Punjab

ਕੀ CM ਕੈਪਟਨ ਨੇ ਮੋਦੀ ਵੱਲੋਂ ਆਇਆ ਰਾਸ਼ਨ ਵੰਡਿਆ ਨਹੀ ਜਾਂ ਰਾਸ਼ਨ ਆਇਆ ਹੀ ਨਹੀਂ ?

‘ਦ ਖ਼ਾਲਸ ਬਿਊਰੋ :- ਭਾਰਤੀ ਜਨਤਾ ਪਾਰਟੀ ਵੱਲੋਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਕੱਲ੍ਹ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਇੱਕ ਦਿਨ ਦਾ ਵਰਤ ਰੱਖਿਆ ਗਿਆ। ਇਸ ਵਰਤ ਰਾਹੀਂ ਮੰਗ ਕੀਤੀ ਗਈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਕਣਕ ਅਤੇ ਚੌਲਾਂ ਦੀ ਗਰੀਬਾਂ ਅਤੇ ਲੋੜਵੰਦਾਂ ਵਿੱਚ ਜਲਦੀ ਵੰਡ ਸ਼ੁਰੂ ਕਰਵਾਈ ਜਾਵੇ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸੁੱਤੀ ਸਰਕਾਰ ਨੂੰ ਜਗਾਇਆ ਜਾਵੇ। ਇਸ ਮੌਕੇ ਵਰਤ ’ਤੇ ਬੈਠਣ ਵਾਲਿਆਂ ਵਿੱਚ ਅਨਿਲ ਰਾਮਪਾਲ, ਪ੍ਰਦੀਪ ਰੈਣਾ, ਵਿਨੋਦ ਧੀਮਾਨ, ਅਸ਼ਵਨੀ ਮਹਾਜਨ (ਗੋਪੀ) ਵੀ ਸ਼ਾਮਲ ਸਨ। ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਨੂੰ ਪੰਜਾਬ ਦੀ ਕੈਪਟਨ ਸਰਕਾਰ ਨੇ ਅਜੇ ਤੱਕ ਸ਼ੁਰੂ ਨਹੀਂ ਕਰਵਾਇਆ।

ਕੋਰੋਨਾ ਮਹਾਂਮਾਰੀ ਦੌਰਾਨ ਘਰਾਂ ਵਿੱਚ ਬੰਦ ਲੋਕਾਂ ਲਈ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਪੰਜਾਬ ਦੇ 1.42 ਕਰੋੜ ਲੋਕਾਂ ਨੂੰ ਰਾਸ਼ਨ ਅਤੇ ਦਾਲਾਂ ਪਹੁੰਚਾਉਣ ਲਈ ਕੈਪਟਨ ਸਰਕਾਰ ਸਰਕਾਰੀ ਡਿੱਪੂਆਂ ਰਾਹੀਂ ਨਿਰਪੱਖ ਤਰੀਕੇ ਨਾਲ ਵੰਡਣ ਦੀ ਸ਼ੁਰੂਆਤ ਕਰੇ। ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਤੋਂ ਇਲਾਵਾ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ, ਰਾਜਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਮੰਤਰੀ ਅਨਿਲ ਜੋਸ਼ੀ, ਜਲੰਧਰ ਤੋਂ ਮਨੋਰੰਜਨ ਕਾਲੀਆ, ਫਗਵਾੜਾ ਤੋਂ ਕੈਬਨਿਟ ਮੰਤਰੀ ਸੋਮ ਪ੍ਰਕਾਸ਼, ਹੁਸ਼ਿਆਰਪੁਰ ਤੋਂ ਤੀਕਸ਼ਨ ਸੂਦ, ਵਿਜੇ ਸਾਂਪਲਾ, ਭਾਜਪਾ ਦੇ ਸੂਬਾ ਸੰਗਠਨ ਮੰਤਰੀ ਦਿਨੇਸ਼ ਕੁਮਾਰ, ਚੰਡੀਗੜ੍ਹ ਤੋਂ ਸੁਭਾਸ਼ ਸ਼ਰਮਾ, ਮਲਵਿੰਦਰ ਕੰਗ, ਲੁਧਿਆਣਾ ਤੋਂ ਜੀਵਨ ਗੁਪਤਾ, ਪਰਵੀਨ ਬਾਂਸਲ, ਫਾਜ਼ਿਲਕਾ ਤੋਂ ਸੁਰਜੀਤ ਜਿਆਣੀ, ਆਨੰਦਪੁਰ ਸਾਹਿਬ ਤੋਂ ਮਦਨ ਮੋਹਨ ਮਿੱਤਲ ਅਤੇ ਹੋਰ ਆਗੂਆਂ ਨੇ ਵੀ ਵਰਤ ਰੱਖ ਕੇ ਕੈਪਟਨ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਹੈ।

ਕਾਂਗਰਸ ’ਤੇ ਰਾਸ਼ਟਰੀ ਝੰਡੇ ਦੀ ਦੁਰਵਰਤੋਂ ਦੇ ਦੋਸ਼:
ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ’ਤੇ ਸਿਆਸੀ ਮੰਤਵਾਂ ਲਈ ਰਾਸ਼ਟਰੀ ਝੰਡੇ ਦੀ ਵਰਤੋਂ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਉਸਾਰੀ ਕਾਮੇ ਭਲਾਈ ਬੋਰਡ ਫੰਡ ਵਿਚ ਇਕੱਠੇ ਹੋਏ 2000 ਕਰੋੜ ਰੁਪਏ ਵਿਚੋਂ ਸਾਰੇ ਕਾਮਿਆਂ ਨੂੰ 11 ਹਜ਼ਾਰ ਰੁਪਏ ਪ੍ਰਤੀ ਮਹੀਨਾ ਮੁਆਵਜ਼ਾ ਦੇਵੇ ਅਤੇ ਨਾਲ ਹੀ ਸੂਬੇ ਨੂੰ ਮਿਲੀ ਕੇਂਦਰੀ ਰਾਹਤ ਵਿਚ ਕੀਤੀ ਗਈ ਹੇਰਾਫੇਰੀ ਦੀ ਜਾਂਚ ਕਰਵਾਏ। ਅਕਾਲੀ ਦਲ ਦੇ ਵਿਧਾਨਕਾਰ ਗਰੁੱਪ ਨੇ ਮੀਟਿੰਗ ਦੌਰਾਨ ਕਿਹਾ ਕਿ ਕਾਂਗਰਸੀ ਵਰਕਰਾਂ ਵੱਲੋਂ ਨਕਲੀ ਪ੍ਰਦਰਸ਼ਨ ਕਰਨ ਵੇਲੇ ਰਾਸ਼ਟਰੀ ਝੰਡੇ ਦਾ ਨਿਰਾਦਰ ਕੀਤਾ ਗਿਆ ਜਦਕਿ ਰਾਸ਼ਟਰੀ ਝੰਡੇ ਦਾ ਇਸਤੇਮਾਲ ਰੋਸ ਪ੍ਰਗਟਾਉਣ ਵਾਲੇ ਕਾਲੇ ਝੰਡੇ ਵਾਂਗ ਨਹੀਂ ਕੀਤਾ ਜਾ ਸਕਦਾ। ਇਹ ਸੰਵਿਧਾਨ ਅਤੇ ਰਾਸ਼ਟਰੀ ਸਨਮਾਨ ਦੇ ਅਪਮਾਨ ਰੋਕੂ ਐਕਟ 1971 ਦੀ ਉਲੰਘਣਾ ਹੈ। ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਸਾਰੀ ਕਾਮੇ ਭਲਾਈ ਬੋਰਡ ਕੋਲ ਇਕੱਠੇ ਹੋਏ ਪੈਸਿਆਂ ਨਾਲ ਕਾਮਿਆਂ ਨੂੰ ਰਾਹਤ ਦਿੱਤੀ ਜਾਵੇ ਜੋ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ।