ਕਿਹਾ ਹੈ ਕਿ ਹਰਿਆਣਾ ਵਿੱਚ ਸਾਡੇ ਕੋਲ ਆਕਸੀਜਨ ਦੀ ਲੋੜੀਂਦੀ ਮਾਤਰਾ ਹਾਲੇ ਮੌਜੂਦ ਹੈ। ਹਰਿਆਣਾ ‘ਚ 270 ਮੀਟ੍ਰਿਕ ਟਨ ਆਕਸੀਜਨ ਬਣਦੀ ਹੈ। ਕੁਝ ਆਕਸਜੀਨ ਸਾਨੂੰ ਹਿਮਾਚਲ ਤੋਂ ਆ ਰਹੀ ਸੀ, ਜੋ ਬੱਦੀ ਤੋਂ ਆਉਂਦੀ ਹੈ। ਹਿਮਾਚਲ ਸਰਕਾਰ ਨੇ ਹੁਣ ਉਸ ਦੀ ਸਪਲਾਈ ਨੂੰ ਬੰਦ ਕਰ ਦਿੱਤਾ ਹੈ। ਰਾਜਸਥਾਨ ‘ਚ ਬਿਵਾੜੀ ਤੋਂ ਆ ਰਹੀ ਆਕਸੀਜਨ ਦੀ ਸਪਲਾਈ ਨੂੰ ਵੀ ਬੰਦ ਕਰ ਦਿੱਤਾ ਹੈ। ਹੁਣ ਅਸੀਂ ਹਰਿਆਣਾ ਦੇ ਅਧਿਕਾਰੀਆਂ ਨੂੰ ਆਕਸੀਜਨ ਪਲਾਂਟਸ ‘ਤੇ ਬਿਠਾ ਦਿੱਤਾ ਹੈ। ਪਹਿਲਾਂ ਅਸੀਂ ਹਰਿਆਣਾ ਦੀ ਸਪਲਾਈ ਪੂਰੀ ਕਰਾਂਗੇ। ਸਾਡੇ ‘ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਅਸੀਂ ਦਿੱਲੀ ਨੂੰ ਆਕਸੀਜਨ ਦਈਏ। ਸਾਡੇ ਕੋਲ ਬਚੇਗੀ ਤਾਂ ਜ਼ਰੂਰ ਦੇਵਾਂਗੇ। ਪਹਿਲਾਂ ਅਸੀਂ ਆਪਣੇ ਲੋਕਾਂ ਲਈ ਰੱਖਾਂਗੇ। ਮੰਤਰੀ ਨੇ ਸਿੱਧਾ ਇਸ਼ਾਰਾ ਕੀਤਾ ਹੈ ਪਹਿਲਾਂ ਆਪਣਾ ਘਰ ਦੇਖਾਂਗੇ, ਬਾਕੀ ਦੀਆਂ ਗੱਲਾਂ ਬਾਅਦ ਵਿੱਚ। ਹਾਲਾਂਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨਾਲ ਆਪਣੇ ਇੱਕ ਸੰਬੋਧਨ ਵਿੱਚ ਕਿਹਾ ਸੀ ਕਿ ਕੇਂਦਰ ਸਰਕਾਰ ਆਕਸੀਜਨ ਦੀ ਸਪਲਾਈ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਆਕਸੀਜਨ ਕਿੰਨੀ ਅਹਿਮ ਚੀਜ ਹੈ, ਇਹ ਤਕਰੀਬਨ ਸਾਰੇ ਹੀ ਸੂਬਿਆਂ ਦੀ ਅਕਲ ਵਿੱਚ ਆ ਗਿਆ ਹੈ, ਪਰ ਨਿੱਜੀ ਸੋਚ ਦੀ ਜੋ ਬਿਆਨਬਾਜੀ ਹੋ ਰਹੀ ਹੈ, ਇਲਜ਼ਾਮ ਲੱਗ ਰਹੇ ਹਨ। ਉਹ ਗੰਭੀਰ ਕਰਨ ਵਾਲੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਇਸ ਘਾਟ ਕਾਰਨ ਸਾਡੀ ਸੋਚ ਵੀ ਨਿੱਜ ਤੱਕ ਸੋਚਣ ਲਈ ਰੁਕ ਗਈ ਹੈ। ਲੜਾਈ ਜੋ ਮਿਲ ਕੇ ਲੜੀ ਜਾ ਸਕਦੀ ਹੈ, ਉਸ ਨੂੰ ਅਸੀਂ ਆਪੋ ਆਪਣੇ ਸਟਾਕ ਚੈਕ ਕਰਕੇ ਨਹੀਂ ਲੜ ਸਕਦੇ। ਹਾਲਾਤ ਵਿਗੜ ਵੀ ਸਕਦੇ ਹਨ ਤੇ ਸੰਭਲ ਵੀ ਸਕਦੇ ਹਨ। ਇਨ੍ਹਾਂ ਹਾਲਾਤਾਂ ਵਿੱਚ ਮਿਲ ਕੇ ਚੱਲਣਾ ਹੀ ਸਾਰੇ ਸੂਬਿਆਂ ਦੀਆਂ ਸਾਰੀਆਂ ਜਿੰਦਗੀਆਂ ਲਈ ਲਾਹੇਬੰਦ ਹੋ ਸਕਦਾ ਹੈ। ਦੂਜਾ ਕੋਈ ਰਸਤਾ ਨਹੀਂ ਹੈ।
ਉਧਰ, ਸੁਪਰੀਮ ਕੋਰਟ ਨੇ ਵੀ ਦੇਸ਼ ਭਰ ਵਿਚ ਕਰੋਨਾ ਦੇ ਮਾਮਲੇ ਵਧਣ ਤੇ ਮਰੀਜ਼ਾਂ ਨੂੰ ਆਕਸੀਜਨ ਤੇ ਦਵਾਈਆਂ ਦੀ ਸਪਲਾਈ ਨਾ ਮਿਲਣ ’ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਸਰਵਉਚ ਅਦਾਲਤ ਨੇ ਜ਼ੋਰ ਦਿੱਤਾ ਕਿ ਆਕਸੀਜਨ ਸਪਲਾਈ, ਜ਼ਰੂਰੀ ਦਵਾਈਆਂ, ਟੀਕਿਆਂ ਦੀ ਸਪਲਾਈ ਲਈ ਦੇਸ਼ ਭਰ ਵਿਚ ਕੌਮੀ ਪਾਲਸੀ ਬਣਨੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਕਰੋਨਾ ਸਮੱਸਿਆ ਕਾਰਨ ਛੇ ਹਾਈ ਕੋਰਟਾਂ ਵਿਚ ਮਾਮਲੇ ਵਿਚਾਰ ਅਧੀਨ ਹਨ, ਇਸ ਨਾਲ ਆਮ ਲੋਕ ਦੁਚਿਤੀ ਵਿਚ ਹਨ। ਅਦਾਲਤ ਨੇ ਇਸ ਮਾਮਲੇ ਲਈ ਸੀਨੀਅਰ ਵਕੀਲ ਹਰੀਸ਼ ਸਾਲਵੇ ਦੀਆਂ ਸੇਵਾਵਾਂ ਲਈਆਂ ਹਨ ਜੋ ਦੇਸ਼ ਭਰ ਵਿਚ ਕੋਵਿਡ ਪ੍ਰਬੰਧਨ ਬਾਰੇ ਅਦਾਲਤ ਨੂੰ ਜਾਣਕਾਰੀ ਮੁਹੱਈਆ ਕਰਵਾਉਣਗੇ। ਦੇਸ਼ ਭਰ ਵਿਚ ਆਕਸੀਜਨ ਸਪਲਾਈ ਲਈ ਹੋ ਰਹੀ ਮਾਰਾਮਾਰੀ ਦਾ ਆਪੇ ਨੋਟਿਸ ਲੈਂਦਿਆਂ ਸਰਵਉਚ ਅਦਾਲਤ ਵਲੋਂ ਇਸ ਕੇਸ ਨੂੰ ਭਲਕੇ ਵਿਚਾਰਿਆ ਜਾਵੇਗਾ।
ਸੌਖਾ ਨਹੀਂ ਹੈ ਮਸ਼ੀਨਾਂ ਰਾਹੀਂ ਆਕਸੀਜਨ ਬਣਾਉਣ ਦਾ ਢੰਗ
ਮੈਡੀਕਲ ਆਕਸੀਜਨ ਗੈਸ ਆਮ ਗੈਸ ਨਾਲੋਂ ਵੱਖਰੀ ਹੁੰਦੀ ਹੈ। ਮਾਹਿਰਾਂ ਦੇ ਅਨੁਸਾਰ ਹਵਾ ਵਿੱਚ ਮੌਜੂਦ ਆਕਸੀਜਨ ਨੂੰ ਫਿਲਟਰ ਦੀ ਇੱਕ ਪ੍ਰਕਿਰਿਆ ਰਾਹੀਂ ਮੈਡੀਕਲ ਆਕਸੀਜਨ ਲਈ ਤਿਆਰ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਕ੍ਰਾਇਓਜੈਨਿਕ ਡਿਸਟੀਲੇਸ਼ਨ ਪ੍ਰੋਸੈੱਸ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਕਈ ਪੜਾਵਾਂ ਵਿੱਚੋਂ ਲੰਘ ਕੇ ਹਵਾ ਨੂੰ ਕੰਪ੍ਰੈਸ਼ਨ ਰਾਹੀਂ ਮਾਲੀਕਿਊਲਰ ਡਾਈਆਕਸਾਇਡ ਨਾਲ ਟਰੀਟ ਕੀਤਾ ਜਾਂਦਾ ਹੈ। ਇਸ ਨਾਲ ਹਵਾ ਵਿਚ ਮੌਜੂਦ ਪਾਣੀ ਦੇ ਕਣ, ਕਾਰਬਨ ਐਡਾਜਰਬਰ ਤੇ ਹਾਈਡ੍ਰੋਕਾਰਬਨ ਨੂੰ ਵੱਖ ਕਰਦੇ ਹਨ। ਇਸ ਤੋਂ ਬਾਅਦ ਕੰਪ੍ਰੈਸਡ ਹਵਾ ਡਿਸਟੀਲੇਸ਼ਨ ਕਾਲਮ ਵਿਚ ਆਉਂਦੀ ਹੈ। ਫਿਰ ਇਸਨੂੰ ਪਲੇਟ ਫਿਨ ਹੀਟ ਐਕਸਚੇਂਜਰ ਐਂਡ ਐਕਪੈਂਸ਼ਨ ਟਰਬਾਈਨ ਨਾਂ ਦੀ ਪ੍ਰਕਿਰਿਆ ਨਾਲ ਢੰਡਾ ਕੀਤਾ ਜਾਂਦਾ ਹੈ। ਇਸ ਤੋਂ ਬਾਅਦ 185 ਡਿਗਰੀ ਸੈਂਟੀਗ੍ਰੇਡ ਤੇ ਇਸ ਨੂੰ ਗਰਮ ਕਰਕੇ ਡਿਸਟਿਲਡ ਕੀਤਾ ਜਾਂਦਾ ਹੈ। ਇਹ ਇਕ ਅਜਿਹੀ ਪ੍ਰਕਿਰਿਆ ਹੈ ਕਿ ਪਹਿਲਾਂ ਪਾਣੀ ਉਬਾਲਿਆ ਜਾਂਦਾ ਹੈ ਤੇ ਉਸ ਦੀ ਭਾਫ ਨੂੰ ਕੰਡੈਂਸ ਕਰਕੇ ਇਕੱਠਾ ਕਰ ਲਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਹੋਰ ਪੜਾਵਾਂ ਵਿੱਚ ਲੰਘਾਇਆ ਜਾਂਦਾ ਹੈ, ਜਿਸ ਨਾਲ ਖਤਰਨਾਕ ਨਾਈਟ੍ਰੋਜਨ, ਆਕਸੀਜਨ ਤੇ ਆਰਗਨ ਗੈਸਾਂ ਖਤਮ ਹੋ ਜਾਂਦੀਆਂ ਹਨ। ਫਿਰ ਇਸ ਤੋਂ ਬਾਅਦ ਤਰਲ ਅਤੇ ਗੈਸ ਆਕਸੀਜਨ ਮਿਲਦੀ ਹੈ। ਇਸ ਨੂੰ ਸਿਲੰਡਰ ਵਿੱਚ ਭਰ ਕੇ ਮਾਰਕੀਟ ਵਿੱਚ ਵੇਚਣ ਲਈ ਉਤਾਰਿਆ ਜਾਂਦਾ ਹੈ।
ਕੁਦਰਤ ਬਚੀ ਰਹੇਗੀ ਤਾਂ ਮਸ਼ੀਨਾਂ ਬਣਾ ਸਕਣਗੀਆਂ ਆਕਸੀਜਨ
ਹਰੇਕ ਇਨਸਾਨ ਬਿਨਾਂ ਡਾਕਟਰ ਦੀ ਹਦਾਇਤ ਤੇ ਆਕਸੀਜਨ ਨਹੀਂ ਖਰੀਦ ਸਕਦਾ ਹੈ। ਇਹ ਪਲਾਂਟ ਕੇਂਦਰ ਸਰਕਾਰ ਵੱਲੋਂ ਹੀ ਲਗਾਉਣ ਦੀ ਮਨਜ਼ੂਰੀ ਮਿਲਦੀ ਹੈ। ਭਾਰਤ ਵਿੱਚ ਜੇਕਰ ਇਹੋ ਜਿਹੇ ਪਲਾਂਟ ਲਗਾਉਣੇ ਹੋਣ ਤਾਂ ਘੱਟ ਤੋਂ ਘੱਟ 5 ਤੋਂ 10 ਕਰੋੜ ਦਾ ਖਰਚਾ ਆਉਂਦਾ ਹੈ। ਪਲਾਂਟ ਦੇ ਸਾਇਜ ਨਾਲ ਇਹ ਖਰਚਾ ਵਧ ਘਟ ਵੀ ਹੋ ਸਕਦਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਇਹ ਪਲਾਂਟ ਵੀ ਤਾਂ ਹੀ ਕੰਮ ਕਰਦੇ ਹਨ, ਜੇਕਰ ਅਸੀਂ ਕੁਦਰਤ ਤੋਂ ਕੱਚੇ ਮਾਲ ਦੇ ਰੂਪ ਵਿਚ ਆਕਸੀਜਨ ਬਣਾਉਣ ਲਈ ਹਵਾ ਲਵਾਂਗੇ। ਹਾਲਾਤ ਇਹ ਹਨ ਕਿ ਅਸੀਂ ਇਹ ਆਕਸੀਜਨ ਸਿੱਧੇ ਰੂਪ ਵਿਚ ਕੁਦਰਤ ਤੋਂ ਹਾਸਿਲ ਕਰਨ ਦੇ ਸਮੇਂ ਨੂੰ ਅਣਜਾਣ ਪੁਣੇ ਵਿੱਚ ਗਵਾ ਲੈਂਦੇ ਹਾਂ। ਧੜਾਧੜ ਇੰਡਸਟਰੀ ਲੱਗ ਰਹੀ ਹੈ। ਘੁੰਮਣ ਫਿਰਨ ਦੀਆਂ ਥਾਵਾਂ ਘਟ ਗਈਆਂ ਹਨ। ਸਾਫ ਹਵਾ ਵਿਚ ਸਾਹ ਲੈਣਾ ਸਾਡਾ ਰੁਟੀਨ ਨਹੀਂ ਰਿਹਾ ਹੈ। ਅਜਿਹੇ ਹਾਲਾਤਾਂ ਵਿਚ ਅਸੀਂ ਬਿਮਾਰੀ ਦੀ ਹਾਲਤ ਵਿਚ ਮਸ਼ੀਨਾਂ ਰਾਹੀਂ ਆਕਸੀਜਨ ਲੈਣ ਲਈ ਮਜ਼ਬੂਰ ਹੋ ਗਏ ਹਾਂ।