Punjab

ਕੈਪਟਨ ਸਰਕਾਰ ਕਿਸਾਨਾਂ ‘ਤੇ ਹੋਈ ਮਿਹਰਬਾਨ

‘ਦ ਖ਼ਾਲਸ ਬਿਊਰੋ:- ਪੰਜਾਬ ‘ਚ ਝੋਨੇ ਦੇ ਸੀਜ਼ਨ ਲਈ 10 ਜੂਨ ਤੋਂ ਪਾਵਰਕੌਮ ਨੇ ਦਿਨ-ਰਾਤ ਦੇ ਤਿੰਨ ਗਰੁੱਪਾਂ ਵਿੱਚ ਰੋਜ਼ਾਨਾ ਅੱਠ ਘੰਟੇ ਨਿਰਵਿਘਨ ਖੇਤੀ ਸਪਲਾਈ ਦੇਣ ਲਈ ਤਿਆਰੀ ਮੁਕੰਮਲ ਕਰ ਲਈ ਹੈ। ਬਿਜਲੀ ਪ੍ਰਬੰਧਾਂ ਨੂੰ ਲੈ ਕੇ ਅੱਜ ਮੁੱਖ ਦਫ਼ਤਰ ਵਿੱਚ ਹੋਈ ਅਹਿਮ ਬੈਠਕ ਦੌਰਾਨ ਪ੍ਰਾਈਵੇਟ ਖੇਤਰ ਦੇ ਰਾਜਪੁਰਾ ਥਰਮਲ ਪਲਾਂਟ ਨੂੰ ਪੂਰੀ ਸਮਰੱਥਾ ’ਤੇ ਚਲਾਉਣ ਦੀ ਹਰੀ ਝੰਡੀ ਦਿੱਤੀ ਗਈ ਹੈ।

ਝੋਨੇ ਦੇ ਸੀਜ਼ਨ ਲਈ ਪੰਜਾਬ ਅੰਦਰ ਐਤਕੀਂ 14 ਲੱਖ ਖੇਤੀ ਟਿਊਬਵੈੱਲ ਚੱਲਣਗੇ। ਇਸ ਸੀਜ਼ਨ ਦੌਰਾਨ ਸੂਬੇ ਅੰਦਰ 27 ਲੱਖ ਹੈਕਟੇਅਰ ਦੇ ਕਰੀਬ ਝੋਨਾ ਲੱਗਣ ਦੀ ਉਮੀਦ ਹੈ, ਤੇ ਵਧੇਰੇ ਕਰਕੇ ਇਹ ਝੋਨਾ ਖੇਤੀ ਟਿਊਬਵੈਲਾਂ ’ਤੇ ਹੀ ਆਧਾਰਿਤ ਹੋਵੇਗਾ। ਪਾਵਰਕੌਮ ਨੇ ਰੁਟੀਨ ’ਚ ਚਾਰ ਘੰਟੇ ਦਿੱਤੀ ਜਾ ਰਹੀ ਖੇਤੀ ਸਪਲਾਈ ਨੂੰ ਵਧਾ ਕੇ ਅੱਠ ਘੰਟੇ ਕਰ ਦਿੱਤਾ ਹੈ ਤੇ ਅੱਧੀ ਰਾਤ ਮਗਰੋਂ ਖੇਤੀ ਸਪਲਾਈ ਦਾ ਸ਼ਡਿਊਲ ਲਾਗੂ ਹੋ ਜਾਵੇਗਾ।

 

ਕਿਸਾਨਾਂ ਨੂੰ ਮਿਲੇਗੀ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਝੋਨੇ ਦੀ ਲੁਆਈ ਲਈ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ ਨਾਲ ਹੀ ਨਹਿਰੀ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਕੈਪਟਨ ਨੇ ਝੋਨੇ ਦੀ ਸਿੱਧੀ ਬਿਜਾਈ ’ਤੇ ਵੀ ਤਸੱਲੀ ਪ੍ਰਗਟਾਈ ਹੈ।

ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਲੁਆਈ ਮੌਕੇ ਕੋਵਿਡ ਸੁਰੱਖਿਆ ਨਿਯਮਾਂ ਦੀ ਵੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਕੈਪਟਨ ਨੇ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਮਾਸਕ ਪਹਿਨਣ ਅਤੇ ਅਧਿਕਾਰੀਆਂ ਵੱਲੋਂ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰਨ।