Punjab

ਕੈਪਟਨ ਸਾਬ੍ਹ ! ਪੜ੍ਹਾਈ ਤਾਂ ਮੁਫ਼ਤ ਕਰ ਦਿੱਤੀ,ਸਕੂਲਾਂ ਦੇ ਹਾਲਾਤ ਵੀ ਸੁਧਾਰੋਗੇ !

ਚੰਡੀਗੜ੍ਹ-(ਪੁਨੀਤ ਕੌਰ) ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਵਿੱਤੀ ਵਰ੍ਹੇ 2020-21 ਲਈ ਬਜਟ ਪੇਸ਼ ਕੀਤਾ ਗਿਆ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਬਜਟ ਵਿੱਚ ਐਲਾਨ ਕੀਤਾ ਹੈ ਕਿ 12 ਵੀਂ ਜਮਾਤ ਤੱਕ ਵਿਦਿਆਰਥੀਆਂ ਲਈ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਮੁਫ਼ਤ ਹੋਵੇਗੀ,ਮਤਲਬ ਹੁਣ ਸਰਕਾਰੀ ਸਕੂਲ ਦੇ ਵਿਦਿਆਰਥੀ ਮੁਫ਼ਤ ਸਿੱਖਿਆ ਲੈ ਸਕਦੇ ਹਨ। ਪਹਿਲਾਂ ਸਿੱਖਿਆ ਸਿਰਫ਼ ਲੜਕੀਆਂ ਲਈ ਹੀ ਮੁਫ਼ਤ ਸੀ,ਪਰ ਹੁਣ ਹਰ ਵਿਦਿਆਰਥੀ ਨੂੰ ਇਹ ਸਹੂਲਤ ਮਿਲੇਗੀ।

ਬਜਟ ਵਿੱਚ ਸ.ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਜਟ ਵਿੱਚ ਸਭ ਤੋਂ ਵੱਧ ਖ਼ਰਚ ਸਿੱਖਿਆ ਖੇਤਰ ਨੂੰ ਦਿੱਤਾ ਗਿਆ ਹੈ। ਸਿੱਖਿਆ ਲਈ 13,92 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਜੋ 2016-17 ਦੇ ਮੁਕਾਬਲੇ 23% ਵਧੇਰੇ ਹੈ। ਸਕੂਲਾਂ ‘ਚ ਅਸੁਰੱਖਿਅਤ ਇਮਾਰਤਾਂ ਹਟਾਉਣ ਲਈ 4150 ਕਲਾਸ ਰੂਮ ਬਣਾਉਣ ਲਈ 100 ਕਰੋੜ ਰੁਪਏ ਅਲਾਟ ਕੀਤੇ ਗਏ। ਸੂਬੇ ਦੇ 4325 ਸਕੂਲਾਂ ਦੀ ਦੇਖਭਾਲ ਲਈ 75 ਕਰੋੜ ਰੁਪਏ ਰੱਖੇ ਗਏ ਹਨ। ਪੰਜਾਬ ਸਰਕਾਰ ਬੱਚਿਆਂ ਨੂੰ ਪ੍ਰਾਇਮਰੀ ਸਕੂਲਾਂ ਵਿੱਚ ਲਿਜਾਣ ਲਈ ਮੁਫਤ ਆਵਾਜਾਈ ਦਾ ਪ੍ਰਬੰਧ ਕਰੇਗੀ। ਇਸ ਦੇ ਲਈ ਬਜਟ ‘ਚ 10 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। 259 ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ‘ਚ 10 ਕਿਲੋਵਾਟ ਸੋਲਰ ਪਲਾਂਟ ਸਥਾਪਤ ਕੀਤੇ ਜਾਣਗੇ। ਸਰਕਾਰੀ ਸਕੂਲਾਂ ਵਿੱਚ ਸੈਨੇਟਰੀ ਪੈਡ ਮੁਫ਼ਤ ਦਿੱਤੇ ਜਾਣਗੇ।

ਸਰਕਾਰ ਨੇ ਕਈ ਨਵੇਂ ਕਾਲਜ ਸਥਾਪਤ ਕਰਨ ਦਾ ਐਲਾਨ ਵੀ ਕੀਤਾ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸੁਧਾਰ ਲਈ ਫੰਡ ਵੀ ਅਲਾਟ ਕੀਤੇ ਹਨ। ਬਜਟ ਪੇਸ਼ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਸਰਕਾਰੀ ਮੁਲਾਜ਼ਮਾਂ ਦੀ ਸੇਵਾ–ਮੁਕਤੀ ਦੀ ਉਮਰ ਹੁਣ 60 ਸਾਲ ਤੋਂ ਘਟਾ ਕੇ 58 ਸਾਲ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਮੁਲਾਜ਼ਮਾਂ ਨੂੰ 6 ਫ਼ੀਸਦੀ ਮਹਿੰਗਾਈ ਭੱਤੇ (DA) ਦੀ ਕਿਸ਼ਤ ਮਾਰਚ 2020 ਤੋਂ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਸਰਕਾਰ ਨੇ ਨਵੇਂ ਬਜਟ ਵਿੱਚ 11 ਕਰੋੜ ਰੁਪਏ ਦੀ ਲਾਗਤ ਨਾਲ ਹੁਸ਼ਿਆਰਪੁਰ ’ਚ ਇੱਕ ਆਰਮੀ ਫ਼ੋਰਸ ਪ੍ਰੈਪਰੇਟਰੀ ਇੰਸਟੀਚਿਊਟ ਕਾਇਮ ਕਰਨ ਦਾ ਪ੍ਰਸਤਾਵ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕੁੱਲ ਕਰਜ਼ਾ 248236 ਕਰੋੜ ਹੈ।